ਮੌਤ ਦੇ ਮੂੰਹੋਂ ਜਾਨ ਬਚਾ ਕੇ ਘਰ ਪਰਤੀ ਅਬੋਹਰ ਦੀ ਕੁੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿਨ-ਰਾਤ ਹੋ ਰਹੀ ਬੰਬਾਰੀ, ਬੰਕਰਾਂ 'ਚ ਲੁੱਕ ਕੇ ਜਾਨ ਬਚਾ ਰਹੇ ਬੱਚੇ

Avni returns home from Ukraine

ਅਬੋਹਰ : ਯੂਕਰੇਨ ਵਿਚ ਹਾਲਾਤ ਲਗਾਤਾਰ ਵਿਗੜ ਰਹੇ ਹਨ। ਭਾਰਤ ਤੋਂ ਪੜ੍ਹਨ ਆਏ ਹਜ਼ਾਰਾਂ ਵਿਦਿਆਰਥੀ ਯੂਕਰੇਨ ਤੋਂ ਵਾਪਸ ਆਉਣਾ ਚਾਹੁੰਦੇ ਹਨ। ਅਬੋਹਰ ਵਾਸੀ ਅਵਨੀ ਸਿਆਗ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿਚੋਂ ਇੱਕ ਹੈ ਜੋ ਸਹੀ ਸਮੇਂ 'ਤੇ ਯੂਕਰੇਨ ਵਿਚੋਂ ਨਿਕਲ ਆਏ ਹਨ। ਜਾਣਕਾਰੀ ਅਨੁਸਾਰ ਅਵਨੀ ਕਰੀਬ ਦੋ ਮਹੀਨੇ ਪਹਿਲਾਂ ਐਮ.ਬੀ.ਬੀ.ਐਸ. ਦੀ ਪੜ੍ਹਾਈ ਲਈ ਯੂਕਰੇਨ ਗਈ ਸੀ ਅਤੇ ਉਸ ਦੀ ਯੂਨੀਵਰਸਿਟੀ ਦੇਸ਼ ਦੀ ਰਾਜਧਾਨੀ ਕੀਵ ਵਿਚ ਸਥਿਤ ਹੈ।

ਅਵਨੀ ਨੇ ਉਥੋਂ ਦੇ ਹਾਲਾਤ ਬਾਰੇ ਦੱਸਿਆ ਅਤੇ ਯੂਕਰੇਨ ਵਿਚ ਰਹਿ ਗਈ ਆਪਣੀ ਸਹੇਲੀ ਨਾਲ ਗਲਬਾਤ ਵੀ ਕੀਤੀ। ਉਨ੍ਹਾਂ ਦੱਸਿਆ ਕਿ ਹਾਲਾਤ ਬਹੁਤ ਖਰਾਬ ਹਨ ਅਤੇ ਸਾਰੇ ਵਿਦਿਆਰਥੀਆਂ ਨੂੰ ਬੰਕਰ ਵਿਚ ਰੱਖਿਆ ਹੋਇਆ ਹੈ। ਅਵਨੀ ਨੇ ਦੱਸਿਆ ਕਿ ਯੂਕਰੇਨ ਵਿਚ ਸਥਿਤੀ ਖਰਾਬ ਹੈ ਅਤੇ ਉਥੇ ਲੋਕਾਂ ਨੂੰ ਖਾਣ-ਪੀਣ ਲਈ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਪੋਕੇਸਮੈਨ ਨਾਲ ਗਲਬਾਤ ਕਰਦਿਆਂ ਅਵਨੀ ਨੇ ਦੱਸਿਆ ਕਿ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ ਚਿਤਾਵਨੀ ਦਿਤੀ ਜਾ ਰਹੀ ਸੀ ਅਤੇ ਭਾਰਤ ਸਰਕਾਰ ਦੇ ਦੂਤਾਵਾਸ ਵਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਹਾਲਾਤ ਨਾਜ਼ੁਕ ਹੋ ਸਕਦੇ ਹਨ। ਜਿਨ੍ਹਾਂ ਨੇ ਇਸ ਚਿਤਾਵਨੀ ਨੂੰ ਗੰਭੀਰਤਾ ਨਾਲ ਲਿਆ ਉਹ ਆਪਣੇ ਦੇਸ਼ਾਂ ਵਿਚ ਵਾਪਸ ਆ ਗਏ ਹਨ ਪਰ ਜਿਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ਼ ਕੀਤਾ ਉਨ੍ਹਾਂ ਨੂੰ ਹੁਣ ਮੁਸ਼ਕਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਉਥੇ ਰਹਿ ਰਹੇ ਸਾਰੇ ਨਾਗਰਿਕਾਂ ਨੂੰ ਹਦਾਇਤਾਂ ਦਿਤੀਆਂ ਜਾ ਰਹੀਆਂ ਹਨ ਕਿ ਆਪਣੇ ਕੋਲ ਖਾਣ-ਪੀਣ ਦਾ ਸਮਾਂ, ਕੈਸ਼ ਅਤੇ ਦਸਤਾਵੇਜ਼ ਆਪਣੇ ਕੋਲ ਰੱਖੋ।

ਇਸ ਤੋਂ ਇਲਾਵਾ ਸਾਰਿਆਂ ਨੂੰ ਘਰਾਂ ਦੇ ਅੰਦਰ ਜਾਂ ਅੰਡਰਗਰਾਊਂਡ ਰਹਿਣ ਦੀ ਸਲਾਹ ਦਿਤੀ ਜਾ ਰਹੀ ਹੈ। ਅਵਨੀ ਨੇ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਲਗਾਤਾਰ ਆਪਣੇ ਦੋਸਤਾਂ ਨਾਲ ਗੱਲ ਹੋ ਰਹੀ ਹੈ। ਹੋਰ ਸ਼ਹਿਰਾਂ ਤੋਂ ਬਚੇ ਆ ਕੇ ਉਨ੍ਹਾਂ ਦੇ ਹੋਸਟਲ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਯੂਨੀਵਰਸਿਟੀ ਵਿਚ ਬੰਬ ਸ਼ੈਲਟਰ ਬਣਾਏ ਹੋਏ ਹਨ।

ਜਾਣਕਾਰੀ ਅਨੁਸਾਰ ਯੂਕਰੇਨ ਵਿਚ ਜੰਗੀ ਹਾਲਾਤ ਨਾਲ ਨਜਿੱਠਣ ਲਈ ਤਕਰੀਬਨ ਸਾਰੇ ਸ਼ਹਿਰਾਂ ਵਿਚ ਬੰਬ ਸ਼ੈਲਟਰ ਬਣਾਏ ਹੋਏ ਹਨ। ਅਵਨੀ ਨੇ ਦੱਸਿਆ ਕਿ ਉਹ ਸਮਾਂ ਰਹਿੰਦੇ ਆਪਣੇ ਘਰ ਵਾਪਸ ਆ ਗਈ ਹੈ ਜਿਸ ਦੀ ਉਸ ਨੂੰ ਖੁਸ਼ੀ ਹੈ ਪਰ ਉਸ ਦੇ ਸਾਰੇ ਦੋਸਤ ਅਜੇ ਵੀ ਯੂਕਰੇਨ ਵਿਚ ਫਸੇ ਹੋਏ ਹਨ ਜਿਸ ਕਾਰਨ ਉਹ ਚਿੰਤਤ ਵੀ ਹੈ ਕਿਉਂਕਿ ਮਿੰਟ-ਮਿੰਟ 'ਤੇ ਜੰਗੀ ਟੈਂਕ ਉਨ੍ਹਾਂ ਦੀ ਯੂਨੀਵਰਸਿਟੀ ਦੇ ਬਾਹਰ ਵੀ ਘੁੰਮਦੇ ਨਜ਼ਰ ਆਉਂਦੇ ਹਨ।