ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨਾਲ ਕਾਂਗਰਸੀ ਵਿਧਾਇਕਾਂ ਨੇ ਕੀਤੀ ਧੱਕਾ ਮੁੱਕੀ, ਪੰਜ ਵਿਧਾਇਕ ਮੁਅੱਤਲ
ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਨਾਲ ਕਾਂਗਰਸੀ ਵਿਧਾਇਕਾਂ ਨੇ ਕੀਤੀ ਧੱਕਾ ਮੁੱਕੀ, ਪੰਜ ਵਿਧਾਇਕ ਮੁਅੱਤਲ
ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਾਂਗਰਸ ਦੇ ਵਤੀਰੇ ਦੀ ਕੀਤੀ ਨਿਖੇਧੀ
ਸ਼ਿਮਲਾ, 26 ਫ਼ਰਵਰੀ: ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਪਹਿਲੇ ਦਿਨ ਸ਼ੁਕਰਵਾਰ ਨੂੰ ਅਪਣੇ ਸੰਬੋਧਨ ਤੋਂ ਬਾਅਦ ਸਦਨ ਤੋਂ ਪਰਤ ਰਹੇ ਕੁੱਝ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨਾਲ ਕਥਿਤ ਤੌਰ 'ਤੇ ਧੱਕਾ ਮੁੱਕੀ ਕੀਤੀ | ਇਸ ਤੋਂ ਬਾਅਦ ਵਿਧਾਨ ਸਭਾ ਸਪੀਕਰ ਵਿਪਨ ਪਰਮਾਰ ਨੇ ਪੰਜ ਕਾਂਗਰਸੀ ਵਿਧਾਇਕਾਂ ਨੂੰ ਮੁਅੱਤਲ ਕਰ ਦਿਤਾ | ਕੇਂਦਰੀ ਸੰਸਦੀ ਮਾਮਲਿਆਂ ਬਾਰੇ ਮੰਤਰੀ ਸੁਰੇਸ਼ ਭਾਰਦਵਾਜ ਨੇ ਕਿਹਾ ਕਿ ਸੈਸ਼ਨ ਤੋਂ ਬਾਅਦ ਜਦੋਂ ਰਾਜਪਾਲ ਅਪਣੀ ਗੱਡੀ ਕੋਲ ਜਾ ਰਹੇ ਸਨ ਤਾਂ ਸਦਨ ਵਿਚ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ, ਕਾਂਗਰਸ ਦੇ
ਵਿਧਾਇਕ ਹਰਸ਼ਵਰਧਨ ਚੌਹਾਨ, ਸੁੰਦਰ ਸਿੰਘ ਠਾਕੁਰ, ਸੱਤਿਆਲ ਰਾਇਜ਼ਾਦਾ ਅਤੇ ਵਿਨੈ ਕੁਮਾਰ ਨੇ ਉਨ੍ਹਾਂ ਨਾਲ ਹੱਥੋਂਪਾਈ ਕੀਤੀ |
ਇਸ ਤੋਂ ਬਾਅਦ ਸੁਰੇਸ਼ ਭਾਰਦਵਾਜ ਨੇ ਪੰਜ ਕਾਂਗਰਸ ਵਿਧਾਇਕਾਂ ਨੂੰ ਮੁਅੱਤਲ ਕਰਨ ਲਈ ਮਤਾ ਪੇਸ਼ ਕੀਤਾ, ਜਿਸ 'ਤੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ | ਇਸ ਤੋਂ ਪਹਿਲਾਂ ਜਿਵੇਂ ਹੀ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਇਆ, ਸਵੇਰੇ 11 ਵਜੇ ਵਿਰੋਧੀ ਧਿਰ ਦੇ ਆਗੂ ਮੁਕੇਸ਼ ਅਗਨੀਹੋਤਰੀ ਦੀ ਅਗਵਾਈ ਵਾਲੇ ਕਾਂਗਰਸੀ ਮੈਂਬਰ ਅਪਣੀਆਂ ਸੀਟਾਂ ਤੋਂ ਖੜੇ ਹੋ ਗਏ ਅਤੇ ਨਾਹਰੇਬਾਜ਼ੀ ਕਰਨ ਲੱਗੇ |
ਹੰਗਾਮੇ ਵਿਚਕਾਰ, ਰਾਜਪਾਲ ਨੇ ਅਪਣੇ ਸੰਬੋਧਨ ਦੀ ਸਿਰਫ਼ ਆਖ਼ਰੀ ਲਾਈਨ ਨੂੰ ਹੀ ਪੜਿ੍ਹਆ ਅਤੇ ਕਿਹਾ ਕਿ ਬਾਕੀ ਭਾਸ਼ਣ ਪੜਿ੍ਹਆ ਹੋਇਆ ਮੰਨਿਆ ਜਾਵੇ | ਕਾਂਗਰਸ ਦੇ ਮੈਂਬਰਾਂ ਨੇ ਦੋਸ਼ ਲਾਇਆ ਕਿ ਇਹ ਭਾਸ਼ਣ ਝੂਠ ਨਾਲ ਭਰਿਆ ਹੋਇਆ ਸੀ |
ਉਨ੍ਹਾਂ ਕਿਹਾ ਕਿ ਐਲਪੀਜੀ, ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਵਰਗੇ ਮੁੱਦਿਆਂ ਨੂੰ ਸੰਬੋਧਨ ਵਿਚ ਸ਼ਾਮਲ ਨਹੀਂ ਕੀਤਾ ਗਿਆ |
ਇਸ ਤੋਂ ਬਾਅਦ ਸੋਮਵਾਰ ਦੁਪਹਿਰ ਦੋ ਵਜੇ ਤਕ ਸਦਨ ਮੁਲਤਵੀ ਕਰ ਦਿਤਾ ਗਿਆ | ਮੁੱਖ ਮੰਤਰੀ ਜੈ ਰਾਮ ਠਾਕੁਰ ਨੇ ਕਾਂਗਰਸ ਦੇ ਇਸ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸ ਦੀ ਕੋਈ ਲੋੜ ਨਹੀਂ ਸੀ | (ਪੀਟੀਆਈ)
-------