ITI ਬਿਦਰ ਨੂੰ ਵਰਲਡ ਸਕਿੱਲ ਸੈਂਟਰ ਆਫ ਐਕਸੀਲੈਂਸ ਵਜੋਂ ਅਪਗ੍ਰੇਡ ਕੀਤਾ ਜਾਵੇਗਾ: ਸੰਸਦ ਮੈਂਬਰ ਵਿਕਰਮਜੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਕਰਮਜੀਤ ਨੇ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਲਈ ਵਿਸ਼ਵ ਹੁਨਰ ਕੇਂਦਰ ਦਾ ਐਲਾਨ ਵੀ ਕੀਤਾ

ITI Bidar to be upgraded as World Skill Center of Excellence: MP Vikramjit Singh

 

ਬਿਦਰ/ਨਾਂਦੇੜ/ਚੰਡੀਗੜ੍ਹ : ਆਈਟੀਆਈ ਬਿਦਰ ਨੂੰ ਵਿਸ਼ਵ ਪੱਧਰੀ ਸੈਂਟਰ ਆਫ ਐਕਸੀਲੈਂਸ ਵਜੋਂ ਅਪਗ੍ਰੇਡ ਕੀਤਾ ਜਾਵੇਗਾ। ਇਹ ਐਲਾਨ ਅੱਜ ਕਰਨਾਟਕ ਦੇ ਬਿਦਰ ਵਿੱਚ ਜੋਗਾ ਸਿੰਘ ਜੀ ਕਲਿਆਣ ਕਰਨਾਟਕ ਅਵਾਰਡ ਸਮਾਰੋਹ 2022 ਵਿੱਚ  ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਨੇ ਕੀਤਾ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਵਿਕਰਮਜੀਤ ਸਿੰਘ ਨੇ ਕਿਹਾ ਕਿ ਇਸ ਅਸਥਾਨ ਦੀ ਸਿੱਖ ਗੁਰੂਆਂ ਨਾਲ ਜੁੜੀ ਇਤਿਹਾਸਕ ਮਹੱਤਤਾ ਹੈ ਅਤੇ ਸਾਨੂੰ ਪੰਥ ਰਤਨ ਜੋਗਾ ਸਿੰਘ 'ਤੇ ਮਾਣ ਹੈ।  ਹੁਨਰ ਕੇਂਦਰ ਲਈ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਰਾਸ਼ਟਰੀ ਹੁਨਰ ਵਿਕਾਸ ਕੇਂਦਰ ਤੋਂ ਲਈਆਂ ਜਾਣਗੀਆਂ ਅਤੇ ਨੌਜਵਾਨਾਂ ਨੂੰ ਨਵੀਨਤਮ ਉਦਯੋਗਿਕ ਲੋੜਾਂ ਅਨੁਸਾਰ ਸਿਖਲਾਈ ਦਿੱਤੀ ਜਾਵੇਗੀ।  

ਸਾਡੇ ਨੌਜਵਾਨਾਂ ਨੂੰ ਨਵੀਨਤਮ ਉਦਯੋਗਿਕ ਰੁਝਾਨਾਂ ਤੋਂ ਜਾਣੂ ਰੱਖਣ ਲਈ ਹੁਨਰ ਹੀ ਇੱਕੋ ਇੱਕ ਤਰੀਕਾ ਹੈ।  ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਹੀਰੇ ਵਾਂਗ ਉਕਰਨਾ ਚਾਹੁੰਦੇ ਹਾਂ, ਤਾਂ ਜੋ ਉਹ ਭਵਿੱਖ ਵਿੱਚ ਹਰ ਖੇਤਰ ਵਿੱਚ ਚਮਕਣ।  ਅਸੀਂ ਪਹਿਲਾਂ ਹੀ ਦਿੱਲੀ ਅਤੇ ਪੰਜਾਬ ਵਿੱਚ ਪੰਜ ਹੁਨਰ ਕੇਂਦਰ ਚਲਾ ਰਹੇ ਹਾਂ।  ਹਾਲ ਹੀ ਵਿੱਚ ਅਸੀਂ ਅੰਮ੍ਰਿਤਸਰ ਵਿੱਚ 1000 ਨੌਜਵਾਨਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਹਨ, ਜਿਨ੍ਹਾਂ ਨੂੰ ਨਿੱਜੀ ਖੇਤਰ ਵਿੱਚ ਸਾਡੇ ਹੁਨਰ ਕੇਂਦਰ ਵਿੱਚ ਸਿਖਲਾਈ ਦਿੱਤੀ ਗਈ ਸੀ।

ਵਿਕਰਮਜੀਤ ਸਿੰਘ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਵਿੱਚੋਂ ਜੋ ਵੀ 20 ਵਿਦਿਆਰਥੀ ਬਿਦਰ ਇੰਜਨੀਅਰਿੰਗ ਕਾਲਜ ਵਿੱਚ ਦਾਖਲਾ ਲੈਣਗੇ, ਉਨ੍ਹਾਂਨੂੰ ਭਗਤ ਸਿੰਘ ਸਕਾਲਰਸ਼ਿਪ ਫੰਡ ਵਿੱਚੋਂ ਪੂਰੀ ਫੀਸ ਵਜੀਫੇ ਵਜੋਂ ਦਿੱਤੀ ਜਾਵੇਗੀ। ਇਸ ਸਕਾਲਰਸ਼ਿਪ ਫੰਡ ਦੀ ਸ਼ੁਰੂਆਤ ਸੰਸਦ ਮੈਂਬਰ ਵਿਕਰਮਜੀਤ ਸਿੰਘ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਅਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਹੈ।

ਵਿਕਰਮਜੀਤ ਸਿੰਘ ਨੂੰ ਕਰਨਾਟਕ ਦੇ ਮਾਨਯੋਗ ਰਾਜਪਾਲ ਥਾਵਰ ਚੰਦ ਗਹਿਲੋਤ ਵੱਲੋਂ ਅੱਜ ਬਿਦਰ ਵਿਖੇ ਸ੍ਰੀ ਨਾਨਕ ਝਿੜੀ ਸਾਹਿਬ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਸ. ਜੋਗਾ ਸਿੰਘ ਕਲਿਆਣਾ ਕਰਨਾਟਕ ਅਵਾਰਡ ਸਮਾਰੋਹ 2022 ਵਿੱਚ ਨੂੰ "ਪਰੋਮੀਨੈਂਟ ਫਿਲੇਂਥਰੋਪੀਸਟ 2022" ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।  ਜਿੱਥੇ ਉਨ੍ਹਾਂ ਦੇ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਵੀ ਮੌਜੂਦ ਸਨ।

ਵਿਕਰਮਜੀਤ ਸਿੰਘ ਨੇ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਵਿਖੇ ਬਾਬਾ ਫਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਵਿਸ਼ਵ ਹੁਨਰ ਕੇਂਦਰ ਸਥਾਪਤ ਕਰਨ ਦਾ ਵੀ ਐਲਾਨ ਕੀਤਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ.  ਕੁਲਤਾਰ ਸਿੰਘ ਸੰਧਵਾਂ ਨਾਲ ਨਾਂਦੇੜ ਜਾ ਰਹੇ ਸਨ।