ਸ੍ਰੀ ਫਤਿਹਗੜ੍ਹ ਸਾਹਿਬ 'ਚ 12ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੌਜਵਾਨ ਦਾ ਕਿਰਚ ਮਾਰ ਕੇ ਬੇਰਹਿਮੀ ਨਾਲ ਕਤਲ

Murder of a class 12th student in Sri Fatehgarh Sahib

ਸ੍ਰੀ ਫਤਿਹਗੜ੍ਹ ਸਾਹਿਬ: ਸ੍ਰੀ ਫਤਿਹਗੜ੍ਹ ਸਾਹਿਬ ਦੇ ਖਮਾਣੋਂ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੇ ਵਿਦਿਆਰਥੀਆਂ ਵੱਲੋਂ ਆਪਣੇ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਮਾਨਵਿੰਦਰ ਸਿੰਘ ਉਰਫ ਮਾਨ ਵਜੋਂ ਹੋਈ ਹੈ, ਜਿਸ ਦੀ ਉਮਰ 17 ਸਾਲ ਸੀ। ਮਾਨਵਿੰਦਰ ਸਿੰਘ ਬਾਰ੍ਹਵੀਂ ਜਮਾਤ ਦਾ ਮੈਡੀਕਲ ਦਾ ਵਿਦਿਆਰਥੀ ਸੀ ਅਤੇ ਖਮਾਣੋਂ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦਾ ਸੀ।

ਜਾਣਕਾਰੀ ਅਨੁਸਾਰ ਕਿਸੇ ਮਾਮੂਲੀ ਤਕਰਾਰ ਤੋਂ ਬਾਅਦ ਉਸ ਦੇ ਦੋਸਤਾਂ ਨੇ ਹੀ ਉਸ ’ਤੇ ਕਿਰਚ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਮਾਨਵਿੰਦਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਕਤਲ ਮਾਨਵਿੰਦਰ ਦੇ ਤਾਏ ਦੇ ਸਾਹਮਣੇ ਹੀ ਸਰੇ ਬਾਜ਼ਾਰ ਕੀਤਾ ਗਿਆ।  ਮ੍ਰਿਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਮ੍ਰਿਤਕ ਦੇ ਤਾਏ ਸੁਰਿੰਦਰ ਸਿੰਘ ਸ਼ਿੰਦਾ ਨੇ ਦੱਸਿਆ ਕਿ ਓਹਨਾਂ ਦੇ ਪਰਿਵਾਰ ਚ ਵਿਆਹ ਰੱਖਿਆ ਹੋਇਆ ਹੈ। ਜਿਸਦੇ ਲਈ ਇਹ ਖਰੀਦਦਾਰੀ ਕਰਨ ਖੰਨਾ ਰੋਡ ’ਤੇ ਖੜ੍ਹੇ ਸਨ। ਜਿਵੇਂ ਹੀ ਉਨ੍ਹਾਂ ਨੂੰ ਰੌਲਾ ਪੈਣ ਦੀ ਆਵਾਜ਼ ਸੁਣਾਈ ਦਿੱਤੀ, ਉਹ ਘਟਨਾ ਸਥਾਨ ਵੱਲ ਦੌੜੇ। ਉੱਥੇ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਭਤੀਜੇ ’ਤੇ ਉਸ ਦੇ ਦੋਸਤਾਂ ਵੱਲੋਂ ਕਿਰਚ ਨਾਲ ਹਮਲਾ ਕੀਤਾ ਜਾ ਚੁੱਕਾ ਸੀ ਅਤੇ ਉਸ ਦੀ ਮੌਤ ਹੋ ਗਈ ਸੀ।