ਅੰਮ੍ਰਿਤਸਰ : ਰੂਸ ਵਲੋਂ ਯੂਕਰੇਨ 'ਤੇ ਕੀਤੇ ਹਮਲੇ ਕਾਰਨ ਵੱਡੀ ਗਿਣਤੀ ਵਿਚ ਭਾਰਤੀ ਵਿਦਿਆਰਥੀ ਉਥੇ ਫਸ ਗਏ ਹਨ ਜਿਨ੍ਹਾਂ ਨੂੰ ਲੈ ਕੇ ਮਾਪੇ ਕਾਫੀ ਪ੍ਰੇਸ਼ਾਨ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਇੱਕ ਨੌਜਵਾਨ ਸਾਗਰ ਵਧਵਾ ਦਾ ਸਾਹਮਣੇ ਆਇਆ ਹੈ।
ਸਾਗਰ ਵਧਵਾ ਦੇ ਪਿਤਾ ਡਾ. ਸੁਨੀਲ ਵਧਵਾ ਭਾਰਤ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਦੇ ਪੁੱਤਰ ਨੂੰ ਜਲਦ ਭਾਰਤ ਵਾਪਸ ਲਿਆਂਦਾ ਜਾਵੇ। ਇਸ ਮੌਕੇ ਗਲਬਾਤ ਕਰਦਿਆਂ ਡਾ. ਵਧਵਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਯੂਕਰੇਨ ਦੀ ਖਾਰਖੇਵ ਸਥਿਤ ਇੱਕ ਯੂਨੀਵਰਸਿਟੀ ਵਿਚ ਐਮ.ਬੀ.ਬੀ.ਐਸ. ਦੀ ਪੜ੍ਹਾਈ ਕਰ ਰਿਹਾ ਹੈ।
ਸਾਗਰ ਪਿਛਲੇ ਦੋ ਸਾਲ ਤੋਂ ਯੂਕਰੇਨ ਵਿਚ ਰਹਿ ਰਿਹਾ ਹੈ ਅਤੇ ਸਭ ਠੀਕ ਸੀ ਪਰ ਪਿਛਲੇ ਕੁਝ ਦਿਨਾਂ ਤੋਂ ਉਥੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਲੱਗੀ ਜੰਗ ਕਾਰਨ ਬੱਚਿਆਂ ਵਿਚ ਡਰ ਅਤੇ ਸਹਿਮ ਹੈ
ਇਸ ਲਈ ਸਰਕਾਰ ਨੂੰ ਇਸ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਥੇ ਰਹਿ ਰਹੇ ਭਾਰਤੀ ਬੱਚਿਆਂ ਨੂੰ ਜਲਦ ਹੀ ਵਤਨ ਵਾਪਸ ਲਿਆਂਦਾ ਜਾਵੇ।