ਪੰਜਾਬ ਵਿਚ ਪੁਰਾਣੇ ਅਸ਼ਟਾਮ ਪੇਪਰਾਂ ਨਾਲ ਫਰਜ਼ੀਵਾੜਾ! 500 ਰੁਪਏ ਵਾਲੇ ਪੇਪਰ 10,000 ਰੁਪਏ ’ਚ ਵੇਚ ਰਹੇ ਵਿਕਰੇਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਰਾਣੇ ਅਸ਼ਟਾਮ ਪੇਪਰਾਂ ਦਾ ਸਟਾਕ ਰੱਖਣ ਵਾਲੇ ਅਸ਼ਟਾਮ ਵਿਕਰੇਤਾ ਰੋਜ਼ਾਨਾ ਲੱਖਾਂ ਰੁਪਏ ਦੀ ਛਪਾਈ ਕਰ ਰਹੇ ਹਨ

Forgery of old stamp papers in punjab

 

ਚੰਡੀਗੜ੍ਹ: ਪੰਜਾਬ ਵਿਚ ਪੁਰਾਣੇ ਅਸ਼ਟਾਮ ਪੇਪਰਾਂ ਨਾਲ ਜਾਅਲਸਾਜ਼ੀ ਦੀ ਵੱਡੀ ਖੇਡ ਚੱਲ ਰਹੀ ਹੈ। ਬੇਸ਼ੱਕ ਸਰਕਾਰ ਨੇ ਇਸ ਜਾਅਲਸਾਜ਼ੀ ਨੂੰ ਰੋਕਣ ਲਈ ਸਟੈਂਪ ਪੇਪਰ ਆਨਲਾਈਨ ਜਾਰੀ ਕਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਪੁਰਾਣੇ ਅਸ਼ਟਾਮ ਪੇਪਰਾਂ ਦਾ ਸਟਾਕ ਰੱਖਣ ਵਾਲੇ ਅਸ਼ਟਾਮ ਵਿਕਰੇਤਾ ਰੋਜ਼ਾਨਾ ਲੱਖਾਂ ਰੁਪਏ ਦੀ ਛਪਾਈ ਕਰ ਰਹੇ ਹਨ, ਜਿਸ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਇਹ ਵੀ ਪੜ੍ਹੋ: ਨਸ਼ੇ ਨੇ ਉਜਾੜਿਆ ਇਕ ਹੋਰ ਘਰ, ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਤਹਿਸੀਲਾਂ ਵਿਚ ਬੈਠੇ ਅਸ਼ਟਾਮ ਵਿਕਰੇਤਾ ਰੋਜ਼ਾਨਾ ਲੱਖਾਂ ਰੁਪਏ ਦਾ ਕਾਲਾ ਧਨ ਕਮਾ ਰਹੇ ਹਨ। ਉਹ ਇਸ ਵੇਲੇ ਪੁਰਾਣੇ ਸਟਾਕ ਵਿਚ ਪਏ ਸਟੈਂਪ ਪੇਪਰਾਂ ਨੂੰ ਬਲੈਕ ਵਿਚ ਵੇਚ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਜਿਸ ਵਿਅਕਤੀ ਨੇ ਪੁਰਾਣੀ ਤਰੀਕ ਵਿਚ ਕੋਈ ਜਾਅਲਸਾਜ਼ੀ ਕਰਨੀ ਹੁੰਦੀ ਹੈ ਤਾਂ ਉਸ ਨੂੰ ਉਸੇ ਮਿਤੀ ਦਾ ਖਾਲੀ ਸਟੈਂਪ ਪੇਪਰ ਵੀ ਚਾਹੀਦਾ ਹੈ। ਇਸ ਦੇ ਨਾਲ ਹੀ ਮੌਜੂਦਾ ਮਿਤੀ ਵਿਚ ਸਰਕਾਰੀ ਕੇਂਦਰਾਂ ਵਿਚ ਆਨਲਾਈਨ ਸਟੈਂਪ ਪੇਪਰ ਉਪਲਬਧ ਹਨ।

ਇਹ ਵੀ ਪੜ੍ਹੋ: ਅਣਪਛਾਤੇ ਵਾਹਨ ਨੇ ਸਕੂਟੀ ਸਵਾਰ ਦੋ ਔਰਤਾਂ ਨੂੰ ਕੁਚਲਿਆ, ਮੌਕੇ ’ਤੇ ਹੀ ਹੋਈ ਮੌਤ

ਉੱਥੇ ਪੁਰਾਣੀ ਤਰੀਕ ਵਿਚ ਸਟੈਂਪ ਉਪਲਬਧ ਨਹੀਂ ਹੈ। ਅਜਿਹੇ ਵਿਚ ਸਟੈਂਪ ਪੇਪਰ ਵਿਕਰੇਤਾ 500 ਦੇ ਸਟੈਂਪ ਪੇਪਰ 10,000 ਰੁਪਏ ਵਿਚ ਵੇਚ ਰਹੇ ਹਨ। ਜੇਕਰ ਕੋਈ ਇਕੱਠੇ ਖਰੀਦਣਾ ਚਾਹੁੰਦਾ ਹੈ ਤਾਂ ਉਸ ਮਾਮਲੇ 'ਚ ਵੀ ਉਹ ਕਰੀਬ ਡੇਢ ਹਜ਼ਾਰ ਰੁਪਏ 'ਚ ਸੌਦੇਬਾਜ਼ੀ ਕਰ ਰਹੇ ਹਨ। ਤਹਿਸੀਲਾਂ ਵਿਚ ਸਟੈਂਪ ਪੇਪਰਾਂ ਨੂੰ ਬਲੈਕਮੇਲ ਕਰਨ ਦੀ ਖੇਡ ਖੇਡਣ ਵਾਲੇ ਵਿਕਰੇਤਾਵਾਂ ਕੋਲ ਦੋ-ਦੋ ਰਜਿਸਟਰ ਹਨ। ਇਹ ਦੋਵੇਂ ਰਜਿਸਟਰ ਇਸ ਲਈ ਹਨ ਕਿਉਂਕਿ ਇਹਨਾਂ ਨੇ ਸਟੈਂਪ ਵੈਂਡਰਾਂ ਦੇ ਦੋ ਲਾਇਸੰਸ ਬਣਾਏ ਹੋਏ ਹਨ।

ਉਹਨਾਂ ਕੋਲ ਇਕ ਲਾਇਸੈਂਸ ਸ਼ਹਿਰ ਲਈ ਹੈ ਅਤੇ ਦੂਜਾ ਲਾਇਸੈਂਸ ਪੇਂਡੂ ਖੇਤਰ ਲਈ ਹੈ। ਸ਼ਹਿਰਾਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿਚ ਸਟੈਂਪ ਪੇਪਰ ਘੱਟ ਵਿਕਦੇ ਹਨ, ਇਸ ਲਈ ਉਹ ਰਜਿਸਟਰ ਜ਼ਿਆਦਾਤਰ ਖਾਲੀ ਰਹਿੰਦੇ ਹਨ। ਵਿਕਰੇਤਾ ਸਟੈਂਪ ਪੇਪਰ ਜਾਰੀ ਕਰਨ ਲਈ ਗ੍ਰਾਮੀਣ ਰਜਿਸਟਰ ਦੀ ਵਰਤੋਂ ਕਰਦੇ ਹਨ। ਇਸ ਰਜਿਸਟਰ 'ਤੇ ਪੁਰਾਣੀ ਮਿਤੀ ਦਰਜ ਕਰਕੇ ਸਟੈਂਪ ਪੇਪਰ ਜਾਰੀ ਕੀਤੇ ਜਾਂਦੇ ਹਨ। ਕਿਹਾ ਜਾ ਰਿਹਾ ਹੈ ਕਿ ਤਹਿਸੀਲਾਂ ਵਿਚ ਨਾ ਸਿਰਫ਼ ਵਿਕਰੇਤਾ ਆਪਣੇ ਤੌਰ ’ਤੇ ਇਹ ਧੰਦਾ ਚਲਾ ਰਹੇ ਹਨ, ਸਗੋਂ ਇਸ ਧੰਦੇ ਦੀ ਇਕ ਕੜੀ ਵੀ ਬਣੀ ਹੋਈ ਹੈ। ਜਿਸ ਵਿਚ ਤਹਿਸੀਲ ਤੋਂ ਲੈ ਕੇ ਅਰਜੀ ਨਵੀਸ ਅਤੇ ਨੰਬਰਦਾਰ ਸ਼ਾਮਲ ਹਨ। ਇਹ ਪੁਰਾਣੇ ਸਟੈਂਪ ਪੇਪਰ ਮਰੇ ਹੋਏ ਵਿਅਕਤੀ ਨੂੰ ਦੁਬਾਰਾ ਜ਼ਿੰਦਾ ਕਰਨ ਲਈ ਵਰਤੇ ਜਾਂਦੇ ਹਨ। ਪੁਰਾਣੀ ਤਰੀਕ ਵਿਚ ਮ੍ਰਿਤਕ ਲੋਕਾਂ ਦੇ ਨਾਮ ਉੱਤੇ ਦਸਤਾਵੇਜ਼ ਤਿਆਰ ਕੀਤੇ ਜਾਂਦੇ ਹਨ ਅਤੇ ਫਿਰ ਇਹਨਾਂ ਦੀ ਵਰਤੋਂ ਜ਼ਮੀਨਾਂ ਦੀ ਹੇਰਾਫੇਰੀ ਵਿਚ ਕੀਤੀ ਜਾਂਦੀ ਹੈ।