ਪਿੰਡ ਗੁਰਮ (ਬਰਨਾਲਾ) ਦੇ ਮਾਪਿਆਂ ਦੇ ਇਕਲੌਤੇ ਪੁੱਤ ਰਾਜਪ੍ਰੀਤ ਸਿੰਘ (23) ਦੀ ਕੈਨੇਡਾ ਵਿੱਚ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਪਿਆਂ ਤੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਆਰਥਿਕ ਸਹਾਇਤਾ ਦੀ ਕੀਤੀ ਮੰਗ

Rajpreet Singh (23), the only son of parents from village Gurm (Barnala), died in Canada

ਬਰਨਾਲਾ: ਪੰਜਾਬ ਦੇ ਨੌਜਵਾਨਾਂ ਦੀ ਕਨੇਡਾ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਵਧਦਾ ਹੀ ਨਜ਼ਰ ਆ ਰਿਹਾ ਹੈ। ਜਿਸ ਵਿੱਚ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਸਭ ਤੋਂ ਵੱਧ ਨੌਜਵਾਨ ਇਸ ਅੰਕੜੇ ਦਾ ਸ਼ਿਕਾਰ ਹੋ ਰਹੇ ਹਨ। ਹੁਣ ਤਾਜ਼ਾ ਮਾਮਲਾ ਮਹਿਲ ਕਲਾਂ ਦੇ ਪਿੰਡ ਗੁਰਮ ਸਾਹਮਣੇ ਆਇਆ ਹੈ। ਜਿੱਥੇ 23 ਸਾਲ ਦੇ ਰਾਜਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵੀ ਕਨੇਡਾ ਵਿੱਚ ਬਿਮਾਰੀ ਕਾਰਨ ਮੌਤ ਹੋ ਗਈ।

ਮ੍ਰਿਤਕ ਰਾਜਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜੋ ਪੌਣੇ ਦੋ ਸਾਲ ਪਹਿਲਾਂ ਹੀ ਕਨੇਡਾ ਦੇ ਬਰੈਮਟਨ ਵਿੱਚ ਆਪਣੇ ਮਾਪਿਆਂ ਦੀ ਸੁਪਨੇ ਸਕਾਰ ਕਰਨ ਲਈ ਪੜ੍ਹਾਈ ਕਰਨ ਲਈ ਵਿਦੇਸ਼ ਕੈਨੇਡਾ ਗਿਆ ਹੋਇਆ ਸੀ। ਜੋ ਪਿਛਲੇ ਦਿਨੀ ਬਿਮਾਰ ਹੋਣ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ।

ਮ੍ਰਿਤਕ ਰਾਜਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਜਿਸ ਨੂੰ ਵਿਦੇਸ਼ ਕਨੇਡਾ ਭੇਜਣ ਲਈ ਉਸ ਦੇ ਪ੍ਰਾਈਵੇਟ ਬੱਸ ਡਰਾਈਵਰ ਵਜੋਂ ਕੰਮ ਕਰਨ ਵਾਲੇ ਪਿਤਾ ਕੁਲਵੰਤ ਸਿੰਘ ਨੇ ਆਪਣੇ ਹਿੱਸੇ ਆਉਂਦੀ ਦੋ ਏਕੜ ਜ਼ਮੀਨ ਵਿੱਚੋਂ ਕੁਝ ਜ਼ਮੀਨ ਗਹਿਣੇ ਰੱਖ, ਲੋਨ ਅਤੇ ਕਰਜਾ ਚੁੱਕ ਕੇ 23 ਲੱਖ ਲਾ ਕੇ ਉਸ ਨੂੰ ਕਨੇਡਾ ਭੇਜਿਆ ਸੀ, ਤਾਂ ਜੋ ਉਸ ਦੇ ਇਕਲੋਤੇ ਪੁੱਤ ਦਾ ਭਵਿੱਖ ਸੁਖਾਲਾ ਹੋ ਸਕੇ। ਪਰ ਇਸ ਮੰਦਭਾਗੀ ਘਟਨਾ ਨੇ ਜਿੱਥੇ ਪਰਿਵਾਰ ਨੂੰ ਝੰਝੋੜ ਕੇ ਰੱਖ ਦਿੱਤਾ, ਉੱਥੇ ਆਰਥਿਕ ਪੱਖੋਂ ਵੀ ਇਸ ਪਰਿਵਾਰ ਨਾਲ ਵੱਡੀ ਢਾਹ ਲੱਗੀ ਹੈ। ਇਸ ਮੌਕੇ ਉਤੇ ਪੁੱਤ ਦੀ ਮੌਤ ਤੋਂ ਬਾਅਦ ਰੋਂਦੇ ਕੁਰਲਾਉਂਦੇ ਮਾਪਿਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜਪ੍ਰੀਤ ਸਿੰਘ ਨੂੰ ਕਨੇਡਾ ਕਰਜ਼ਾ ਚੁੱਕ ਕੇ ਭੇਜਿਆ ਸੀ। ਰਾਜਪ੍ਰੀਤ ਸਿੰਘ ਦੀ 17/01/2026 ਨੂੰ ਬਿਮਾਰੀ ਕਾਰਨ ਕੈਨੇਡਾ ਵਿੱਚ ਮੌਤ ਹੋ ਗਈ। ਮ੍ਰਿਤਕ ਦੇ ਨੂੰ ਕਨੇਡਾ ਤੋਂ ਵਾਪਸ ਪੰਜਾਬ ਪਿੰਡ ਲਿਆਉਣ ਲਈ ਵੀ ਉਹਨਾਂ ਨੇ 9 ਲੱਖ 50 ਹਜਾਰ ਕਰਜ਼ਾ ਚੁੱਕ ਕੇ ਆਪਣੇ ਪੁੱਤ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਂਦਾ, ਤਾਂ ਜੋ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਉਹ ਆਪਣੇ ਇਕਲੌਤੇ ਪੁੱਤ ਰਾਜਪ੍ਰੀਤ ਸਿੰਘ ਦਾ ਅੰਤਿਮ ਸੰਸਕਾਰ ਕਰ ਸਕਣ। ਕੈਨੇਡਾ ਤੋਂ ਪੰਜਾਬ ਪਰਤੀ ਰਾਜਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਦਾ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਪਰਿਵਾਰਕ ਮੈਂਬਰਾਂ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ।

ਇਸ ਮੌਕੇ ਰੋਂਦੇ ਕੁਰਲਾਉਂਦੇ ਮਾਪਿਆਂ ਅਤੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਕਿਹਾ ਕਿ ਮ੍ਰਿਤਕ ਰਾਜਪ੍ਰੀਤ ਸਿੰਘ ਦੇ ਮਾਪਿਆਂ ਕੋਲ ਸਿਰਫ ਦੋ ਏਕੜ ਦੇ ਕਰੀਬ ਜਮੀਨ ਹੈ ਜਿਨਾਂ ਨੇ ਆਪਣੀ ਜਮੀਨ ਅਤੇ ਲੋਕਾਂ ਸਮੇਤ ਬੈਂਕ ਤੋਂ ਕਰਜ਼ਾ ਚੁੱਕ ਕੇ ਆਪਣੇ ਪੁੱਤ ਨੂੰ ਵਿਦੇਸ਼ ਕੈਨੇਡਾ ਭੇਜਿਆ ਸੀ ਜਿਸ ਲਈ ਪੰਜਾਬ ਸਰਕਾਰ ਚੜੇ ਕਰਜੇ ਨੂੰ ਮਾਫ ਕਰਨ ਲਈ ਪਰਿਵਾਰ ਦੇ ਆਰਥਿਕ ਮਦਦ ਕਰੇ ਤਾਂ ਜੋ ਬਾਕੀ ਰਹਿੰਦੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ।

ਰੋਂਦੀ ਕੁਰਲਾਉਂਦੀ ਹੋਈ ਮਾਂ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਨੇ ਸਵੇਰੇ ਆਪਣੀ ਮਾਂ ਨਾਲ ਸ਼ਾਮ ਨੂੰ ਗੱਲ ਕਰਨ ਦੀ ਗੱਲ ਆਖੀ ਸੀ। ਜੋ ਆਖਰੀ ਵਾਰ ਆਪਣੇ ਮਾਪਿਆਂ ਨਾਲ ਗੱਲ ਵੀ ਨਹੀਂ ਕਰ ਸਕਿਆ।

ਲਗਾਤਾਰ ਕੈਨੇਡਾ ਵਿੱਚ ਨੌਜਵਾਨ ਪੰਜਾਬੀਆਂ ਦੀ ਮੌਤ ਦੇ ਅੰਕੜੇ ਵੱਧਦੇ ਹੀ ਜਾ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹਨ। ਪਿਛਲੇ ਦਿਨਾਂ ਵਿੱਚ ਵੀ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਦੋ ਨੌਜਵਾਨ ਵੀ ਮੌਤ ਦੀ ਲਪੇਟ ਵਿੱਚ ਆ ਚੁੱਕੇ ਹਨ। ਜਿਨਾਂ ਦੇ ਪਿਤਾ ਵੀ ਪ੍ਰਾਈਵੇਟ ਬੱਸ ਡਰਾਈਵਰ ਤੌਰ ਤੇ ਆਪਣੀ ਡਿਊਟੀ ਕਰਦੇ ਸਨ। ਜਿਨ੍ਹਾਂ ਨੇ ਵੀ ਕਰਜ਼ਾ ਚੁੱਕ ਕੇ ਆਪਣੇ ਇਕਲੋਤੇ ਪੁੱਤਾਂ ਨੂੰ ਵਿਦੇਸ਼ ਭੇਜਿਆ ਸੀ। ਹੁਣ ਕੁਲਵੰਤ ਸਿੰਘ ਵੀ ਉਹਨਾਂ ਵਿੱਚੋਂ ਮੰਦਭਾਗਾ ਪਿਤਾ ਹੈ, ਜਿਸ ਦੇ ਪੁੱਤ ਦੀ ਮੌਤ ਵੀ ਬਿਮਾਰੀ ਕਾਰਨ ਕੈਨੇਡਾ ਵਿੱਚ ਹੋ ਗਈ।