ਸਰਹੱਦੀ ਖੇਤਰਾਂ ਦੇ ਲੋਕ ਫ਼ੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ ਨੂੰ ਤਿਆਰ
ਚੰਡੀਗੜ੍ਹ : ਭਾਰਤੀ ਏਅਰ ਫ਼ੋਰਸ ਦੇ 12 ਮਿਰਾਜ ਲੜਾਕੂ ਜਹਾਜ਼ਾਂ ਨੇ ਬੀਤੇ ਦਿਨ ਪਾਕਿ ਦੇ ਬਾਲਾਕੋਟ ਅਤੇ ਕਈ...
ਚੰਡੀਗੜ੍ਹ : ਭਾਰਤੀ ਏਅਰ ਫ਼ੋਰਸ ਦੇ 12 ਮਿਰਾਜ ਲੜਾਕੂ ਜਹਾਜ਼ਾਂ ਨੇ ਬੀਤੇ ਦਿਨ ਪਾਕਿ ਦੇ ਬਾਲਾਕੋਟ ਅਤੇ ਕਈ ਅਤਿਵਾਦੀ ਕੈਂਪਾਂ 'ਤੇ ਬੰਬ ਸੁੱਟ ਕੇ ਪਾਕਿ ਦੇ ਕਈ ਠਿਕਾਣਿਆਂ ਦਾ ਖ਼ਾਤਮਾ ਕਰ ਦਿਤਾ ਸੀ ਜਿਸ 'ਚ 200 ਤੋਂ 300 ਅਤਿਵਾਦੀਆਂ ਦੇ ਮਰਨ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਇਸ ਹਮਲੇ ਕਾਰਨ ਸਰਹੱਦ ਦੇ ਨੇੜੇ ਰਹਿ ਰਹੇ ਲੋਕਾਂ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਦੌਰਾਨ ਸਰਹੱਦੀ ਖੇਤਰਾਂ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਅੰਮ੍ਰਿਤਸਰ ਤੇ ਗੁਰਦਾਸਪੁਰ ਇਲਾਕਿਆਂ ਦੇ ਲੋਕਾਂ ਨਾਲ ਗੱਲਬਾਤ ਕਰਨ 'ਤੇ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਦੇ ਹੌਂਸਲੇ ਸੱਤਵੇਂ ਅਸਮਾਨ 'ਤੇ ਹਨ। ਉਨ੍ਹਾਂ ਅੰਦਰ ਕੋਈ ਖ਼ੌਫ਼ ਨਹੀਂ ਹੈ ਸਗੋਂ ਉਹ ਸਾਰੇ ਇਕੋ ਸੁਰ 'ਚ ਕਹਿ ਰਹੇ ਹਨ ਕਿ ਭਾਰਤੀ ਏਅਰ ਫ਼ੋਰਸ ਨੂੰ ਅਜਿਹੇ ਹਮਲੇ ਹੋਰ ਵੀ ਕਰਨੇ ਚਾਹੀਦੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਲੋਂ ਪਾਕਿਸਤਾਨ ਨੂੰ ਕਰੜਾ ਸਬਕ ਸਿਖਾਇਆ ਜਾਣਾ ਚਾਹੀਦਾ ਹੈ ਤੇ ਭਾਵੇਂ ਜੰਗ ਵੀ ਛੇੜਨੀ ਪੈ ਜਾਵੇ। ਇਹ ਲੋਕ ਇਹ ਵੀ ਕਹਿੰਦੇ ਹਨ ਕਿ ਜੇਕਰ ਲੜਾਈ ਲਗਦੀ ਹੈ ਤਾਂ ਉਹ ਅਪਣੇ ਪਿੰਡ ਖ਼ਾਲੀ ਕਰ ਕੇ ਨਹੀਂ ਜਾਣਗੇ ਬਲਕਿ ਫ਼ੌਜ ਦੇ ਮੋਢੇ ਨਾਲ ਮੋਢਾ ਜੋੜ ਕੇ ਉਸ ਦੀ ਮਦਦ ਕਰਨਗੇ। ਲੋਕਾਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਸ ਸਮੇਂ ਤਾਂ ਇਥੋਂ ਦਾ ਮਾਹੌਲ ਸਹੀ ਹੈ ਪਰ ਜੇਕਰ ਮਾਹੌਲ ਖ਼ਰਾਬ ਹੁੰਦਾ ਹੈ ਤਾਂ ਉਹ ਅਪਣੇ ਪਿੰਡਾਂ 'ਚ ਹੀ ਰਹਿ ਕੇ ਹੀ ਫ਼ੌਜ ਦਾ ਸਾਥ ਦੇਣਗੇ। ਇਨ੍ਹਾਂ ਪਿੰਡਾਂ ਦੇ ਲੋਕ ਪਿੰਡਾਂ ਤੋਂ ਸਰਹੱਦਾਂ ਨੂੰ ਜਾਣ ਵਾਲੀਆਂ ਸੜਕਾਂ ਨੂੰ ਮਿੱਟੀ ਪਾ ਕੇ ਠੀਕ ਕਰ ਰਹੇ ਹਨ। ਇਨ੍ਹਾਂ ਲੋਕਾਂ ਅੰਦਰ ਪਾਕਿਸਤਾਨ ਪ੍ਰਤੀ ਡਾਹਢਾ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਥੋੜ੍ਹੇ ਜਿਹੇ ਸਮੇਂ ਬਾਅਦ ਹੀ ਪਾਕਿਸਤਾਨ ਮਾਹੌਲ ਵਿਗਾੜ ਦਿੰਦਾ ਹੈ। ਇਸ ਲਈ ਵਾਰ-ਵਾਰ ਉਸ ਨੂੰ ਸਮਝਾਉਣ ਦੀ ਬਜਾਏ ਇਕ ਵਾਰ ਹੀ ਸਬਕ ਸਿਖਾ ਦੇਣਾ ਚਾਹੀਦਾ ਹੈ। ਉਸ ਉਪਰ ਅਜਿਹਾ ਵਾਰ ਕਰਨਾ ਚਾਹੀਦਾ ਹੈ ਕਿ ਉਹ ਮੁੜ ਕਈ ਸਾਲ ਤਕ ਅਪਣੇ ਪੈਰਾਂ 'ਤੇ ਖੜਾ ਹੋਣ ਜੋਗਾ ਨਾ ਰਹੇ।