ਕਾਂਗਰਸ ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਨਾਲ ਉਤਰੇਗੀ : ਰਾਹੁਲ ਗਾਂਧੀ
ਕਾਂਗਰਸ ਚੋਣਾਂ ਵਿਚ ਮੁੱਖ ਮੰਤਰੀ ਦੇ ਚਿਹਰੇ ਨਾਲ ਉਤਰੇਗੀ : ਰਾਹੁਲ ਗਾਂਧੀ
ਸਿੱਧੂ ਨੇ ਮੰਚ ਤੋਂ ਪੁਛਿਆ, ਰਾਹੁਲ ਗਾਂਧੀ ਦੱਸਣ ਪੰਜਾਬ 'ਚ ਕੌਣ ਕਰੇਗਾ ਸਿਸਟਮ ਲਾਗੂ?
ਜਲੰਧਰ, 27 ਜਨਵਰੀ (ਨਿਰਮਲ ਸਿੰਘ, ਸਮਰਦੀਪ ਸਿੰਘ, ਵਰਿੰਦਰ ਸ਼ਰਮਾ): 20 ਫ਼ਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੌਰੇ 'ਤੇ ਆਏ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਜਲੰਧਰ ਦੇ ਮਿੱਠਾਪੁਰ ਵਿਖੇ ਵ੍ਹਾਈਟ ਡਾਇਮੰਡ ਹੋਟਲ ਤੋਂ 'ਨਵੀਂ ਸੋਚ ਨਵਾਂ ਪੰਜਾਬ' ਅਧੀਨ ਵਰਚੂਅਲ ਰੈਲੀ ਦੀ ਸ਼ੁਰੂਆਤ ਕੀਤੀ | ਵਰਚੁਅਲ ਰੈਲੀ ਦੌਰਾਨ ਰਾਹੁਲ ਗਾਂਧੀ ਨੇ ਐਲਾਨ ਕੀਤਾ ਕਿ ਕਾਂਗਰਸ ਪਾਰਟੀ ਮੁੱਖ ਮੰਤਰੀ ਚਿਹਰੇ ਨਾਲ ਉਤਰੇਗੀ | ਇਹ ਫ਼ੈਸਲਾ ਵਰਕਰਾਂ ਦੀ ਰਾਏ ਤੋਂ ਬਾਅਦ ਲਿਆ ਜਾਵੇਗਾ ਕਿ ਕੌਣ ਪੰਜਾਬ 'ਚ ਕਾਂਗਰਸ ਦਾ ਸੀ.ਐਮ ਚਿਹਰਾ ਹੋਵੇਗਾ |
ਇਸ ਦੌਰਾਨ ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ ਸੀ.ਐਮ ਚਿਹਰਾ ਕੋਈ ਵੀ ਹੋਵੇ ਪਰ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦੋਵਾਂ ਵਲੋਂ ਕਿਹਾ ਗਿਆ ਹੈ ਕਿ ਕੋਈ ਵੀ ਇਸ ਦਾ ਵਿਰੋਧ ਨਹੀਂ ਕਰੇਗਾ | ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ
ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਨੂੰ ਲੀਡ ਕਰ ਰਹੇ ਹਨ |
ਉਨ੍ਹਾਂ ਕਿਹਾ ਕਿ ਮੈਂ ਚੰਨੀ ਅਤੇ ਸਿੱਧੂ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਮੰਨਿਆ ਹੈ ਕਿ ਜਿਹੜਾ ਚਿਹਰਾ ਕਾਂਗਰਸ ਵਲੋਂ ਐਲਾਨਿਆ ਜਾਵੇਗਾ, ਅਸੀਂ ਦੋਵੇਂ ਹੀ ਇਸ ਦਾ ਵਿਰੋਧ ਨਹੀਂ ਕਰਾਂਗੇ | ਰਾਹੁਲ ਗਾਂਧੀ ਨੇ ਕਿਹਾ ਕੇ ਕਾਂਗਰਸ ਵਲੋਂ ਅਪਣੇ ਵਰਕਰਾਂ ਦੀ ਰਾਏ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਾਂਗਰਸ ਸਿਰਫ਼ ਸਿਆਸੀ ਪਾਰਟੀ ਨਹੀਂ ਸਗੋਂ ਵਿਚਾਰਧਾਰਾ ਹੈ, ਜਿਸ ਨੇ ਅੰਗਰੇਜ਼ਾਂ ਨੂੰ ਹਰਾ ਕੇ ਇਕ ਦੇਸ਼ ਬਣਾਇਆ ਹੈ | ਉਨ੍ਹਾਂ ਪੰਜਾਬ ਚੋਣਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਚੋਣਾਂ ਪੰਜਾਬ ਲਈ ਸਿਰਫ਼ ਚੋਣਾਂ ਨਹੀਂ ਹਨ ਸਗੋਂ ਇਸ ਵਾਰ ਪੰਜਾਬੀ ਅਪਣੇ ਭਵਿੱਖ ਲਈ ਵੋਟ ਪਾਉਣਗੇ |
ਇਸ ਤੋਂ ਪਹਿਲਾਂ 'ਨਵੀਂ ਸੋਚ ਨਵਾਂ ਪੰਜਾਬ' ਅਧੀਨ ਨਵਜੋਤ ਸਿੰਘ ਸਿੱਧੂ ਨੇ ਵਰਚੁਅਲ ਰੈਲੀ ਦੌਰਾਨ ਅਪਣੇ ਸੰਬੋਧਨ ਦੌਰਾਨ ਕਿਹਾ ਕਿ ਨਵੇਂ ਦੌਰ 'ਚ ਨਵੀਂ ਕਹਾਣੀ ਲਿਖੀ ਜਾਵੇਗੀ, ਜੋਕਿ ਰਾਹੁਲ ਗਾਂਧੀ ਦੀ ਜ਼ੁਬਾਨੀ ਹੋਵੇਗੀ | ਵਰਚੁਅਲ ਰੈਲੀ ਦੌਰਾਨ ਸਿੱਧੂ ਨੇ ਰਾਹੁਲ ਗਾਂਧੀ ਨੂੰ ਤਿੰਨ ਸਵਾਲ ਪੁੱਛੇ | ਰਾਹੁਲ ਗਾਂਧੀ ਨੂੰ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਪਹਿਲਾ ਸਵਾਲ ਇਹ ਹੈ ਕਿ ਸਾਨੂੰ ਚਿੱਕੜ ਵਿਚੋਂ ਕੌਣ ਕਢੂਗਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਸਾਨੂੰ ਕਰਜ਼ੇ ਦੀ ਦਲਦਲ 'ਚੋਂ ਕੌਣ ਬਾਹਰ ਕੌਣ ਕਢੇਗਾ | ਦੂਜਾ ਸਵਾਲ ਹੈ ਕਿ ਉਹ ਕਿਹੜਾ ਏਜੰਡਾ ਹੈ, ਜਿਸ ਰਾਹੀ ਕਰਜ਼ੇ ਵਿਚੋਂ ਪੰਜਾਬ ਨੂੰ ਬਾਹਰ ਕਢਿਆ ਜਾਵੇਗਾ | ਤੀਜਾ ਸਵਾਲ ਇਹ ਹੈ ਕਿ ਪੰਜਾਬ ਦੇ ਲੋਕ ਪੁਛਦੇ ਹਨ ਕਿ ਇਸ ਏਜੰਡੇ ਨੂੰ ਲਾਗੂ ਕੌਣ ਕਰੇਗਾ | ਸਿੱਧੇ ਤੌਰ 'ਤੇ ਸਪੱਸ਼ਟ ਸ਼ਬਦਾਂ 'ਚ ਉਨ੍ਹਾਂ ਰਾਹੁਲ ਗਾਂਧੀ ਨੂੰ ਪੁੱਛਿਆ ਕਿ ਆਿਖ਼ਰ ਉਹ ਕਿਹੜਾ ਚਿਹਰਾ ਹੋਵੇਗਾ, ਜੋ ਇਸ ਏਜੰਡੇ ਨੂੰ ਲਾਗੂ ਕਰੇਗਾ |
ਰਾਹੁਲ ਗਾਂਧੀ ਨੂੰ ਨਵੀਂ ਸੋਚ ਦੇ ਨਿਰਮਾਤਾ ਦਸਦੇ ਹੋਏ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਇਹ ਪ੍ਰਥਾ ਚੱਲ ਰਹੀ ਹੈ ਕਿ 25 ਹਜ਼ਾਰ ਕਰੋੜ ਦਾ ਕਰਜ਼ਾ ਹਰ ਸਾਲ ਚੜ੍ਹਦਾ ਹੈ, ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਤੁਹਾਡਾ ਨਾਮ ਇਤਿਹਾਸ 'ਚ ਲਿਖਿਆ ਜਾਵੇਗਾ ਕਿਉਂਕਿ ਸਾਡੀ ਸਰਕਾਰ ਹਰ ਸਾਲ 25 ਹਜ਼ਾਰ ਕਰੋੜ ਉਤਾਰੇਗੀ | ਇਸ ਮੌਕੇ ਸਿੱਧੂ ਨੇ ਰਾਹੁਲ ਗਾਂਧੀ ਨੂੰ ਵਚਨ ਦਿੰਦੇ ਹੋਏ ਕਿਹਾ ਕਿ ਅਸੀਂ ਤਾਂ ਹਾਈਕਮਾਨ ਦੀ ਮੰਨਣੀ ਹੈ, ਰਾਹੁਲ ਗਾਂਧੀ ਜੀ ਦਾ ਫ਼ੈਸਲਾ ਜੋ ਵੀ ਹੋਵੇਗਾ, ਉਸ ਫ਼ੈਸਲੇ ਨੂੰ ਪੰਜਾਬ ਦੀ ਜਨਤਾ ਅਤੇ ਕਾਂਗਰਸ ਦੀ ਸਾਰੀ ਪਾਰਟੀ ਮੰਨੇਗੀ | ਅਸੀਂ ਅਗਲੀ ਪੀੜ੍ਹੀ ਲਈ ਲੜ ਰਹੇ ਹਾਂ ਅਤੇ ਅਫ਼ਸਰਸ਼ਾਹੀ ਨੂੰ ਨੱਥ ਪਾਉਣੀ ਜ਼ਰੂਰੀ ਹੈ | ਸਿੱਧੂ ਨੇ ਰਾਹੁਲ ਗਾਂਧੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਤੇ ਦਰਸ਼ਨੀ ਘੋੜਾ ਨਾ ਬਣਾ ਦੇਣਾ ਬਲਕਿ ਫ਼ੈਸਲੇ ਲੈਣ ਦੀ ਤਾਕਤ ਦੇਣੀ |
ਇਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਅਪਣੇ 111 ਦਿਨਾਂ ਦੇ ਸਾਸ਼ਨ ਦੌਰਾਨ ਕੀਤੇ ਗਏ ਕੰਮਾਂ ਦਾ ਵੇਰਵਾ ਦਿਤਾ ਅਤੇ ਕਿਹਾ ਕਿ ਪੰਜਾਬ 'ਚ ਲੋਕਾਂ ਨੂੰ ਕਾਂਗਰਸ ਦੀ ਸਰਕਾਰ ਦੀ ਲੋੜ ਹੈ ਅਤੇ 111 ਦਿਨ ਕੰਮ ਕਰਨ ਵਾਲੀ ਸਰਕਾਰ ਨੂੰ ਅਗਲੇ ਪੰਜ ਸਾਲ ਲਈ ਮੌਕਾ ਦਿਉ, ਅਸੀਂ ਪੰਜਾਬ ਨੂੰ ਬਦਲ ਦਿਆਗੇ | ਚੰਨੀ ਨੇ ਵੀ ਮੰਗ ਕੀਤੀ ਕਿ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੋ, ਜਿਹੜਾ ਵੀ ਮੇਰੇ ਸਮੇਤ ਸਾਰਿਆਂ ਨੂੰ ਮਨਜ਼ੂਰ ਹੋਵੇਗਾ | ਸਾਡੇ 'ਚ ਕੋਈ ਮਤਭੇਦ ਨਹੀਂ ਹੈ ਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸਰਕਾਰ ਦੇਣ ਲਈ ਸਿੱਧੂ ਤੇ ਸਾਰਿਆ ਨਾਲ ਮਿਲ ਕੇ ਏਕਤਾ ਨਾਲ ਪੰਜਾਬ ਲਈ ਹਰ ਲੜਾਈ ਲੜਾਂਗੇ | ਚੰਨੀ ਨੇ ਇਸ ਦੇ ਨਾਲ ਹੀ ਸਿੱਧੂ ਨੂੰ ਰਲ ਮਿਲ ਕੇ ਰਹਿਣ ਦੀ ਨਸ਼ੀਹਤ ਵੀ ਦੇ ਦਿਤੀ |