ਕੈਬਨਿਟ ਸਬ-ਕਮੇਟੀ ਵੱਲੋਂ ਮੁੱਖ ਮੁੱਦਿਆਂ ਨੂੰ ਹੱਲ ਕਰਨ ਲਈ ਕਰਮਚਾਰੀ ਯੂਨੀਅਨਾਂ ਮੀਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਟਿੰਗ ਦਾ ਉਦੇਸ਼ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਚਰਚਾ ਅਤੇ ਹੱਲ ਕਰਨਾ ਸੀ

Cabinet Sub-Committee Engages with Employee Unions to Address Key Issues

ਚੰਡੀਗੜ੍ਹ: ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਸ਼ਮੂਲੀਅਤ ਵਾਲੀ ਕੈਬਨਿਟ ਸਬ-ਕਮੇਟੀ ਨੇ ਅੱਜ ਇਥੇ ਵੱਖ-ਵੱਖ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਵਿਸਤ੍ਰਿਤ ਮੀਟਿੰਗ ਕੀਤੀ। ਮੀਟਿੰਗ ਦਾ ਉਦੇਸ਼ ਕਰਮਚਾਰੀਆਂ ਨੂੰ ਦਰਪੇਸ਼ ਮੁਸ਼ਕਲਾਂ 'ਤੇ ਚਰਚਾ ਅਤੇ ਹੱਲ ਕਰਨਾ ਸੀ।

ਪਾਵਰਕੌਮ ਸੀ.ਐਚ.ਬੀ ਲਾਈਨਮੈਨ ਠੇਕਾ ਮੁਲਾਜਮ ਯੂਨੀਅਨ, ਸਰਬ ਸਿਖਿਆ ਅਭਿਆਨ ਮਿਡ-ਡੇਅ ਮੀਲ ਦਫਤਰੀ ਮੁਲਾਜਮ ਯੂਨੀਅਨ ਅਤੇ ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਮੁਲਾਜਮ ਯੂਨੀਅਨ ਦੇ ਨੁਮਾਇੰਦਿਆਂ ਨੇ ਇੰਨ੍ਹਾਂ ਮੀਟਿੰਗਾਂ ਦੌਰਾਨ ਆਪਣੀਆਂ ਮੰਗਾਂ ਅਤੇ ਚਿੰਤਾਵਾਂ ਨਾਲ ਸਬੰਧਤ ਮੰਗ ਪੱਤਰ ਸੌਂਪੇ। ਯੂਨੀਅਨਾਂ ਆਗੂਆਂ ਨੇ ਆਪਣੇ ਕੰਮ ਦੀਆਂ ਸਥਿਤੀਆਂ, ਨੌਕਰੀ ਦੀ ਸੁਰੱਖਿਆ ਅਤੇ ਹੋਰ ਜ਼ਰੂਰੀ ਪਹਿਲੂਆਂ ਨਾਲ ਸਬੰਧਤ ਵੱਖ-ਵੱਖ ਮੁੱਦਿਆਂ ਨੂੰ ਕੈਬਨਿਟ ਸਬ-ਕਮੇਟੀ ਨਾਲ ਸਾਂਝਾ ਕੀਤਾ।

ਇੰਨ੍ਹਾਂ ਮੀਟਿੰਗਾਂ ਦੌਰਾਨ ਕੈਬਨਿਟ ਸਬ-ਕਮੇਟੀ ਨੇ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਰੱਖੀਆਂ ਮੰਗਾਂ 'ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਡੂੰਘਾਈ ਨਾਲ ਵਿਚਾਰ ਵਟਾਂਦਰਾ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਯੂਨੀਅਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਬਹੁਤੇ ਮੁੱਦੇ ਪਹਿਲਾਂ ਹੀ ਵਿਚਾਰੇ ਜਾ ਰਹੇ ਹਨ। ਉਨ੍ਹਾਂ ਨੇ ਜਾਇਜ਼ ਮੰਗਾਂ ਨੂੰ ਤੁਰੰਤ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਲਈ ਸਰਕਾਰ ਦੀ ਵਚਨਬੱਧਤਾ ਦੁਹਰਾਈ। ਸਕਾਰਾਤਮਕ ਨੋਟ 'ਤੇ ਸਮਾਪਤ ਹੋਈਆਂ ਇੰਨ੍ਹਾਂ ਮੀਟਿੰਗਾਂ ਦੌਰਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਦੀ ਹਾਂ-ਪੱਖੀ ਪਹੁੰਚ ਅਤੇ ਉਸਾਰੂ ਗੱਲਬਾਤ ਜਾਰੀ ਰੱਖਣ ਲਈ ਪ੍ਰਸ਼ੰਸਾ ਕੀਤੀ।

ਮੀਟਿੰਗਾਂ ਦੌਰਾਨ ਪਾਵਰਕੌਮ ਸੀ.ਐਚ.ਬੀ ਲਾਈਨਮੈਨ ਠੇਕਾ ਮੁਲਾਜਣ ਯੂਨੀਅਨ ਦੀ ਨੁਮਾਇੰਦਗੀ ਸੂਬਾ ਪ੍ਰਧਾਨ ਅੰਗਰੇਜ ਸਿੰਘ, ਜਨਰਲ ਸਕੱਤਰ ਰਾਕੇਸ਼ ਕੁਮਾਰ, ਸੂਬਾ ਸੀਨੀਅਰ ਮੀਤ ਪ੍ਰਧਾਨ ਪ੍ਰਿਤਪਾਲ ਸਿੰਘ ਬੁੱਟਰ, ਸੂਬਾ ਖਜ਼ਾਨਚੀ ਅਜੈ ਕੁਮਾਰ ਨੇ ਕੀਤੀ। ਸਰਬ ਸਿਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਮੁਲਾਜਮ ਯੂਨੀਅਨ ਦੀ ਨੁਮਾਇੰਦਗੀ ਕੁਲਦੀਪ ਸਿੰਘ, ਰਜਿੰਦਰ ਸਿੰਘ ਸੰਧਾ, ਪਰਵੀਨ ਸ਼ਰਮਾ, ਰਮੇਸ਼ ਸਹਾਰਨ ਅਤੇ ਨਰਿੰਦਰ ਕੁਮਾਰ ਨੇ ਕੀਤੀ। ਇਸ ਦੌਰਾਨ ਆਦਰਸ਼ ਸਕੂਲ ਟੀਚਿੰਗ ਨਾਨ-ਟੀਚਿੰਗ ਮੁਲਾਜਮ ਯੂਨੀਅਨ ਦੀ ਨੁਮਾਇੰਦਗੀ ਸੂਬਾ ਪ੍ਰਧਾਨ ਜਸਵੀਰ ਸਿੰਘ ਗਲੋਟੀ, ਜਨਰਲ ਸਕੱਤਰ ਸੁਖਦੀਪ ਕੌਰ ਸਰਾਂ, ਮੀਤ ਪ੍ਰਧਾਨ ਮੀਨੂੰ ਬਾਲਾ, ਸੂਬਾ ਮੀਡੀਆ ਇੰਚਾਰਜ ਅਮਨ ਸ਼ਾਸਤਰੀ ਨੇ ਕੀਤੀ।