ਇਕ ਕੇਂਦਰ ਸ਼ਾਸਤ ਪ੍ਰਦੇਸ਼ ਸਣੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ

ਏਜੰਸੀ

ਖ਼ਬਰਾਂ, ਪੰਜਾਬ

ਇਕ ਕੇਂਦਰ ਸ਼ਾਸਤ ਪ੍ਰਦੇਸ਼ ਸਣੇ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ

image

ਤਰੀਕਾਂ ਦਾ ਹੋਇਆ ਐਲਾਨ 2 ਮਈ ਨੂੰ  ਆਉਣਗੇ ਨਤੀਜੇ : ਮੁੱਖ ਚੋਣ ਕਮਿਸ਼ਨ

ਨਵੀਂ ਦਿੱਲੀ, 26 ਫ਼ਰਵਰੀ : ਚੋਣ ਕਮਿਸ਼ਨ ਨੇ ਸ਼ੁਕਰਵਾਰ ਨੂੰ  ਪਛਮੀ ਬੰਗਾਲ, ਤਾਮਿਲਨਾਡੂ, ਆਸਾਮ, ਕੇਰਲ ਅਤੇ ਪੁਡੂਚੇਰੀ ਵਿਚ ਵਿਧਾਨ ਸਭਾ ਚੋਣਾਂ ਦੀਆਂ ਤਾਰੀਕਾਂ ਦਾ ਐਲਾਨ ਕੀਤਾ | ਇਨ੍ਹਾਂ ਚਾਰਾਂ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਵਿਚ ਵੱਖ-ਵੱਖ ਗੇੜਾਂ ਵਿਚ 27 ਮਾਰਚ ਤੋਂ 29 ਅਪ੍ਰੈਲ ਨੂੰ  ਵੋਟਿੰਗ ਹੋਵੇਗੀ | ਵੋਟਾਂ ਦੀ ਗਿਣਤੀ 2 ਮਈ ਨੂੰ  ਹੋਵੇਗੀ | ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਇਥੇ ਆਯੋਜਿਤ ਇਕ ਪ੍ਰੈਸ ਕਾਨਫ਼ਰੰਸ ਵਿਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕੀਤਾ | ਇਸ ਦੇ ਨਾਲ ਹੀ ਸਾਰੇ ਚੋਣ ਸੂਬਿਆਂ ਅਤੇ ਪੁਡੂਚੇਰੀ ਵਿਚ ਚੋਣ ਜ਼ਾਬਤਾ ਲਾਗੂ ਹੋ ਗਿਆ | ਚੋਣ ਤਰੀਕਾਂ ਦਾ ਐਲਾਨ ਕਰਦਿਆਂ ਅਰੋੜਾ ਨੇ ਕਿਹਾ ਕਿ ਚਾਰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪੁਡੂਚੇਰੀ ਸਮੇਤ ਕੁਲ 824 ਵਿਧਾਨ ਸਭਾ ਹਲਕਿਆਂ ਵਿਚ ਵੋਟਾਂ ਪੈਣਗੀਆਂ ਅਤੇ ਕੁਲ 18.68 ਕਰੋੜ ਵੋਟਰ 2.7 ਲੱਖ ਪੋਲਿੰਗ ਸਟੇਸ਼ਨਾਂ ਤੇ ਵੋਟ ਪਾਉਣ ਦੇ ਯੋਗ ਹੋਣਗੇ |
ਪਛਮੀ ਬੰਗਾਲ ਵਿਚ 27 ਮਾਰਚ ਤੋਂ 29 ਅਪ੍ਰੈਲ ਤਕ ਅੱਠ ਗੇੜਾਂ ਵਿਚ ਜਦਕਿ ਆਸਾਮ ਵਿਚ 27 ਮਾਰਚ ਤੋਂ 6 ਅਪ੍ਰੈਲ ਤਕ ਤਿੰਨ ਗੇੜਾਂ ਵਿਚ ਵੋਟਿੰਗ ਹੋਵੇਗੀ | ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿਚ ਇਕ ਗੇੜ 

ਵਿਚ 6 ਅਪ੍ਰੈਲ ਨੂੰ  ਵੋਟਿੰਗ ਹੋਵੇਗੀ | 
ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਕਿਹਾ ਕਿ ਆਸਾਮ 'ਚ 3 ਗੇੜ 'ਚ ਚੋਣਾਂ ਹੋਣਗੀਆਂ | ਪਹਿਲੇ ਗੇੜ ਦੀ ਵੋਟਿੰਗ 27 ਮਾਰਚ, ਦੂਜੇ ਗੇੜ ਦੀ ਇਕ ਅਪ੍ਰੈਲ, ਤੀਜੇ ਗੇੜ ਦੀ ਵੋਟਿੰਗ 6 ਅਪ੍ਰੈਲ ਨੂੰ  ਹੋਵੇਗੀ | ਕੇਰਲ 'ਚ ਇਕ ਗੇੜ 'ਚ 6 ਅਪ੍ਰੈਲ ਨੂੰ  ਵੋਟਿੰਗ ਹੋਵੇਗੀ | ਤਾਮਿਲਨਾਡੂ 'ਚ ਵੀ ਇਕ ਗੇੜ 'ਚ 6 ਅਪ੍ਰੈਲ ਨੂੰ  ਵੋਟਿੰਗ ਹੋਵੇਗੀ | 2 ਮਈ ਨੂੰ  ਚੋਣਾਂ ਦੇ ਨਤੀਜੇ ਆਉਣਗੇ | ਕੇਂਦਰ ਸ਼ਾਸਿਤ ਪ੍ਰਦੇਸ਼ ਪੁਡੂਚੇਰੀ 'ਚ ਇਕ ਗੇੜ 'ਚ ਵੋਟਿੰਗ ਹੋਵੇਗੀ | ਪੁਡੂਚੇਰੀ 'ਚ ਵੀ 6 ਅਪ੍ਰੈਲ ਨੂੰ  ਹੀ ਵੋਟਿੰਗ ਹੋਵੇਗੀ | 
ਪਛਮੀ ਬੰਗਾਲ 'ਚ 8 ਗੇੜ 'ਚ ਵੋਟਿੰਗ ਹੋਵੇਗੀ | ਪਹਿਲੇ ਗੇੜ ਦੀ ਵੋਟਿੰਗ 27 ਮਾਰਚ ਨੂੰ , ਦੂਜੇ ਗੇੜ ਦੀ ਇਕ ਅਪ੍ਰੈਲ, ਤੀਜੇ ਗੇੜ ਦੀ 6 ਅਪ੍ਰੈਲ, ਚੌਥੇ ਗੇੜ ਦੀ 10 ਅਪ੍ਰੈਲ, 5ਵੇਂ ਗੇੜ ਦੀ 17 ਅਪ੍ਰੈਲ, 6ਵੇਂ ਗੇੜ ਦੀ 22 ਅਪ੍ਰੈਲ, 7ਵੇਂ ਗੇੜ ਦੀ 26 ਅਪ੍ਰੈਲ ਅਤੇ 8 ਗੇੜ ਦੀ ਵੋਟਿੰਗ 29 ਅਪ੍ਰੈਲ ਨੂੰ  ਹੋਵੇਗੀ | ਵਿਧਾਨ ਸਭਾ ਚੋਣਾਂ ਦੇ ਨਤੀਜੇ 2 ਮਈ ਨੂੰ  ਆਉਣਗੇ |
ਕਮਿਸ਼ਨ ਨੇ ਦਸਿਆ ਕਿ ਕੋਰੋਨਾ ਲਾਗ ਨੂੰ  ਵੇਖਦੇ ਹੋਏ ਕਈ ਇੰਤਜ਼ਾਮ ਕੀਤੇ ਸਨ, ਇਸ ਵਾਰ ਸੂਬੇ 'ਚ ਚੋਣ ਕੇਂਦਰਾਂ ਦੀ ਗਿਣਤੀ 33,530 ਹੋਵੇਗੀ | ਚੋਣ ਕਮਿਸ਼ਨ ਨੇ ਵੋਟਿੰਗ ਦਾ ਸਮਾਂ ਇਕ ਘੰਟੇ ਵਧਾਇਆ ਹੈ | ਇਸ ਦੇ ਨਾਲ-ਨਾਲ ਸਾਰੇ ਚੋਣ ਅਧਿਕਾਰੀਆਂ ਨੂੰ  ਕੋਰੋਨਾ ਦੀ ਵੈਕਸੀਨ ਵੀ ਲਗਾਈ ਜਾਵੇਗੀ | ਚੋਣਾਂ ਦੌਰਾਨ ਕੋਰੋਨਾ ਪ੍ਰੋਟੋਕਾਲ ਦੀ ਪਾਲਣਾ ਕੀਤੀ ਜਾਵੇਗੀ | 
ਕਮਿਸ਼ਨ ਨੇ ਦਸਿਆ ਕਿ ਨਾਮਜ਼ਦਗੀ ਲਈ ਆਨਲਾਈਨ ਸਹੂਲਤ ਹੋਵੇਗੀ | ਜ਼ਮਾਨਤ ਰਾਸ਼ੀ ਵੀ ਆਨਲਾਈਨ ਜਮ੍ਹਾਂ ਕੀਤੀ ਜਾਵੇਗੀ | ਨਾਮਜ਼ਦਗੀ ਦੇ ਸਮੇਂ 2 ਲੋਕ ਵੀ ਮੌਜੂਦ ਰਹਿ ਸਕਣਗੇ, ਉਥੇ ਹੀ ਰੋਡ ਸ਼ੋਅ 'ਚ 5 ਗੱਡੀਆਂ ਲਿਜਾਉਣ ਦੀ ਮਨਜ਼ੂਰੀ ਹੋਵੇਗੀ | 
ਇਸ ਤੋਂ ਇਲਾਵਾ ਡੋਰ ਟੂ ਡੋਰ ਕੈਂਪਨ 'ਚ 5 ਲੋਕ ਹੀ ਜਾਣਗੇ | ਇਸ ਤੋਂ ਇਲਾਵਾ ਸੁਰੱਖਿਆ ਨੂੰ  ਲੈ ਕੇ ਚੋਣ ਕਮਿਸ਼ਨ ਨੇ ਦੱਸਿਆ ਕਿ ਆਸਾਮ ਸਣੇ 5 ਸੂਬਿਆਂ 'ਚ ਵੋਟਿੰਗ ਲਈ ਸੀ.ਏ.ਪੀ.ਐੱਫ. ਦੀ ਤਾਇਨਾਤੀ ਕੀਤੀ ਜਾਵੇਗੀ | (ਏਜੰਸੀ)