ਚੰਡੀਗੜ੍ਹ ਸਮੇਤ ਪੰਜਾਬ ’ਚ ਪੈ ਰਹੀ ਹੱਡ ਚੀਰਵੀਂ ਠੰਢ ਨੇ ਲੋਕਾਂ ਦਾ ਕੀਤਾ ਬੁਰਾ ਹਾਲ
ਆਉਣ ਵਾਲੇ ਦੋ ਦਿਨਾਂ ’ਚ ਬਹੁਤ ਠੰਢ ਹੋਵੇਗੀ। ਡੂੰਘੀ ਧੁੰਦ ਵੀ ਹੋਵੇਗੀ।
ਚੰਡੀਗੜ੍ਹ (ਨਰਿੰਦਰ ਸਿੰਘ ਝਾਂਮਪੁਰ): ਚੰਡੀਗੜ੍ਹ ਵਿਚ ਹੱਡ ਚੀਰਵੀਂ ਠੰਢ ਪੈ ਰਹੀ ਹੈ। ਸਨਿਚਰਵਾਰ ਨੂੰ ਸੂਰਜ ਨਿਕਲਣ ਦੇ ਬਾਵਜੂਦ ਲੋਕਾਂ ਨੂੰ ਠੰਢਕ ਚੁਭਦੀ ਰਹੀ। ਐਤਵਾਰ ਹੱਡ ਚੀਰਵੀਂ ਠੰਢ ਪੈ ਰਹੀ ਹੈ। ਮਾਹਰਾਂ ਅਨੁਸਾਰ ਦੋ ਸਾਲਾਂ ਬਾਅਦ ਇੰਨੀ ਠੰਢ ਪੈ ਰਹੀ ਹੈ। 2020 ਵਿਚ ਘੱਟੋ-ਘੱਟ ਤਾਪਮਾਨ 2.7 ਸੀ। ਸਨਿਚਰਵਾਰ ਨੂੰ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 14.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਸਨਿਚਰਵਾਰ ਦੀ ਰਾਤ ਸਾਲ ਦੀ ਸੱਭ ਤੋਂ ਠੰਢੀ ਰਾਤ ਸੀ ਅਤੇ ਐਤਵਾਰ ਨੂੰ ਵੀ ਦਿਨ ਦੀ ਸ਼ੁਰੂਆਤ ਸੰਘਣੀ ਧੁੰਦ ਨਾਲ ਹੋਈ। ਮੌਸਮ ਵਿਭਾਗ ਅਨੁਸਾਰ ਐਤਵਾਰ ਨੂੰ ਵੱਧ ਤੋਂ ਵੱਧ ਤਾਪਮਾਨ 15 ਅਤੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਨੇ ਕਿਹਾ ਹੈ ਕਿ ਹੇਠਲੇ ਟ੍ਰੋਪੋਸਫੇਅਰਿਕ ਪੱਧਰਾਂ ’ਤੇ ਉੱਚ ਨਮੀ ਅਤੇ ਉੱਤਰ ਪੱਛਮੀ ਭਾਰਤੀ ਮੈਦਾਨੀ ਇਲਾਕਿਆਂ ’ਤੇ ਹਲਕੀਆਂ ਉੱਤਰੀ ਹਵਾਵਾਂ ਕਾਰਨ, ਚੰਡੀਗੜ੍ਹ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਵਿਚ ਸਖ਼ਤ ਠੰਢ ਪੈ ਰਹੀ ਹੈ।
ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਦਾ ਕਹਿਣਾ ਹੈ ਕਿ ਆਉਣ ਵਾਲੇ ਦੋ ਦਿਨਾਂ ’ਚ ਬਹੁਤ ਠੰਢ ਹੋਵੇਗੀ। ਡੂੰਘੀ ਧੁੰਦ ਵੀ ਹੋਵੇਗੀ। ਇਸ ਦੇ ਲਈ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਕਈ ਥਾਵਾਂ ’ਤੇ ਸਖ਼ਤ ਠੰਢ ਦੀ ਭਵਿੱਖਬਾਣੀ ਕੀਤੀ ਹੈ। ਇਸ ਕਾਰਨ ਕਈ ਥਾਵਾਂ ’ਤੇ ਸੰਘਣੀ ਧੁੰਦ ਛਾਈ ਰਹੇਗੀ। ਇਸ ਦੌਰਾਨ ਲੋਕਾਂ ਨੂੰ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ। ਸੋਮਵਾਰ ਸਵੇਰੇ ਅਤੇ ਸ਼ਾਮ ਨੂੰ ਸੰਘਣੀ ਧੁੰਦ ਰਹੇਗੀ।
ਦਿਨ ਬੱਦਲਵਾਈ ਵੀ ਹੋ ਸਕਦੀ ਹੈ। ਵੱਧ ਤੋਂ ਵੱਧ ਤਾਪਮਾਨ 16 ਅਤੇ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਮੰਗਲਵਾਰ ਸਵੇਰੇ ਅਤੇ ਸ਼ਾਮ ਨੂੰ ਹਲਕੀ ਧੁੰਦ ਹੋਵੇਗੀ। ਦਿਨ ਵੇਲੇ ਹਲਕੇ ਬੱਦਲ ਆ ਸਕਦੇ ਹਨ। ਵੱਧ ਤੋਂ ਵੱਧ ਤਾਪਮਾਨ 17 ਅਤੇ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਰੋਪੜ ਤੋਂ ਇਲਾਵਾ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 6.0, ਲੁਧਿਆਣਾ 5.9, ਪਟਿਆਲਾ 4.8, ਜਲੰਧਰ 6.2, ਬਰਨਾਲਾ 5.9 ਡਿਗਰੀ ਦਰਜ ਕੀਤਾ ਗਿਆ।