ਸਮਾਰਟਫੋਨ ਦੇਣ ਦਾ ਲਾਅਰਾ ਲਾ ਕੇ ਕੈਪਟਨ ਤਾਂ ਚੱਲਦੇ ਬਣੇ ਪਰ ਫਸ ਗਏ 'ਰੰਧਾਵਾ'
ਰੰਧਾਵਾ ਨੇ ਕੈਬਨਿਟ ਮੀਟਿੰਗ 'ਚ ਇਸ ਮਸਲੇ ਨੂੰ ਚੁੱਕਣ 'ਤੇ ਇਸੇ ਜਨਵਰੀ ਫੋਨ ਦੇਣ ਗੱਲ ਕਹਿ ਕੇ ਖਹਿੜਾ ਛੁਡਵਾ ਲਿਆ
ਜਲੰਧਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਲਾਅਰਾ ਲਾ ਕੇ ਫਿਰ ਮੁੱਕਰ ਗਏ ਕਿਉਂਕਿ ਕੈਪਟਨ ਨੇ ਐਲਾਨ ਕੀਤਾ ਸੀ ਕਿ ਉਹ ਗਣਤੰਤਰ ਦਿਵਸ 'ਤੇ ਸਮਾਰਟਫੋਨ ਵੰਡਣ ਦੇ ਪਹਿਲੇ ਫੇਜ਼ ਦੀ ਸ਼ੁਰੂਆਤ ਕਰਨਗੇ ਅਤੇ ਇਸ ਦੇ ਤਹਿਤ 1.6 ਲੱਖ ਸਮਾਰਟਫੋਨ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਦਿੱਤੇ ਜਾਣਗੇ।
ਕੈਪਟਨ ਦਾ ਇਹ ਦਾਅਵਾ ਤਾਂ ਸੱਚ ਨਹੀਂ ਹੋਇਆ ਪਰ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਜ਼ਰੂਰ ਇਸ ਚੱਕਰ ਵਿਚ ਫਸ ਗਏ। ਕੈਪਟਨ ਤਾਂ ਮੋਹਾਲੀ 'ਚ ਤਿਰੰਗਾ ਲਹਿਰਾ ਕੇ ਉੱਥੋਂ ਨਿਕਲ ਗਏ ਸਨ ਪਰ ਜਲੰਧਰ 'ਚ ਉਨ੍ਹਾਂ ਦੇ ਨਜ਼ਦੀਕੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੀਡੀਆ ਨੇ ਘੇਰ ਲਿਆ। ਜਦੋਂ ਮੀਡੀਆ ਨੇ ਸਮਾਰਟਫੋਨਾਂ ਬਾਰੇ ਉਨ੍ਹਾਂ ਨੂੰ ਪੁੱਛਿਆ ਤਾਂ ਉਹ ਸਰਕਾਰ ਦਾ ਹੱਥ ਤੰਗ ਹੋਣ ਬਾਰੇ ਕਹਿਣ ਲੱਗੇ।
ਇਸ ਤੋਂ ਬਾਅਦ ਉਨ੍ਹਾਂ ਨੇ ਇਸ ਬਾਰੇ ਕੈਬਨਿਟ 'ਚ ਗੱਲ ਕਰਨ ਦਾ ਭਰੋਸਾ ਦਿੱਤਾ। ਬਿਨਾ ਸ਼ੱਕ ਰੰਧਾਵਾ ਨੇ ਕੈਬਨਿਟ ਮੀਟਿੰਗ 'ਚ ਇਸ ਮਸਲੇ ਨੂੰ ਚੁੱਕਣ 'ਤੇ ਇਸੇ ਜਨਵਰੀ ਫੋਨ ਦੇਣ ਗੱਲ ਕਹਿ ਕੇ ਖਹਿੜਾ ਛੁਡਵਾ ਲਿਆ ਪਰ ਆਪਣੇ ਵਾਅਦੇ ਤੋਂ ਮੁੱਕਰਨ ਵਾਲੀ ਕੈਪਟਨ ਸਰਕਾਰ, ਰੰਧਾਵਾ ਦੇ ਬੋਲ ਕਿੱਥੋਂ ਤੱਕ ਪੁਗਾਉਂਦੀ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਦਰਅਸਲ ਕੈਪਟਨ ਨੇ 2 ਦਸੰਬਰ ਨੂੰ ਇਹ ਐਲਾਨ ਕੀਤਾ ਸੀ ਕਿ 26 ਜਨਵਰੀ ਮੌਕੇ ਸਮਾਰਟਫੋਨ ਵੰਡੇ ਜਾਣਗੇ ਪਰ ਇਹ ਵਾਅਦਾ ਪੂਰਾ ਨਹੀਂ ਹੋਇਆ। ਕੈਪਟਨ ਨੇ ਟਵੀਟ ਕਰਕੇ ਕਿਹਾ ਸੀ ਕਿ ਉਹ 26 ਜਨਵਰੀ ਨੂੰ 11ਵੀਂ ਤੇ 12ਵੀਂ ਦੀਆਂ ਵਿਦਿਆਰਥਣਾਂ ਨੂੰ 1 ਲੱਖ 60 ਹਜ਼ਾਰ ਸਮਾਰਟਫੋਨ ਵੰਡਣਗੇ। ਕੈਪਟਨ ਅਮਰਿੰਦਰ ਸਿੰਘ ਮੁਹਾਲੀ 'ਚ ਗਣਤੰਤਰ ਦਿਵਸ ਦੇ ਸਮਾਗਮ 'ਤੇ ਤਾਂ ਪਹੁੰਚੇ ਗਏ, ਪਰ ਆਪਣੇ ਵਾਅਦੇ ਅਨੁਸਾਰ ਸਮਾਰਟਫੋਨ ਲੈ ਕੇ ਆਉਣਾ ਭੁੱਲ ਗਏ।
ਕੈਪਟਨ ਵੱਲੋਂ ਸਮਾਗਮ 'ਚ ਵੀ ਫੋਨ ਵੰਡਣ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਕੈਪਟਨ ਨੇ ਸਾਲ 2016 'ਚ ਸੱਤਾ 'ਚ ਆਉਣ ਤੇ ਪੰਜਾਬ ਦੇ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਨੌਜਵਾਨਾਂ ਨੂੰ 50 ਲੱਖ 4 ਜੀ ਸਮਾਰਟਫੋਨ ਵੰਡਣਗੇ। ਦੱਸ ਦਈਏ ਕਿ ਪੰਜਾਬ ਸਰਕਾਰ ਦੇ ਯੂਥ ਅਤੇ ਸਪੋਰਟਸ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸਮਾਰਟਫੋਨ ਵੰਡਣ ਦੀ ਜਾਣਕਾਰੀ ਦਿੱਤੀ ਗਈ ਸੀ। ਇਹਨਾਂ ਸਮਾਰਟਫੋਨਾਂ ਲਈ ਸ਼ਰਤਾਂ ਵੀ ਰੱਖੀਆਂ ਗਈਆ ਸਨ। ਸ਼ਰਤ ਇਹ ਸੀ ਕਿ ਸਮਾਰਟਫੋਨ ਲੈਣ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਉਨ੍ਹਾਂ ਕੋਲ ਪਹਿਲਾਂ ਕੋਈ ਸਮਾਰਟਫੋਨ ਨਹੀਂ ਹੈ।