ਬਟਾਲਾ ’ਚ ਅਣਪਛਾਤੇ ਨੌਜਵਾਨ ਨੇ ਸਰਕਾਰੀ ਮੁਲਾਜ਼ਮ ਦੀ ਲਈ ਜਾਨ
ਸੜਕ ’ਤੇ ਮਾਮੂਲੀ ਤਕਰਾਰ ਮਗਰੋਂ ਬੇਸਬਾਲ ਨਾਲ ਕੀਤਾ ਹਮਲਾ
ਬਟਾਲਾ: ਦੇਰ ਸ਼ਾਮ ਗੋਰਖਨਾਥ ਨਾਮਕ ਨੌਜਵਾਨ ਆਪਣੇ ਆਟੋ ’ਤੇ ਬਸੰਤ ਵਿਹਾਰ ’ਚ ਆਪਣੇ ਘਰ ਨੂੰ ਵਾਪਸ ਜਾ ਰਿਹਾ ਸੀ। ਸੁੰਨਸਾਨ ਕੱਚੀ ਗਲੀ ਵਿਚੋਂ ਜਦੋਂ ਉਹ ਆਪਣੇ ਆਟੋ ’ਤੇ ਨਿਕਲ ਰਿਹਾ ਸੀ, ਤਾਂ ਹਨੇਰੇ ਵਿੱਚ ਰਸਤੇ ’ਚ ਸਵਿਫਟ ਗੱਡੀ ਖੜੀ ਨਜ਼ਰ ਆਈ। ਉਸ ਨੇ ਗੱਡੀ ਸਵਾਰ ਕੋਲੋਂ ਰਸਤਾ ਮੰਗਿਆ, ਤਾਂ ਉਕਤ ਗੱਡੀ ’ਚ ਸਵਾਰ ਅਣਪਛਾਤੇ ਨੌਜਵਾਨ ਅਤੇ ਲੜਕੀ ਨੇ ਗੋਰਖਨਾਥ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਕਤ ਗੱਡੀ ਸਵਾਰ ਨੌਜਵਾਨ ਨੇ ਬੇਸਬਾਲ ਨਾਲ ਗੋਰਖਨਾਥ ’ਤੇ ਹਮਲਾ ਕਰ ਦਿੱਤਾ।
ਹਮਲੇ ਵਾਲੀ ਜਗ੍ਹਾ ਤੋਂ ਕੁਝ ਹੀ ਫੁੱਟ ਦੀ ਦੂਰੀ ’ਤੇ ਉਸ ਦੇ ਘਰੋਂ ਆਵਾਜ਼ਾਂ ਸੁਣ ਕੇ ਉਸ ਦਾ ਪਿਤਾ ਰਾਜ ਕੁਮਾਰ (55), ਜੋ ਕਿ ਪੋਲੀਟੈਕਨਿਕ ਕਾਲਜ ਅੰਮ੍ਰਿਤਸਰ ’ਚ ਮੁਲਾਜ਼ਮ ਸੀ, ਉਹ ਝਗੜਾ ਛੁਡਵਾਉਣ ਆਇਆ। ਉਕਤ ਗੱਡੀ ਸਵਾਰ ਨੌਜਵਾਨ ਨੇ ਰਾਜ ਕੁਮਾਰ ਦੇ ਸਿਰ ਵਿੱਚ ਵੀ ਬੇਸਬਾਲ ਨਾਲ ਵਾਰ ਕਰ ਦਿੱਤੇ ਤੇ ਖੁਦ ਗੱਡੀ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਇਸ ਹਮਲੇ ਵਿਚ ਰਾਜ ਕੁਮਾਰ ਦੀ ਮੌਤ ਹੋ ਗਈ ਅਤੇ ਗੋਰਖਨਾਥ ਜ਼ਖਮੀ ਹੋ ਗਿਆ। ਮੌਕੇ ’ਤੇ ਪਹੁੰਚੇ DSP ਸੰਜੀਵ ਕੁਮਾਰ ਅਤੇ SHO ਨਿਰਮਲ ਸਿੰਘ ਵਲੋਂ ਵਾਰਦਾਤ ਦੀ ਜਾਣਕਾਰੀ ਹਾਸਲ ਕਰਦੇ ਹੋਏ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਹਮਲਾਵਰ ਨੌਜਵਾਨ ਨੂੰ ਜਲਦ ਕਾਬੂ ਕਰ ਲੈਣ ਦਾ ਦਾਅਵਾ ਕੀਤਾ ਜਾ ਰਿਹਾ ਹੈ।