ਘੜੂੰਏਂ ਦਾ ਜੰਮਪਲ ਹੈ, ਹਵਾਈ ਹਮਲੇ ਦਾ ਵਿਉਂਤਕਾਰ ਹਵਾਈ ਸੈਨਾ ਮੁਖੀ ਧਨੋਆ
ਅੱਜ ਤੜਕੇ ਮਕਬੂਜਾ ਕਸ਼ਮੀਰ ਵਿਚ ਅਤਿਵਾਦੀ ਕੈਂਪਾਂ ਖ਼ਾਸ ਕਰ ਕੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਅਗਵਾਈ ਹੇਠਲੇ ਚਲ ਰਹੇ ਕੈਂਪਾਂ 'ਤੇ ਭਾਰਤੀ ਹਵਾਈ ਸੈਨਾ........
ਚੰਡੀਗੜ੍ਹ : ਅੱਜ ਤੜਕੇ ਮਕਬੂਜਾ ਕਸ਼ਮੀਰ ਵਿਚ ਅਤਿਵਾਦੀ ਕੈਂਪਾਂ ਖ਼ਾਸ ਕਰ ਕੇ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਅਗਵਾਈ ਹੇਠਲੇ ਚਲ ਰਹੇ ਕੈਂਪਾਂ 'ਤੇ ਭਾਰਤੀ ਹਵਾਈ ਸੈਨਾ ਦੇ ਇਕ ਦਰਜਨ ਮਿਰਾਜ ਜਹਾਜ਼ਾਂ ਵਲੋਂ ਹਮਲਾ ਕੀਤਾ ਗਿਆ। ਇਸ ਦੀ ਪੂਰੀ ਵਿਉਂਤਬੰਦੀ ਘੜਨ ਵਾਲਾ ਭਾਰਤੀ ਹਵਾਈ ਸੈਨਾ ਦਾ ਮੁਖੀ ਬਰਿੰਦਰ ਸਿੰਘ ਧਨੋਆ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਵਿਚ ਪੈਂਦੇ ਪਿੰਡ ਘੜੂੰਆ ਦਾ ਜੰਮਪਲ ਹੈ। ਦਸਿਆ ਗਿਆ ਹੈ ਕਿ 12 ਮਿਰਾਜ ਜਹਾਜ਼ਾਂ ਨੇ ਸਵੇਰੇ 3.30 ਵਜੇ ਮੁਜ਼ਫ਼ਰਬਾਦ ਵਿਚ ਪੈਂਦੇ ਚਕੋਟੀ ਖੇਤਰਾਂ 'ਤੇ ਤੇਜ਼ ਬੰਬਾਰੀ ਕੀਤੀ ਅਤੇ ਇਹ ਹਮਲਾ ਲਗਭਗ ਵੀਹ ਮਿੰਟ ਤਕ ਜਾਰੀ ਰਿਹਾ।
ਉਸ ਉਪਰੰਤ ਸਾਰੇ ਹਵਾਈ ਜਹਾਜ਼ ਸਹੀ ਸਲਾਮਤ ਵਾਪਸ ਪਰਤ ਆਏ। ਇਸ ਹਮਲੇ ਨੂੰ ਪਾਕਿਸਤਾਨੀ ਅਤਿਵਾਦੀਆਂ ਵਲੋਂ ਪੁਲਵਾਮਾ ਵਿਖੇ ਸੁਰੱਖਿਆ ਬਲਾਂ ਤੇ ਆਰ.ਡੀ.ਐਕਸ ਰਾਹੀਂ ਕੀਤੇ ਗਏ ਹਮਲੇ ਦਾ ਪ੍ਰਤੀਕਰਮ ਮੰਨਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਸ. ਧਨੋਆ ਨੇ 17 ਦਸੰਬਰ 2016 ਨੂੰ ਭਾਰਤੀ ਹਵਾਈ ਫ਼ੌਜ ਦੇ ਮੁਖੀ ਦਾ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਲਗਭਗ 40 ਸਾਲ ਦੇ ਅਪਣੇ ਫ਼ੌਜੀ ਕੈਰੀਅਰ ਵਿਚ ਵੱਖ ਵੱਖ ਥਾਵਾਂ 'ਤੇ ਅਤੇ ਅਹਿਮ ਅਹੁਦਿਆਂ 'ਤੇ ਕੰਮ ਕੀਤਾ ਹੈ। ਸ. ਧਨੋਆ ਹਵਾਈ ਸੈਨਾ ਦੇ ਬੇਹਤਰੀਨ ਅਧਿਕਾਰੀਆਂ ਵਿਚੋਂ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਬੁੱਧ ਸੈਨਾ ਮੈਡਲ ਅਤੇ ਵਾਯੂ ਸੈਨਾ ਮੈਡਲ ਵੀ ਮਿਲ ਚੁਕੇ ਹਨ।
ਉਨ੍ਹਾਂ ਨੂੰ ਜੂਨ 1978 ਵਿਚ ਭਾਰਤੀ ਹਵਾਈ ਫ਼ੌਜ ਵਿਚ ਕਮਿਸ਼ਨ ਮਿਲਿਆ ਸੀ। ਧਨੋਆ ਨੇ ਅਪਣੀ ਪੜ੍ਹਾਈ ਸੇਂਟ ਜਾਰਜ ਕਾਲਜ ਮਸੂਰੀ ਤੋਂ ਕੀਤੀ ਅਤੇ ਫਿਰ ਇੰਡੀਅਨ ਮਿਲਟਰੀ ਕਾਲਜ ਦੇਹਰਾਦੂਨ ਵਿਚ ਦਾਖ਼ਲਾ ਲੈ ਲਿਆ। ਉਹ ਨੈਸ਼ਨਲ ਡੀਫ਼ੈਂਸ ਅਕੈਡਮੀ ਦੇ ਗਰੈਜੂਏਟ ਹਨ। ਉਨ੍ਹਾਂ ਨੇ ਡਿਫ਼ੈਂਸ ਸਰਵਿਸਿਜ਼ ਸਟਾਫ਼ ਕਾਲਜ ਵੈਲਿੰਗਟਨ ਤੋਂ ਸਟਾਫ਼ ਕੋਰਸ ਵੀ ਕੀਤਾ ਹੋਇਆ ਹੈ। ਸ. ਧਨੋਆ ਨੂੰ ਵੱਖ ਵੱਖ ਤਰ੍ਹਾਂ ਦੇ ਲੜਾਕੂ ਜਹਾਜ਼ ਉਡਾਉਣ ਦੀ ਮੁਹਾਰਤ ਹੈ। ਉਨ੍ਹਾਂ ਨੂੰ ਐਚਜੇਟੀ-16, ਕਿਰਨ, ਮਿੱਗ 21, ਸਪੈਸ਼ਲ ਜੈਗੂਅਰ, ਮਿੱਗ 29 ਅਤੇ ਐਸ.ਯੂ. 30 ਐਮ.ਕੇ.ਆਈ ਲੜਾਕੂ ਜਹਾਜ਼ ਉਡਾਉਣ ਦਾ ਵੀ ਤਜਰਬਾ ਹੈ।
ਉਹ ਹਵਾਈ ਫ਼ੌਜ ਦੇ ਹੈਡਕੁਆਰਟਰ ਵਿਖੇ ਡਾਇਰੈਕਟਰ ਟਾਰਗੈਟਿੰਗ ਸੇੱਲ ਅਤੇ ਹਵਾਈ ਸੈਨਾ ਦੇ ਅਸਿਸਟੈਂਟ ਚੀਫ਼ (ਖ਼ੁਫ਼ੀਆ) ਅਤੇ ਦੱਖਣੀ ਪੱਛਮੀ ਏਅਰਕਮਾਂਡ ਦੇ ਏਅਰ ਆਫ਼ੀਸਰ ਕਮਾਂਡਿੰਗ ਇਨ ਚੀਫ਼ ਵੀ ਰਹੇ ਹਨ। ਉਹ ਡੀਫ਼ੈਂਸ ਸਰਵਿਸਿਜ਼ ਸਟਾਫ਼ ਕਾਲਜ ਵੈਲਿੰਗਟਨ ਦੇ ਏਅਰ ਇੰਸਟਰਕਟਰ ਵੀ ਰਹੇ ਹਨ। ਜ਼ਿਕਰਯੋਗ ਹੈ ਕਿ ਸ. ਧਨੋਆ ਦੇ ਪਿਤਾ ਸੁਰੈਣ ਸਿੰਘ ਧਨੋਆ ਆਈ.ਏ.ਐਸ. ਪੰਜਾਬ ਅਤੇ ਬਿਹਾਰ ਦੇ ਮੁੱਖ ਸਕੱਤਰ ਰਹੇ ਹਨ। ਉਨ੍ਹਾਂ ਦੇ ਦਾਦਾ ਕੈਪਟਨ ਸੰਤ ਸਿੰਘ ਧਨੋਆ ਦੂਜੀ ਵਿਸ਼ਵ ਜੰਗ ਵਿਚ ਬ੍ਰਿਟਿਸ਼ ਭਾਰਤੀ ਫ਼ੌਜ ਵਲੋਂ ਲੜੇ ਸਨ।