ਰਾਕੇਸ਼ ਟਿਕੈਤ ਦਾ ਪਾਰਲੀਮੈਂਟ ਘੇਰਨ ਵਾਲਾ ਬਿਆਨ ਉਨ੍ਹਾਂ ਦਾ ਨਿਜੀ ਬਿਆਨ: ਡੱਲੇਵਾਲ
ਰਾਕੇਸ਼ ਟਿਕੈਤ ਦਾ ਪਾਰਲੀਮੈਂਟ ਘੇਰਨ ਵਾਲਾ ਬਿਆਨ ਉਨ੍ਹਾਂ ਦਾ ਨਿਜੀ ਬਿਆਨ: ਡੱਲੇਵਾਲ
ਨਵੀਂ ਦਿੱਲੀ, 26 ਫ਼ਰਵਰੀ (ਸ਼ੈਸ਼ਵ ਨਾਗਰਾ): ਕੇਂਦਰ ਸਰਕਾਰ ਵਲੋਂ ਜਾਰੀ ਨਵੇਂ ਖੇਤੀ ਕਾਨੂੰਨਾਂ ਵਿਰੁਧ ਕਿਸਾਨ ਦਾ ਸੰਘਰਸ਼ ਲਗਾਤਾਰ ਅੱਗੇ ਵਧ ਰਿਹਾ ਹੈ | ਕਿਸਾਨੀ ਸੰਘਰਸ਼ ਦੌਰਾਨ ਕਿਸਾਨ ਭਾਈਚਾਰੇ ਨੂੰ ਸਮਾਜ ਦੇ ਹਰ ਵਰਗ ਦਾ ਸਮਰਥਨ ਮਿਲ ਰਿਹਾ ਹੈ | ਇਸ ਵਿਚਕਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਰਾਕੇਸ਼ ਟਿਕੈਤ ਦੇ ਪਾਰਲੀਮੈਂਟ ਘੇਰਨ ਵਾਲੇ ਬਿਆਨ 'ਤੇ ਸਪਸ਼ਟੀਕਰਨ ਦਿਤਾ ਹੈ | ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਅੰਦੋਲਨ ਅੱਜ ਦੇ ਸਮੇਂ ਵਿਚ ਕੌਮਾਂਤਰੀ
ਅੰਦੋਲਨ ਬਣ ਗਿਆ ਹੈ ਅਤੇ ਪੂਰਾ ਦੇਸ਼ ਦੀਆਂ ਨਜ਼ਰਾਂ ਸਾਡੇ ਵੱਲ ਲਗੀਆਂ ਹੋਈਆਂ ਹਨ ਅਤੇ ਸਾਨੂੰ ਸੱਭ ਨੂੰ ਸਕੋਚ ਅਤੇ ਸੋਚ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੇਕਰ ਤੁਸੀ ਗੱਲ ਰਾਕੇਸ਼ ਟਿਕੈਤ ਦੀ ਕੀਤੀ ਹੈ ਤਾਂ ਉਹ ਪ੍ਰਮੁੱਖ ਆਗੂ ਹਨ, ਉਨ੍ਹਾਂ ਦਾ ਬਿਆਨ ਆਉਣਾ ਸੁਭਾਵਕ ਹੈ ਅਤੇ ਇਹ ਉਨ੍ਹਾਂ ਦਾ ਨਿਜੀ ਬਿਆਨ ਹੈ ਅਤੇ ਇਹ ਬਿਆਨ ਸੰਯੁਕਤ ਕਿਸਾਨ ਮੋਰਚੇ ਦਾ ਨਹੀਂ ਹੈ | ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਹੁਣ ਜਿਸ ਸਥਿਤੀ 'ਤੇ ਪਹੁੰਚ ਗਿਆ ਹੈ, ਇਥੇ ਹਰ ਇਕ ਸ਼ਬਦ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ | ਨਹੀਂ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਗੱਲਾਂ ਨੂੰ ਠੀਕ ਕਰਨ ਵਿਚ ਸਮਾਂ ਲਗ ਜਾਵੇ | ਉਨ੍ਹਾਂ ਨੇ ਕਿਹਾ ਕਿ ਜਦੋਂ ਤਕ ਸੰਯੁਕਤ ਕਿਸਾਨ ਮੋਰਚੇ ਵਲੋਂ ਕੋਈ ਐਲਾਨ ਜਾਂ ਪ੍ਰੈਸ ਕਾਨਫ਼ਰੰਸ ਨਹੀਂ ਕੀਤੀ ਜਾਂਦੀ, ਉਦੋਂ ਤਕ ਕਿਸੇ ਵੀ ਬਿਆਨ 'ਤੇ ਯਕੀਨ ਕਰਨਾ ਠੀਕ ਨਹੀਂ ਹੈ |
ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕੱਲ੍ਹ ਇਕ ਛੋਟੀ 7 ਮੈਂਬਰੀ ਮੀਟਿੰਗ ਹੋਈ, ਜਿਸ ਵਿਚ ਰਾਕੇਸ਼ ਟਿਕੈਤ ਦੀ ਬਿਆਨਬਾਜ਼ੀ ਨੂੰ ਲੈ ਕੇ ਚਰਚਾ ਹੋ ਹੋਈ ਸੀ ਪਰ ਕੱਲ੍ਹ ਇਸ 'ਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਮੇਰਾ ਨਿਜੀ ਬਿਆਨ ਹੈ | ਜੇਕਰ ਇਹ ਬਿਆਨਬਾਜ਼ੀ ਨੌਜਵਾਨ ਸੁਣਨਗੇ ਤੇ ਉਨ੍ਹਾਂ ਤੇ ਗ਼ਲਤ ਪ੍ਰਭਾਵ ਪਵੇਗਾ | ਇਸ ਮੀਟਿੰਗ ਵਿਚ ਚਰਚਾ ਹੋ ਚੁੱਕੀ ਹੈ ਕਿ ਸਾਨੂੰ ਸੱਭ ਨੂੰ ਹਰ ਗੱਲ ਤੇ ਸ਼ਬਦ ਨੂੰ ਤੋਲ ਮੋਲ ਕੇ ਬੋਲਣਾ ਚਾਹੀਦਾ ਹੈ ਅਤੇ ਇਸ ਸਮੇਂ ਸਰਕਾਰ ਘਬਰਾਈ ਹੋਈ ਹੈ | ਅੰਦੋਲਨ ਇਸ ਵੇਲੇ ਸਿਖ਼ਰ 'ਤੇ ਹੈ ਤੇ ਇਸ ਲਈ ਸੱਭ ਆਗੂਆਂ ਨੂੰ ਅਪਣੀ ਬਿਆਨਬਾਜ਼ੀ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਸਰਕਾਰ ਨੂੰ ਕੋਈ ਮੌਕਾ ਮਿਲ ਸਕੇ |
ਕਿਸਾਨ ਆਗੂ ਨੇ ਕਿਹਾ ਕਿ ਮੰਚ ਦੀ ਗੱਲ ਕਰੀਏ ਤਾਂ ਅਸੀ ਅੱਜ ਧਰਨੇ ਵਿਚ ਬੈਠੇ ਹਨ, ਉਸ ਦੇ ਕੁੱਝ ਨਿਯਮ ਹੁੰਦੇ ਹਨ ਅਤੇ ਸਾਡੀ ਮੰਗ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ | ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਲੱਖਾ ਸਿਧਾਣਾ ਨੇ ਜੋ ਰੈਲੀ ਕੀਤੀ ਮੈਂ ਇਸ ਨੂੰ ਗ਼ਲਤ ਨਹੀਂ ਕਹਾਂਗਾ |
•agjit Singh 4alewal