ਲੁਧਿਆਣਾ ਬੰਬ ਧਮਾਕਾ : ਮੁਲਜ਼ਮ ਦੇ ਵਿਦੇਸ਼ੀ ਏਜੰਸੀਆਂ, ਡਰੱਗ ਮਾਫ਼ੀਆ ਤੇ ਖ਼ਾਲਿਸਤਾਨੀਆਂ ਨਾਲ ਸਬੰਧ ਸਨ :

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਬੰਬ ਧਮਾਕਾ : ਮੁਲਜ਼ਮ ਦੇ ਵਿਦੇਸ਼ੀ ਏਜੰਸੀਆਂ, ਡਰੱਗ ਮਾਫ਼ੀਆ ਤੇ ਖ਼ਾਲਿਸਤਾਨੀਆਂ ਨਾਲ ਸਬੰਧ ਸਨ : ਡੀਜੀਪੀ

image

ਲੁਧਿਆਣਾ, 25 ਦਸੰਬਰ (ਜਗਪਾਲ ਸਿੰਘ ਸੰਧੂ) : ਡੀਜੀਪੀ ਸਿਧਾਰਥ ਚਟੋਪਾਧਿਆਏ ਨੇ ਅੱਜ ਕਿਹਾ ਕਿ ਪੰਜਾਬ ਪੁਲਿਸ ਨੇ ਖ਼ੁਫ਼ੀਆ ਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ 24 ਘੰਟਿਆਂ ਦੇ ਅੰਦਰ ਲੁਧਿਆਣਾ ਬੰਬ ਧਮਾਕੇ ਦੀ ਘਟਨਾ ਦਾ ਪਰਦਾਫ਼ਾਸ਼ ਕਰ ਦਿਤਾ ਹੈ। ਡੀਜੀਪੀ ਨੇ ਕਿਹਾ ਕਿ,‘‘ਇਹ ਇਕ ਵੱਡੀ ਘਟਨਾ ਸੀ। ਸਾਨੂੰ ਇਕ ਫਟਿਆ ਹੋਇਆ ਕਪੜਾ, ਮੋਬਾਈਲ ਦਾ ਸਿਮ ਅਤੇ ਇਕ ਟੈਟੂ ਮਿਲਿਆ। ਮ੍ਰਿਤਕ ਵਿਅਕਤੀ ਕੋਲ ਵਿਸਫ਼ੋਟਕ ਸਮੱਗਰੀ ਸੀ। ਇਹ ਮੁਢਲੇ ਤੌਰ ’ਤੇ ਲਗਾਇਆ ਗਿਆ ਇਕ ਅੰਦਾਜ਼ ਸੀ ਪਰ ਬਾਅਦ ਵਿਚ ਇਹ ਸਹੀ ਸਾਬਤ ਹੋਇਆ।’’
ਪੁਲਿਸ ਮੁਖੀ ਨੇ ਕਿਹਾ,‘‘ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (31) ਵਾਸੀ ਖੰਨਾ ਵਜੋਂ ਕੀਤੀ ਗਈ ਹੈ ਜੋ ਪੰਜਾਬ ਪੁਲਿਸ ਦਾ ਬਰਖ਼ਾਸਤ ਮੁਲਾਜ਼ਮ ਸੀ ਤੇ ਉਸ ਨੇ ਹੀ ਇਹ ਧਮਾਕਾ ਕੀਤਾ ਅਤੇ ਇਸ ਘਟਨਾ ਵਿਚ ਖ਼ੁਦ ਮਰ ਗਿਆ। ਉਸ ਨੂੰ ਅਗੱਸਤ 2019 ਵਿਚ ਲੁਧਿਆਣਾ ’ਚ 385 ਗ੍ਰਾਮ ਹੈਰੋਇਨ ਰੱਖਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਗਿਆ ਸੀ। ਅਮਨਦੀਪ ਤੇ ਵਿਕਾਸ ਉਸ ਦੇ ਸਾਥੀ ਸਨ। ਦੋ ਸਾਲ ਜੇਲ ਵਿਚ ਰਹਿਣ ਮਗਰੋਂ ਉਸ ਦੀ ਜ਼ਮਾਨਤ ਹੋ ਗਈ ਸੀ ਅਤੇ ਉਸ ਨੇ 24 ਦਸੰਬਰ 2021 ਨੂੰ ਮੁੜ ਅਦਾਲਤ ਵਿਚ ਪੇਸ਼ ਹੋਣਾ ਸੀ।’’ ਡੀਜੀਪੀ ਨੇ ਕਿਹਾ ਕਿ ਮੁਢਲੀ ਜਾਂਚ ਤੋਂ ਪਤਾ ਚਲਿਆ ਹੈ ਕਿ ਮੁਲਜ਼ਮ ਗਗਨਦੀਪ ਅਦਾਲਤ ਵਿਚ ਡਰ ਅਤੇ ਦਹਿਸ਼ਤ ਪੈਦਾ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ,‘‘ਸਾਨੂੰ ਸ਼ੱਕ ਹੈ ਕਿ ਜੇਲ ਵਿਚ ਰਹਿੰਦੇ ਹੋਏ ਉਹ ਨਸ਼ਿਆਂ ਤੋਂ ਬੰਬਾਂ ਵਾਲੇ ਪਾਸੇ ਮੁੜ ਗਿਆ। ਅਸੀਂ ਵਧੇਰੇ ਕੁਝ ਨਹੀਂ ਦੱਸ ਸਕਦੇ ਪਰ ਉਸ ਦੇ ਵਿਦੇਸ਼ੀ ਏਜੰਸੀਆਂ, ਨਸ਼ਾ ਤਸਕਰਾਂ, ਡਰੱਗ ਮਾਫ਼ੀਆ ਅਤੇ ਖ਼ਾਲਿਸਤਾਨੀਆਂ ਨਾਲ ਸਬੰਧ ਸਨ।’’
ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਬੇਅਦਬੀ ਦੀ ਘਟਨਾ ਬਾਰੇ ਚਟੋਪਾਧਿਆਏ ਨੇ ਕਿਹਾ,‘‘ਡੀਸੀਪੀ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ।’’ ਉਨ੍ਹਾਂ ਕਿਹਾ,‘‘ਕਪੂਰਥਲਾ ਘਟਨਾ ਇਕ ਨਿੱਜੀ ਗੁਰਦੁਆਰੇ ਵਿਖੇ ਵਾਪਰੀ ਸੀ। ਪੁਲਿਸ ਨੇ ਇਸ ਸਬੰਧੀ ਬੇਅਦਬੀ ਦਾ ਕੇਸ ਦਰਜ ਕੀਤਾ ਸੀ ਪਰ ਬਾਅਦ ਵਿਚ ਸਾਹਮਣੇ ਆਇਆ ਕਿ ਇਹ ਬੇਅਦਬੀ ਦਾ ਨਹੀਂ ਚੋਰੀ ਦਾ ਮਾਮਲਾ ਸੀ। ਮੁਲਜ਼ਮ ਦੀ ਹਤਿਆ ਕਰ ਦਿਤੀ ਗਈ ਜੋ ਕਿ ਬਹੁਤ ਮੰਦਭਾਗੀ ਗੱਲ ਹੈ ਅਤੇ ਇਹ ਵਰਤਾਰਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਇਸ ਵਾਸਤੇ ਅਸੀਂ ਹਤਿਆ ਦੇ ਮੁਲਜ਼ਮ ਗ੍ਰੰਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।’’
ਡੀਜੀਪੀ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਨਿਰਪੱਖ ਢੰਗ ਨਾਲ ਕਰਵਾਉਣ ਦੀ ਤਿਆਰੀ ਆਰੰਭ ਦਿਤੀ ਗਈ ਹੈ। ਉਨ੍ਹਾਂ ਅਪਰਾਧ ਨੂੰ ਨੱਥ ਪਾਉਣ ਲਈ ਲੋਕਾਂ ਤੋਂ ਸਹਿਯੋਗ ਮੰਗਿਆ। ਇਸ ਦੌਰਾਨ ਉਨ੍ਹਾਂ ਮਾਫ਼ੀਆ, ਗੈਂਗਸਟਰਾਂ ਅਤੇ ਅਤਿਵਾਦ ਸਮਰਥਕਾਂ ਨੂੰ ਖ਼ੁਦ ਆਤਮਸਮਰਪਣ ਕਰਨ ਦਾ ਸੱਦਾ ਦਿੰਦਿਆਂ ਅਗਲੇ ਦਿਨਾਂ ਵਿਚ ਸਖ਼ਤ ਕਾਰਵਾਈ ਅਮਲ ਵਿਚ ਲਿਆਉਣ ਦੀ ਚਿਤਾਵਨੀ ਵੀ ਦਿਤੀ।