ਬੰਬ ਪੀੜਤ ਪ੍ਰਵਾਰਾਂ ਨੇ ਖੋਲ੍ਹਿਆ ਸਾਬਕਾ ਕਾਂਗਰਸੀ ਮੰਤਰੀ ਵਿਰੁਧ ਮੋਰਚਾ
ਸੂਬੇ ਦੀ ਕੈਪਟਨ ਸਰਕਾਰ ਭਾਵੇਂ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਨੇੜੇ ਪਹੁੰਚ ਚੁੱਕੀ ਹੈ
ਮੌੜ ਮੰਡੀ : ਸੂਬੇ ਦੀ ਕੈਪਟਨ ਸਰਕਾਰ ਭਾਵੇਂ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਨੇੜੇ ਪਹੁੰਚ ਚੁੱਕੀ ਹੈ, ਪ੍ਰੰਤੂ ਦੋ ਸਾਲਾਂ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮੌੜ ਬੰਬ ਧਮਾਕੇ 'ਚ ਮਾਰੇ ਗਏ ਮਸੂਮਾਂ ਦੇ ਪ੍ਰਵਾਰਾਂ ਦੇ ਜ਼ਖ਼ਮ ਅਜੇ ਵੀ ਅੱਲੇ ਹਨ ਜਿਸ ਕਾਰਨ ਉਨ੍ਹਾਂ ਦਾ ਕਾਂਗਰਸ ਪਾਰਟੀ ਦੇ ਹਲਕਾ ਸੇਵਾਦਾਰ ਅਤੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵਿਰੁਧ ਗੁੱਸਾ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਭੜਕੇ ਹੋਏ ਪੀੜਤ ਪ੍ਰਵਾਰਾਂ ਵਲੋਂ ਹਰਮਿੰਦਰ ਜੱਸੀ ਦੀ 3 ਮਾਰਚ ਮੌੜ ਰੈਲੀ ਦੇ ਵਿਰੋਧ ਕਰਨ ਦਾ ਬਿਗਲ ਵਜਾ ਦਿਤਾ ਹੈ ਜਿਸ ਕਾਰਨ ਇਕ ਵਾਰ ਫਿਰ ਮੋੜ ਅੰਦਰ ਮਾਹੌਲ ਤਣਾਅ ਪੂਰਨ ਬਣ ਸਕਦਾ ਹੈ।
ਇਸ ਸਬੰਧੀ ਪੀੜਤ ਧਿਰ ਦੇ ਡਾ. ਬਲਵੀਰ ਸਿੰਘ, ਖ਼ੁਸ਼ਦੀਪ ਸਿੰਘ ਵਿੱਕੀ, ਰਾਕੇਸ਼ ਕੁਮਾਰ ਬਿੱਟੂ, ਕੀਰਤਨ ਸਿੰਘ ਸੁਖਵਿੰਦਰ ਸਿੰਘ, ਮਾਸਟਰ ਨਛੱਤਰ ਸਿੰਘ, ਸੁਖਦੇਵ ਸਿੰਘ ਆਦਿ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਮਿੰਦਰ ਸਿੰਘ ਜੱਸੀ ਦੇ ਚੋਣ ਜਲਸੇ ਦੌਰਾਨ 31 ਮਾਰਚ 2017 ਨੂੰ ਮੌੜ ਵਿਖੇ ਬੰਬ ਧਮਾਕਾ ਹੋਇਆ ਸੀ ਅਤੇ ਇਸ ਧਮਾਕੇ 'ਚ 5 ਮਾਸੂਮ ਬੱਚਿਆਂ ਸਮੇਤ 7 ਮੌਤਾਂ ਅਤੇ ਦੋ ਦਰਜਨ ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ 'ਚੋ ਜਸਕਰਨ ਸਿੰਘ ਮੌੜ ਕਲਾਂ ਅੱਜ ਮੰਜੇ 'ਚ ਪਿਆ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ,
ਪ੍ਰੰਤੂ ਦੋ ਸਾਲ ਬੀਤ ਜਾਣ ਦੇ ਬਾਵਜੂਦ ਨਾ ਤਾਂ ਕੈਪਟਨ ਸਰਕਾਰ ਨੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਨਾ ਹੀ ਸ. ਜੱਸੀ ਨੇ ਪੀੜਤ ਪ੍ਰਵਾਰਾਂ ਦੀ ਸਾਰ ਲਈ ਹੈ, ਸਗੋਂ ਪੀੜਤ ਪ੍ਰਵਾਰਾਂ ਨੂੰ ਲਾਰੇ ਲਗਾ ਕੇ ਜ਼ਖ਼ਮਾਂ 'ਤੇ ਲੂਣ ਲਗਾਉਣ ਦਾ ਕੰਮ ਕੀਤਾ ਹੈ ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਪਸੰਦ ਲੋਕਾਂ ਦੀ ਮਦਦ ਨਾਲ ਜੱਸੀ ਦੀ ਰੈਲੀ 'ਚ ਜਾ ਕੇ ਵਿਰੋਧ ਕਰਨ ਲਈ ਮਜਬੂਰ ਹੋ ਕੇ ਪ੍ਰੋਗਰਾਮ ਉਲੀਕਣਾ ਪਿਆ।
ਉਨ੍ਹਾਂ ਇਹ ਵੀ ਕਿਹਾ ਕਿ ਉਹ ਜ਼ਖ਼ਮੀ ਜਸਕਰਨ ਸਿੰਘ ਨੂੰ ਮੰਜੇ ਸਮੇਤ ਚੁਕ ਕੇ ਰੈਲੀ 'ਚ ਲੈ ਕੇ ਆਉਣਗੇ, ਤਾਂ ਜੋ ਹਲਕੇ ਦੀ ਸੇਵਾ ਕਰਨ ਦਾ ਢਿੰਡੋਰਾ ਪਿੱਟਣ ਵਾਲੇ ਇਸ ਅਖੌਤੀ ਲੀਡਰ ਦਾ ਜਨਤਾ ਅੱਗੇ ਪਰਦਾ ਫ਼ਾਸ਼ ਕੀਤਾ ਜਾ ਸਕੇ। ਉਨ੍ਹਾਂ ਕਾਂਗਰਸ ਹਾਈ ਕਮਾਂਡ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਇਸ ਲੀਡਰ ਨੂੰ ਮੌੜ ਹਲਕੇ 'ਚ ਅੱਗੇ ਲਗਾਇਆ ਤਾਂ ਉਹ ਕਾਂਗਰਸੀ ਉਮੀਦਵਾਰ ਦਾ ਡੱਟ ਕੇ ਵਿਰੋਧ ਕਰਨਗੇ।