ਰਾਸ਼ਟਰੀ ਮੈਡੀਕਲ ਕਮਿਸ਼ਨ ਮੈਡੀਕਲ ਸਿਖਿਆ ਅਤੇ ਸਿਹਤ ਦੇ ਖੇਤਰ ’ਚ ਵਿਆਪਕ ਤਬਦੀਲੀਆਂ ਲਿਆਏਗਾ: ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਰਾਸ਼ਟਰੀ ਮੈਡੀਕਲ ਕਮਿਸ਼ਨ ਮੈਡੀਕਲ ਸਿਖਿਆ ਅਤੇ ਸਿਹਤ ਦੇ ਖੇਤਰ ’ਚ ਵਿਆਪਕ ਤਬਦੀਲੀਆਂ ਲਿਆਏਗਾ: ਮੋਦੀ

image

ਕਿਹਾ, ਭਾਰਤ ਦੇ ਸਿਹਤ ਢਾਂਚੇ ਨੂੰ ਵਿਸ਼ਵ ’ਚ ਨਵੇਂ ਰਵਈਏ, ਨਵੇਂ ਸਤਿਕਾਰ ਅਤੇ ਨਵੀਂ ਭਰੋਸੇਯੋਗਤਾ ਨਾਲ ਵੇਖਿਆ ਜਾ ਰਿਹੈ
 

ਚੇਨਈ, 26 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਡਾਕਟਰੀ ਸਿਖਿਆ ਅਤੇ ਸਿਹਤ ਦੇ ਖੇਤਰ ਵਿਚ ਇਕ ਵਿਆਪਕ ਤਬਦੀਲੀ ਲਿਆ ਰਹੀ ਹੈ ਅਤੇ ਰਾਸ਼ਟਰੀ ਮੈਡੀਕਲ ਕਮਿਸ਼ਨ (ਐਨਐਮਸੀ) ਇਨ੍ਹਾਂ ਖੇਤਰਾਂ ਵਿਚ ਬਹੁਤ ਪਾਰਦਰਸ਼ਤਾ ਲਿਆਏਗਾ।
ਪ੍ਰਧਾਨ ਮੰਤਰੀ ਨੇ ਮੈਡੀਕਲ ਖੇਤਰ ਦੇ ਵਿਦਿਆਰਥੀਆਂ ਨੂੰ ਖ਼ੁਸ਼ ਰਹਿਣ ਅਤੇ ਹਾਸੇ-ਮਜ਼ਾਕ ਨੂੰ ਬਣਾਈ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨਾਲ ਮਰੀਜ਼ਾਂ ਨੂੰ ਖ਼ੁਸ਼ ਰੱਖਣ ਦੇ ਨਾਲ-ਨਾਲ ਉਨ੍ਹਾਂ ਦੇ ਮਨੋਬਲ ਨੂੰ ਹੁਲਾਰਾ ਮਿਲੇਗਾ।
ਵੀਡੀਉ ਕਾਨਫ਼ਰੰਸ ਰਾਹੀਂ ਇਥੇ ਸਥਿਤ ਐਮਜੀਆਰ ਮੈਡੀਕਲ ਯੂਨੀਵਰਸਿਟੀ ਦੇ 33ਵੇਂ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਨੇ ਸਿਹਤ ਸੈਕਟਰ ਵਿਚ ਨਾ ਸਿਰਫ਼ ਇਕ ਨਵਾਂ ਰਸਤਾ ਸਿਰਜਿਆ ਹੈ, ਸਗੋਂ  ਦੂਜੇ ਦੇਸ਼ਾਂ ਨੂੰ ਵੀ ਇਸ ਰਾਹ ਉੱਤੇ ਸਹਾਇਤਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਸਿਹਤ ਢਾਂਚਾ ਨੂੰ ਅੱਜ ਪੂਰੇ ਵਿਸ਼ਵ ਵਿਚ ਨਵੇਂ ਰਵਈਏ, ਨਵੇਂ ਸਤਿਕਾਰ ਅਤੇ ਨਵੀਂ ਭਰੋਸੇਯੋਗਤਾ ਨਾਲ ਵੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮੁੱਚੇ ਤੌਰ ’ਤੇ ਡਾਕਟਰੀ ਸਿਖਿਆ ਅਤੇ ਸਿਹਤ ਦੇ ਖੇਤਰ ਵਿਚ ਵੱਡੇ ਪੱਧਰ ’ਤੇ ਬਦਲਾਅ ਲਿਆ ਰਹੇ ਹਾਂ।
ਉਨ੍ਹਾਂ ਕਿਹਾ ਕਿ ਐਨ ਐਮ ਸੀ ਦੇ ਗਠਨ ਨਾਲ ਇਸ ਖੇਤਰ ਵਿਚ ਪਾਰਦਰਸ਼ਤਾ ਆਵੇਗੀ ਅਤੇ ਇਹ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਨੂੰ ਤਰਕਸੰਗਤ ਬਣਾਏਗੀ।
ਐਨਐਮਸੀ ਬਿਲ ਨੂੰ ਸਾਲ 2019 ਵਿਚ ਸੰਸਦ ਦੇ ਦੋਵੇਂ ਸਦਨਾਂ ਵਲੋਂ  ਪਾਸ ਕੀਤਾ ਸੀ ਅਤੇ ਪਿਛਲੇ ਸਾਲ ਹੀ ਹੋਂਦ ਵਿਚ ਆਇਆ ਸੀ। ਇਸ ਕਮਿਸ਼ਨ ਦੇ ਗਠਨ ਦਾ ਉਦੇਸ਼ ਭਾਰਤੀ ਡਾਕਟਰੀ ਸਿਖਿਆ ਦੇ ਖੇਤਰ ਵਿਚ ਪਾਰਦਰਸ਼ਤਾ ਲਿਆਉਣਾ ਅਤੇ ਇਕ ਗੁਣਵੱਤਾ ਅਤੇ ਜ਼ਿੰਮੇਵਾਰ ਪ੍ਰਣਾਲੀ ਦਾ ਨਿਰਮਾਣ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਇਸ ਖਿੱਤੇ ਵਿਚ ਮਨੁੱਖੀ ਸਰੋਤਾਂ ਦੀ ਉਪਲਬਧਤਾ ਅਤੇ ਗੁਣਵੱਤਾ ਵਿਚ ਸੁਧਾਰ ਹੋਏਗਾ।
ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਅਜੋਕੇ ਦੌਰ ਵਿਚ ਭਾਰਤ ਦੇ ਸਿਹਤ ਢਾਂਚੇ ਨੂੰ ਵਿਸ਼ਵ ਭਰ ਵਿਚ ਨਵੇਂ ਰਵਈਏ, ਨਵੇਂ ਸਤਿਕਾਰ ਅਤੇ ਨਵੀਂ ਭਰੋਸੇਯੋਗਤਾ ਨਾਲ ਵੇਖਿਆ ਜਾ ਰਿਹਾ ਹੈ ਅਤੇ ਅਜਿਹੀ ਸਥਿਤੀ ਵਿਚ ਡਾਕਟਰਾਂ ਦੀ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। (ਪੀਟੀਆਈ) 

-----------------