ਨਿਵੇਕਲਾ ਉਪਰਾਲਾ: ਮੈਰਿਟ ਸੂਚੀ 'ਚ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਪ੍ਰਿੰਸੀਪਲ ਨੇ ਆਪਣੇ ਖਰਚੇ 'ਤੇ ਕਰਵਾਇਆ ਹਵਾਈ ਸਫ਼ਰ
ਪ੍ਰਿੰਸੀਪਲ ਨੇ ਵਿਦਿਆਰਥਣਾਂ ਦਾ ਮਨੋਬਲ ਉੱਚਾ ਚੁੱਕਣ ਅਤੇ ਸਟੇਟ ਮੈਰਿਟ ਸੂਚੀ ਵਿਚ ਸਥਾਨ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਜ਼ੀਰਾ - ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਜ਼ੀਰਾ ਦੇ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਨੇ ਨਿਵੇਕਲਾ ਉਪਰਾਲਾ ਕੀਤਾ ਹੈ। ਇਸ ਤਹਿਤ ਜੇਕਰ ਉਸ ਦੇ ਸਕੂਲ ਦਾ 10ਵੀਂ ਅਤੇ 12ਵੀਂ ਜਮਾਤ ਦਾ ਕੋਈ ਵੀ ਵਿਦਿਆਰਥੀ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਸਟੇਟ ਮੈਰਿਟ ਸੂਚੀ ਵਿਚ ਸ਼ਾਮਲ ਹੋਵੇਗਾ ਤਾਂ ਪ੍ਰਿੰਸੀਪਲ ਖ਼ੁਦ ਉਸ ਨੂੰ ਆਪਣੇ ਖਰਚੇ ’ਤੇ ਹਵਾਈ ਟੂਰ ਕਰਵਾਉਣਗੇ।
ਇਸ ਤਹਿਤ ਹੁਣ ਤੱਕ ਉਹਨਾਂ ਦੇ ਸਕੂਲ ਦੀਆਂ ਦੋ ਵਿਦਿਆਰਥਣਾਂ ਨੂੰ ਅੰਮ੍ਰਿਤਸਰ ਤੋਂ ਗੋਆ ਤੱਕ ਹਵਾਈ ਸਫ਼ਰ ਕਰਵਾਇਆ ਜਾ ਚੁੱਕਾ ਹੈ। ਹੁਣ ਜਨਵਰੀ ਦੇ ਅੰਤ ਵਿਚ ਹੁਣ ਮੈਰਿਟ ਸੂਚੀ ਵਿਚ ਆਈਆਂ 2 ਵਿਦਿਆਰਥਣਾਂ ਨੂੰ ਅੰਮ੍ਰਿਤਸਰ ਤੋਂ ਦਿੱਲੀ ਤੱਕ ਹਵਾਈ ਸਫ਼ਰ ਕਰਵਾਇਆ ਜਾਵੇਗਾ ਤਾਂ ਜੋ ਹੋਰ ਵਿਦਿਆਰਥੀ ਵੀ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਸਖ਼ਤ ਮਿਹਨਤ ਕਰਨ।
ਰਾਕੇਸ਼ ਸ਼ਰਮਾ ਤਿੰਨ ਸਾਲ ਪਹਿਲਾਂ ਜ਼ੀਰਾ ਦੇ ਸ਼ਹੀਦ ਗੁਰੂਦਾਸ ਰਾਮ ਮੈਮੋਰੀਅਲ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਚ ਬਤੌਰ ਪ੍ਰਿੰਸੀਪਲ ਸ਼ਾਮਲ ਹੋਏ ਸਨ। ਉਨ੍ਹਾਂ ਪਾਇਆ ਕਿ ਸਕੂਲ ਦੀਆਂ ਵਿਦਿਆਰਥਣਾਂ ਬੋਰਡ ਪ੍ਰੀਖਿਆ ਦੇ ਨਤੀਜਿਆਂ ਵਿਚ ਮੈਰਿਟ ਵਿਚ ਕੋਈ ਸਥਾਨ ਹਾਸਲ ਨਹੀਂ ਕਰ ਸਕੀਆਂ। ਇਸ ਦੌਰਾਨ ਉਨ੍ਹਾਂ ਵਿਦਿਆਰਥਣਾਂ ਦਾ ਮਨੋਬਲ ਉੱਚਾ ਚੁੱਕਣ ਅਤੇ ਸਟੇਟ ਮੈਰਿਟ ਸੂਚੀ ਵਿਚ ਸਥਾਨ ਬਣਾਉਣ ਲਈ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ।
ਸਕੂਲ ਦੀ 12ਵੀਂ ਜਮਾਤ ਦੀ ਵਿਦਿਆਰਥਣ ਭਜਨਪ੍ਰੀਤ ਕੌਰ ਨੇ 12ਵੀਂ ਦੀ ਪ੍ਰੀਖਿਆ ਦੇ ਨਤੀਜਿਆਂ 'ਚ 500 'ਚੋਂ 492 ਅਤੇ ਸਿਮਰਨਜੀਤ ਕੌਰ ਨੇ 500 'ਚੋਂ 490 ਅੰਕ ਪ੍ਰਾਪਤ ਕਰਕੇ ਸੂਬੇ ਦੀ ਮੈਰਿਟ ਸੂਚੀ 'ਚ ਸਥਾਨ ਹਾਸਲ ਕੀਤਾ ਹੈ। ਜਦੋਂ ਕਿ 10ਵੀਂ ਜਮਾਤ ਦੀ ਵਿਦਿਆਰਥਣ ਲਖਵੀਰ ਕੌਰ ਨੇ 650 ਵਿੱਚੋਂ 630 ਅਤੇ ਸ਼ੀਤਲ ਬਾਂਸਲ ਨੇ 650 ਵਿੱਚੋਂ 629 ਅੰਕ ਪ੍ਰਾਪਤ ਕਰਕੇ ਸੂਬੇ ਦੀ ਮੈਰਿਟ ਸੂਚੀ ਵਿਚ ਥਾਂ ਬਣਾਈ ਹੈ। ਭਜਨਪ੍ਰੀਤ ਅਤੇ ਸਿਮਰਨਜੀਤ ਨੇ ਇਸ ਸਾਲ ਨਵੰਬਰ ਦੇ ਮਹੀਨੇ ਅੰਮ੍ਰਿਤਸਰ ਤੋਂ ਗੋਆ ਤੱਕ ਹਵਾਈ ਸਫਰ ਕੀਤਾ ਸੀ।