ਸਰਾਏ ਅਮਾਨਤ ਖਾਂ/ਝਬਾਲ (ਗੁਰਸ਼ਰਨ ਸਿੰਘ ਔਲਖ) : ਪੁਲਿਸ ਥਾਣਾ ਝਬਾਲ ਅਧੀਨ ਆਉਂਦੇ ਪਿੰਡ ਜਗਤਪੁਰਾ ਵਿਖੇ ਕੱਲ੍ਹ ਸ਼ਾਮ ਤੋਂ ਲਾਪਤਾ ਹੋਇਆ ਇੱਕ ਨਰਸਰੀ ਕਲਾਸ ਦਾ ਸੱਤ ਸਾਲ ਦਾ ਬੱਚਾ ਮਨਰਾਜ ਸਿੰਘ ਪੁੱਤਰ ਸਤਨਾਮ ਸਿੰਘ ਦੀ ਲਾਸ਼ ਪਿੰਡ ਵਿੱਚ ਲਵਾਰਸ ਪਏ ਇੱਕ ਮਕਾਨ ਦੇ ਕਮਰੇ ਵਿੱਚੋਂ ਮਿਲਣ ਨਾਲ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਿ੍ਰਤਕ ਬੱਚੇ ਮਨਰਾਜ ਸੱਤ ਸਾਲ ਪੁੱਤਰ ਸਤਨਾਮ ਸਿੰਘ ਦੀ ਭੂਆ ਰਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਸੱਤ ਸਾਲ ਦਾ ਬੱਚਾ ਮਨਰਾਜ ਸਿੰਘ ਜੋ ਕਿ ਕੱਲ੍ਹ ਲਗਭਗ ਤਿੰਨ ਵਜੇ ਆਪਣੇ ਕੋਠੇ ’ਤੇ ਪਤੰਗ ਉਡਾ ਰਿਹਾ ਸੀ, ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇ ਵਿੱਚੋਂ ਲੱਗਦੇ ਚਾਚੇ ਦਾ ਮੁੰਡਾ ਉਸ ਨੂੰ ਕੋਠੇ ਤੋਂ ਲਾਹ ਕੇ ਲੈ ਕੇ ਗਿਆ ਪ੍ਰੰਤੂ ਉਸ ਤੋਂ ਬਾਅਦ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ।
ਜਦੋਂ ਬੱਚਾ ਸ਼ਾਮ ਨੂੰ ਘਰ ਨਾ ਆਇਆ ਤਾਂ ਅਸੀਂ ਸਾਰੇ ਪਰਿਵਾਰ ਨੇ ਸਾਰੇ ਪਿੰਡ ਵਿੱਚ ਬੱਚੇ ਦੀ ਭਾਲ ਕੀਤੀ ਪਰ ਮਨਰਾਜ ਕਿਤੋਂ ਵੀ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਪਿੰਡ ਵਿੱਚ ਭਾਲ ਕਰਦਿਆਂ ਇੱਕ ਲਾਵਾਰਸ ਪਏ ਮਕਾਨ ਵਿੱਚ ਜਾ ਕੇ ਵੇਖਿਆ ਤਾਂ ਕਮਰੇ ਵਿੱਚ ਤੂੜੀ ਵਿਛਾ ਕੇ ਉਪਰ ਬੱਚਾ ਮਿ੍ਰਤਕ ਹਾਲਤ ਵਿੱਚ ਪਿਆ ਸੀ। ਜਦੋਂ ਕਿ ਬੱਚੇ ਦੀਆਂ ਚੱਪਲਾ ਨੇੜੇ ਹੀ ਕਮਰੇ ’ਚ ਬਣੀ ਅੰਗੀਠੀ ਉੱਪਰ ਪਈਆਂ ਹੋਈਆਂ ਸਨ।
ਮੌਕੇ ’ਤੇ ਥਾਣਾ ਝਬਾਲ ਦੀ ਪੁਲਸ ਨੂੰ ਸੂਚਨਾ ਦਿੱਤੀ ਗਈ ਅਤੇ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਨੂੰਨੀ ਕਾਰਵਾਈ ਕਰਦਿਆਂ ਜਾਂਚ ਸ਼ੁਰੂ ਕਰ ਦਿਤੀ। ਵਰਨਣਯੋਗ ਹੈ ਕਿ ਇਹ ਬੱਚਾ ਪਿੰਡ ਮੀਆਂਪੁਰ ਵਿਖੇ ਨਰਸਰੀ ਕਲਾਸ ਵਿੱਚ ਪੜ੍ਹਦਾ ਸੀ। ਇਸ ਸਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਮੌਕੇ ’ਤੇ ਘਟਨਾ ਵਾਲੀ ਥਾਂ ’ਤੇ ਪੁਲਸ ਫੋਰਸ ਸਮੇਤ ਜਾ ਰਹੇ ਹਨ, ਜਿੱਥੇ ਸਾਰਾ ਮੌਕਾ ਵੇਖ ਕੇ ਅਤੇ ਬੱਚੇ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।