ਪਰਮਿੰਦਰ ਢੀਂਡਸਾ ਨੇ ਲੌਂਗੌਵਾਲ ਨੂੰ ਪਹਿਲਾਂ ਪਾਈਆਂ ਲਾਹਨਤਾ ਫਿਰ ਦਿੱਤੀ ਸਲਾਹ
ਲੌਂਗੋਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਪ੍ਰਧਾਨਗੀ ਨੂੰ ਬਾਦਲਾਂ ਦੀ ਰਬੜ ਦੀ ਮੋਹਰ ਬਣਾ ਕੇ ਨਾ ਚਲਾਉਣ ਸਗੋਂ ਪੰਥ ਹਿਤੈਸ਼ੀ ਬਣ ਕੇ ਸਿੱਖ ਕੌਮ ਲਈ ਸਹੀ ਫੈਸਲੇ ਲੈਣ
ਅੰਮ੍ਰਿਤਸਰ- ਜ਼ਿਲਾ ਸੰਗਰੂਰ 'ਚ ਅਕਾਲੀ ਸਿਆਸਤ ਦਿਨੋਂ-ਦਿਨ ਭੱਖਦੀ ਜਾ ਰਹੀ ਹੈ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਜਿੱਥੇ 2 ਫਰਵਰੀ ਦੀ ਸੰਗਰੂਰ ਰੈਲੀ ਸਬੰਧੀ ਮੀਟਿੰਗਾਂ ਕਰਕੇ ਵਰਕਰਾਂ ਨੂੰ ਰੋਕਣ ਲਈ ਕੈਪਟਨ ਸਰਕਾਰ ਅਤੇ ਢੀਂਡਸਾ ਪਰਿਵਾਰ ਨੂੰ ਭੰਡਣ 'ਤੇ ਲੱਗਾ ਹੋਇਆ ਹੈ, ਉਥੇ ਹੀ ਦੂਜੇ ਪਾਸੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਵੀ ਸ਼੍ਰੋਮਣੀ ਅਕਾਲੀ ਦਲ 'ਚ ਉਥਲ-ਪੁਥਲ ਮਚਾਉਂਦੀਆਂ ਨਜ਼ਰ ਆ ਰਹੀਆਂ ਹਨ।
ਇਸੇ ਲੜੀ ਤਹਿਤ ਬੀਤੇ ਦਿਨ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਇਥੋਂ ਦੇ ਗੁਰਦੁਆਰਾ ਯਾਦਗਾਰ ਸ਼ਹੀਦ ਭਾਈ ਮਨੀ ਸਿੰਘ ਵਿਖੇ ਸ. ਜੀਤ ਸਿੰਘ ਸਿੱਧੂ ਸਾਬਕਾ ਚੇਅਰਮੈਨ ਦੀ ਰਹਿਨੁਮਾਈ ਹੇਠ ਇਕ ਭਰਵੀਂ ਰੈਲੀ ਕੀਤੀ ਗਈ। ਇਸ ਮੌਕੇ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਜਿੱਥੇ ਸੁਖਬੀਰ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਤਾਨਾਸ਼ਾਹੀ ਢੰਗ ਨਾਲ ਸਿਧਾਂਤਹੀਣ ਬਣਾਏ ਜਾਣ ਦੇ ਦੋਸ਼ ਲਗਾਏ।
ਉਥੇ ਹੀ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੀ ਪ੍ਰਧਾਨਗੀ ਨੂੰ ਬਾਦਲਾਂ ਦੀ ਰਬੜ ਦੀ ਮੋਹਰ ਬਣਾ ਕੇ ਨਾ ਚਲਾਉਣ ਸਗੋਂ ਪੰਥ ਹਿਤੈਸ਼ੀ ਬਣ ਕੇ ਸਿੱਖ ਕੌਮ ਲਈ ਸਹੀ ਫੈਸਲੇ ਲੈਣ ਪਰ ਅਫਸੋਸ ਦੀ ਗੱਲ ਇਹ ਹੈ ਕਿ ਭਾਈ ਲੌਂਗੋਵਾਲ ਐੱਸ. ਜੀ. ਪੀ. ਸੀ. ਦਾ ਕੰਮ ਛੱਡ ਕੇ ਹੇਠਲੇ ਪੱਧਰ ਦੀ ਸਿਆਸਤ ਕਰਕੇ ਭੰਡੀ ਪ੍ਰਚਾਰ ਤੱਕ ਉੱਤਰ ਆਏ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਮਸਤੂਆਣਾ ਸਾਹਿਬ ਦੇ ਮਾਮਲੇ 'ਚ ਲਗਾਏ ਗਏ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਹਨ।
ਸੰਸਥਾ ਦਾ ਹਿਸਾਬ-ਕਿਤਾਬ ਪੂਰੀ ਤਰ੍ਹਾਂ ਪਾਰਦਰਸ਼ੀ ਹੈ ਅਤੇ ਇਹ ਹਿਸਾਬ ਕੋਈ ਵੀ ਲੈ ਸਕਦਾ ਹੈ। ਜੋ ਮਸਤੂਆਣਾ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਬਣਾਏ ਜਾ ਰਹੇ ਦਰਬਾਰ ਸਾਹਿਬ ਦਾ ਮਾਮਲਾ ਹੈ ਉਸ ਨਾਲ ਅਕਾਲ ਕੌਂਸਲ ਜਾਂ ਢੀਂਡਸਾ ਸਾਹਿਬ ਦਾ ਕੋਈ ਸੰਬੰਧ ਨਹੀਂ ਕਿਉਂਕਿ ਇਸ ਦਾ ਪ੍ਰਬੰਧ ਬਿਹੰਗਮ ਸੰਪਰਦਾ ਕੋਲ ਹੈ।
ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜੋ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਨੂੰ ਮੁਅੱਤਲ ਕਰਨ ਅਤੇ ਨੋਟਿਸ ਕੱਢਣ ਸਬੰਧੀ ਖਬਰਾਂ ਆਈਆਂ, ਇਹ ਨੋਟਿਸ ਸ਼੍ਰੋਮਣੀ ਅਕਾਲੀ ਦਲ ਨੇ ਸਾਨੂੰ ਅੱਜ ਤੱਕ ਨਹੀਂ ਭੇਜੇ ਕਿਉਂਕਿ ਉਹ ਜਾਣਦੇ ਹਨ ਕਿ ਇਸ ਦਾ ਜਵਾਬ ਸੱਚਾ ਅਤੇ ਠੋਕਵਾਂ ਹੀ ਆਵੇਗਾ। ਢੀਂਡਸਾ ਨੇ ਕਿਹਾ ਕਿ ਸਾਡਾ ਟੀਚਾ ਸ਼੍ਰੋਮਣੀ ਅਕਾਲੀ ਦਲ ਨੂੰ ਤੋੜਨਾ ਨਹੀਂ ਤਕੜਾ ਕਰਨਾ ਹੈ, ਜੋ ਸਿਧਾਂਤਾਂ 'ਤੇ ਪਹਿਰਾ ਦੇ ਕੇ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕਦੇ ਵੀ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰਾਂਗੇ।
ਸ. ਸੁਖਦੇਵ ਸਿੰਘ ਢੀਂਡਸਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਪਾਰਟੀ ਪ੍ਰਧਾਨ ਨੂੰ ਸੰਗਤ ਕੋਲੋਂ ਮੁਆਫੀ ਮੰਗਣ ਦੀ ਸਲਾਹ ਦਿੱਤੀ ਸੀ। ਜੋ ਤਾਨਾਸ਼ਾਹੀ ਦੀ ਭੇਟ ਚੜ੍ਹ ਕੇ ਰਹਿ ਗਈ। ਉਨ੍ਹਾਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਅਨੇਕਾਂ ਕੁਰਬਾਨੀਆਂ ਅਤੇ ਮੁਸ਼ੱਕਤ ਨਾਲ ਸ਼੍ਰੋਮਣੀ ਅਕਾਲੀ ਦਲ 'ਚ ਪੈਦਾ ਹੋਈ ਭਰੋਸੇਯੋਗਤਾ ਅਤੇ ਸਿਧਾਂਤ ਹੁਣ ਪਾਰਟੀ 'ਚੋਂ ਖਤਮ ਹੋ ਚੁੱਕੇ ਹਨ।
ਢੀਂਡਸਾ ਨੇ ਕਿਹਾ ਕਿ ਪਹਿਲਾਂ ਤਾਂ ਨਾਗਰਿਕਤਾ ਸੋਧ ਬਿੱਲ ਦੇ ਹੱਕ 'ਚ ਸ਼੍ਰੋਮਣੀ ਅਕਾਲੀ ਦਲ ਨੇ ਵੋਟ ਪਾਈ ਅਤੇ ਬਾਅਦ 'ਚ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ। ਇਕ ਪਾਸੇ ਸ਼੍ਰੋਮਣੀ ਅਕਾਲੀ ਦਲ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਮੰਗ ਕਰਦਾ ਹੈ ਅਤੇ ਦੂਜੇ ਪਾਸੇ ਜਦ ਜੰਮੂ-ਕਸ਼ਮੀਰ 'ਚ 370 ਧਾਰਾ ਤੋੜਨ ਦੀ ਗੱਲ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਉਸ ਦੇ ਹੱਕ 'ਚ ਭੁਗਤਿਆ। ਇਸ 'ਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਗਲਤ ਨਹੀਂ ਕਹਿੰਦੇ ਕਿਉਂਕਿ ਉਹ ਆਪਣੇ ਸਿਧਾਂਤਾਂ 'ਤੇ ਖੜ੍ਹੀ ਹੈ ਪਰ ਸੁਖਬੀਰ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਸਿਧਾਂਤਾਂ 'ਤੇ ਨਹੀਂ ਟਿਕਿਆ।