ਸਿੱਧੂਪੁਰ ਤੇ ਉਗਰਾਹਾਂ ਨੇ ਕਿਸਾਨਾਂ ਦੇ ਸਿਆਸਤ ’ਚ ਨਿਤਰਣ ਦੇ ਫ਼ੈਸਲੇ ਤੋਂ ਕਿਨਾਰਾ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਜੇ ਸਿਰਫ਼ ਖੇਤੀ ਕਾਨੂੰਨ ਵਾਪਸ ਹੋਏ ਹਨ ਜਦ ਕਿ ਐਮ ਐਸ ਪੀ ਅਤੇ ਕਰਜ਼ਾ ਮੁਕਤੀ ਸਮੇਤ ਬਹੁਤ ਵੱਡੇ ਵੱਡੇ ਮਸਲੇ ਅਜੇ ਸਿਰ ’ਤੇ ਖੜੇ ਹਨ।

Jagjit Singh Dallewal

 

ਬਠਿੰਡਾ (ਸੁਖਜਿੰਦਰ ਮਾਨ): ਪਿਛਲੇ ਲੰਮੇ ਸਮੇਂ ਤੋਂ ਚਲ ਰਹੀਆਂ ਚਰਚਾਵਾਂ ਨੂੰ ਸੱਚ ਕਰਦਿਆਂ ਜਿਥੇ ਅੱਜ ਸੂਬੇ ਦੀਆਂ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਝੰਡੇ ਹੇਠ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਕੁੱਦਣ ਦਾ ਐਲਾਨ ਕਰ ਦਿਤਾ ਹੈ, ਉਥੇ ਕਿਸਾਨਾਂ ’ਚ ਵੱਡਾ ਪ੍ਰਭਾਵ ਰੱਖਣ ਵਾਲੀਆਂ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਇਸ ਫ਼ੈਸਲੇ ਤੋਂ ਅਪਣੇ ਆਪ ਨੂੰ ਵੱਖ ਕਰ ਲਿਆ ਹੈ। 

ਇਥੇ ਦੋਹਾਂ ਜਥੇਬੰਦੀਆਂ ਵਲੋਂ ਜਾਰੀ ਵੱਖ-ਵੱਖ ਬਿਆਨਾਂ ਵਿਚ ਸਪੱਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਇਰਾਦਾ ਨਾ ਸਿਆਸਤ ਵਿਚ ਉਤਰਨ ਦਾ ਹੈ ਤੇ ਨਾ ਹੀ ਕਿਸੇ ਸਿਆਸੀ ਪਾਰਟੀ ਜਾਂ ਮੋਰਚੇ ਦੀ ਹਮਾਇਤ ਦਾ ਹੈ। ਸਿੱਧੂਪੁਰ ਜਥੇਬੰਦੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਚੋਣਾਂ ਵਿਚ ਨਾ ਹੀ ਕੋਈ ਉਮੀਦਵਾਰ ਖੜਾ ਕਰੇਗੀ ਅਤੇ ਨਾ ਹੀ ਕਿਸੇ ਰਾਜਨੀਤਕ ਪਾਰਟੀ ਜਾਂ ਕਿਸੇ ਵਿਅਕਤੀ ਦੀ ਹਮਾਇਤ ਕਰੇਗੀ। ਉਨ੍ਹਾਂ ਕਿਹਾ ਕਿ ਜਥੇਬੰਦੀ ਕਿਸਾਨੀ ਨੂੰ ਬਚਾਉਣ ਲਈ ਹਮੇਸ਼ਾ ਲੜਾਈ ਲੜਦੀ ਰਹੀ ਹੈ ਤੇ ਅੱਗੇ ਵੀ ਲੜਦੀ ਰਹੇਗੀ। 

ਉਨ੍ਹਾਂ ਪੰਜਾਬ ਦੇ ਲੋਕਾਂ ਤੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਜਥੇਬੰਦੀ ਚੋਣਾਂ ਲੜਨ ਦਾ ਫ਼ੈਸਲਾ ਕਰਦੀ ਹੈ ਤਾਂ ਕਦੇ ਵੀ ਉਸ ਨੂੰ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ ਫ਼ੈਸਲਾ ਨਾ ਮੰਨਿਆ ਜਾਵੇ ਅਤੇ ਨਾ ਹੀ ਇਸ ਦਾ ਨਾਮ ਵਰਤਿਆ ਜਾਵੇ। ਸੰਯੁਕਤ ਕਿਸਾਨ ਮੋਰਚਾ ਗ਼ੈਰ ਰਾਜਨੀਤਕ ਸੀ ਅਤੇ ਗ਼ੈਰ ਰਾਜਨੀਤਕ ਹੀ ਰਹੇਗਾ। ਉਨ੍ਹਾਂ ਕਿਹਾ ਲੋਕਤੰਤਰ ਵਿਚ ਹਰ ਕਿਸੇ ਨੂੰ ਅਪਣਾ ਫ਼ੈਸਲਾ ਲੈਣ ਦਾ ਅਧਿਕਾਰ ਹੈ। ਜੇਕਰ ਕੋਈ ਜਥੇਬੰਦੀ ਚੋਣਾਂ ਲੜਨ ਦਾ ਫ਼ੈਸਲਾ ਕਰਦੀ ਹੈ ਤਾਂ ਉਸ ਨੂੰ ਉਸ ਜਥੇਬੰਦੀ ਦਾ ਨਿਜੀ ਫ਼ੈਸਲਾ ਮੰਨਿਆ ਜਾਵੇ।

ਇਸੇ ਤਰ੍ਹਾਂ ਪੰਜਾਬ ਦੀਆਂ ਕੁੱਝ ਕਿਸਾਨ ਜਥੇਬੰਦੀਆਂ ਵਲੋਂ ਚੋਣਾਂ ਲੜਨ ਦੇ ਫ਼ੈਸਲੇ ’ਤੇ ਪ੍ਰਤੀਕਿਰਿਆ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਕਿਹਾ ਹੈ ਕਿ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨੂੰ ਹਾਕਮਾਂ ਦੀ ਵੋਟ ਸਿਆਸਤ ਵਿਚ ਉਲਝਣ ਦੀ ਥਾਂ ਕਿਸਾਨ ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ’ਤੇ ਧਿਆਨ ਕੇਂਦਰਤ ਰਖਣਾ ਚਾਹੀਦਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਖੇਤੀ ਕਾਨੂੰਨਾਂ ਵਿਰੁਧ ਚਲੇ ਕਿਸਾਨ ਸੰਘਰਸ਼ ਨੇ ਵੀ ਇਹ ਸਾਬਤ ਕੀਤਾ ਹੈ ਕਿ ਕਿਸਾਨ ਹੱਕਾਂ ਤੇ ਹਿਤਾਂ ਦੀ ਰਾਖੀ ਪਾਰਲੀਮੈਂਟ ਜਾਂ ਵਿਧਾਨ ਸਭਾਵਾਂ ’ਚ ਬੈਠ ਕੇ ਨਹੀਂ ਹੁੰਦੀ ਸਗੋਂ ਉਸ ਦੇ ਮੁਕਾਬਲੇ ਸੜਕਾਂ ’ਤੇ ਸੰਘਰਸ਼ ਕਰ ਕੇ ਹੋਈ ਹੈ।

ਉਨ੍ਹਾਂ ਕਿਹਾ ਕਿ ਅਜੇ ਸਿਰਫ਼ ਖੇਤੀ ਕਾਨੂੰਨ ਵਾਪਸ ਹੋਏ ਹਨ ਜਦ ਕਿ ਐਮ ਐਸ ਪੀ ਅਤੇ ਕਰਜ਼ਾ ਮੁਕਤੀ ਸਮੇਤ ਬਹੁਤ ਵੱਡੇ ਵੱਡੇ ਮਸਲੇ ਅਜੇ ਸਿਰ ’ਤੇ ਖੜੇ ਹਨ। ਇਨ੍ਹਾਂ ਮਸਲਿਆਂ ਦੇ ਹੱਲ ਲਈ ਕਿਸਾਨਾਂ ਦੀ ਟੇਕ ਹਮੇਸ਼ਾ ਸੰਘਰਸ਼ਾਂ ’ਤੇ ਰਹਿਣੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਦੀ ਪੁਜ਼ੀਸ਼ਨ ਬਹੁਤ ਸਪਸ਼ਟ ਹੈ ਕਿ ਉਹ ਨਾ ਤਾਂ ਚੋਣਾਂ ਵਿਚ ਖ਼ੁਦ ਹਿੱਸਾ ਲਵੇਗੀ ਤੇ ਨਾ ਹੀ ਕਿਸੇ ਪਾਰਟੀ ਦੀ ਹਮਾਇਤ ਕਰੇਗੀ। ਚੋਣਾਂ ਦੇ ਬਾਈਕਾਟ ਦਾ ਵੀ ਕੋਈ ਸੱਦਾ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਿਸਾਨ ਜਥੇਬੰਦੀਆਂ ਦੀ ਏਕਤਾ ਨੂੰ ਬਣਾਈ ਰੱਖਣ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ।