'ਚੋਣਾਂ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਅੰਦਰੂਨੀ ਕਲੇਸ਼ ਪ੍ਰਵਾਨ ਨਹੀਂ ਹੋਵੇਗਾ'

ਏਜੰਸੀ

ਖ਼ਬਰਾਂ, ਪੰਜਾਬ

'ਚੋਣਾਂ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਅੰਦਰੂਨੀ ਕਲੇਸ਼ ਪ੍ਰਵਾਨ ਨਹੀਂ ਹੋਵੇਗਾ'

image

 

ਨਵੀਂ ਦਿੱਲੀ, 25 ਦਸੰਬਰ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਉੱਤਰਾਖੰਡ ਵਿਚ ਪਾਰਟੀ ਦੇ ਅੰਦਰੂਨੀ ਕਲੇਸ਼ 'ਤੇ ਸਖ਼ਤ ਰੁਖ ਅਪਣਾਉਂਦੇ ਹੋਏ ਸੂਬਾਈ ਕਾਂਗਰਸ ਦੇ ਸਭ ਆਗੂਆਂ ਨੂੰ  ਵਿਧਾਨ ਸਭਾ ਦੀਆਂ ਆਉਂਦੀਆਂ ਚੋਣਾਂ ਪੂਰੀ ਏਕਤਾ ਨਾਲ ਲੜਨ ਅਤੇ ਇਕਮੁੱਠ ਹੋ ਕੇ ਪਾਰਟੀ ਨੂੰ  ਜਿਤਾਉਣ ਦੇ ਸਖ਼ਤ ਨਿਰਦੇਸ਼ ਦਿਤੇ ਹਨ |
ਦਿੱਲੀ ਵਿਚ ਕਾਂਗਰਸ ਪਾਰਟੀ ਦੇ ਸੂਤਰਾਂ ਨੇ ਦਸਿਆ ਕਿ ਉੱਤਰਾਖੰਡ ਵਿਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੇ ਬਿਆਨ ਪਿੱਛੋਂ ਵਿਵਾਦ ਚੱਲ ਰਿਹਾ ਸੀ | ਇਸ ਨੂੰ  ਵੇਖਦਿਆਂ ਉਥੋਂ ਦੇ ਕਾਂਗਰਸੀ ਆਗੂਆਂ ਨੂੰ  ਰਾਹੁਲ ਨੇ ਸ਼ੁਕਰਵਾਰ ਦਿੱਲੀ ਤਲਬ ਕੀਤਾ ਸੀ | ਰਾਹੁਲ ਦੇ ਨਿਵਾਸ 12, ਤੁਗਲਕ ਮਾਰਗ ਵਿਖੇ ਉਨ੍ਹਾਂ ਨੂੰ  ਮਿਲਣ ਆਏ ਉੱਤਰਾਖੰਡ ਦੇ ਸਭ ਕਾਂਗਰਸੀ ਆਗੂਆਂ ਨਾਲ ਉਨ੍ਹਾਂ ਵੱਖ-ਵੱਖ ਗੱਲਬਾਤ ਕੀਤੀ ਅਤੇ ਕਿਹਾ ਕਿ ਉੱਤਰਾਖੰਡ ਵਿਚ ਪਾਰਟੀ ਨੂੰ  ਜਿਤਾਉਣਾ ਹੈ | ਇਸ ਲਈ ਸੱਭ ਨੂੰ  ਇਕਮੁੱਠ ਹੋ ਕੇ ਕੰਮ ਕਰਨਾ ਹੋਵੇਗਾ | ਉਨ੍ਹਾਂ ਉੱਤਰਾਖੰਡ ਦੇ ਕਾਂਗਰਸੀ ਆਗੂਆਂ ਨੂੰ  ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਅੰਦਰੂਨੀ ਕਲੇਸ਼ ਪ੍ਰਵਾਨ ਨਹੀਂ ਹੋਵੇਗਾ | ਸਭ ਆਗੂ ਮਿਲ ਕੇ ਪਾਰਟੀ ਨੂੰ  ਜਿਤਾਉਣ ਲਈ ਚੋਣ ਮੈਦਾਨ ਵਿਚ ਉਤਰਨ |
ਰਾਹੁਲ ਨੇ ਕਿਹਾ ਕਿ ਮੁੱਖ ਮੰਤਰੀ ਕੌਣ ਹੋਵੇਗਾ, ਇਸ ਸਬੰਧੀ ਫ਼ੈਸਲਾ ਬਾਅਦ ਵਿਚ ਕੀਤਾ ਜਾਏਗਾ | ਪਾਰਟੀ ਪਹਿਲਾਂ ਹੀ ਹਰੀਸ਼ ਰਾਵਤ ਨੂੰ  ਪ੍ਰਚਾਰ ਕਮੇਟੀ ਦਾ ਮੁਖੀ ਨਿਯੁਕਤ ਕਰ ਚੁੱਕੀ ਹੈ ਪਰ ਉਨ੍ਹਾਂ ਦੇ ਹਮਾਇਤੀ ਜੋ ਸੂਬੇ ਦੇ ਵੱਡੇ ਆਗੂ ਹਨ, ਮੰਗ ਕਰ ਰਹੇ ਹਨ ਕਿ ਰਾਵਤ ਨੂੰ  ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ | ਇਸ ਦੌਰਾਨ ਸੂਬਾਈ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਉੱਤਰਾਖੰਡ ਕਾਂਗਰਸ ਦੇ ਜਿਨ੍ਹਾਂ ਆਗੂਆਂ ਨੇ ਰਾਹੁਲ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕੀਤੀ, ਵਿਚੋਂ ਪਾਰਟੀ ਦੇ ਸੂਬਾਈ ਜਨਰਲ ਸਕੱਤਰ ਦਵਿੰਦਰ ਯਾਦਵ, ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ, ਸੂਬਾਈ ਪ੍ਰਧਾਨ ਗਣੇਸ਼, ਸਾਬਕਾ ਪ੍ਰਧਾਨ ਕਿਸ਼ੋਰ, ਸੀ. ਐਲ. ਪੀ. ਦੇ ਨੇਤਾ ਪ੍ਰੀਤਮ ਸਿੰਘ, ਯਸ਼ਪਾਲ ਆਰੀਆ ਅਤੇ ਕਈ ਹੋਰ ਪ੍ਰਮੁੱਖ ਨੇਤਾ ਸ਼ਾਮਲ ਸਨ |     (ਏਜੰਸੀ)