ਵਾਪਸ ਘਰ ਪਰਤੀ ਯੂਕਰੇਨ 'ਚ MBBS ਪੜ੍ਹਾਈ ਕਰ ਰਹੀ ਸ੍ਰੀ ਆਨੰਦਪੁਰ ਸਾਹਿਬ ਦੀ ਇੰਦਰਪ੍ਰੀਤ ਵਿਰਕ
ਭਾਰਤ ਸਰਕਾਰ ਨੂੰ ਕੀਤੀ ਅਪੀਲ - ਉਥੇ ਰਹਿ ਗਏ ਵਿਦਿਆਰਥੀਆਂ ਦੀ ਵਾਪਸੀ ਦਾ ਕੀਤਾ ਜਾਵੇ ਪ੍ਰਬੰਧ
ਸ੍ਰੀ ਆਨੰਦਪੁਰ ਸਾਹਿਬ : ਰੂਸ ਅਤੇ ਯੂਕਰੇਨ ਵਿਚ ਸ਼ੁਰੂ ਹੋਈ ਜੰਗ ਤੋਂ ਬਾਅਦ ਯੂਕਰੇਨ ਵਿਚ ਪੜ੍ਹਾਈ ਲਈ ਗਏ ਬੱਚਿਆਂ ਦੇ ਮਾਪੇ ਬਹੁਤ ਹੀ ਫ਼ਿਕਰਮੰਦ ਹਨ ਅਤੇ ਕੁਝ ਵਿਦਿਆਰਥੀ ਯੂਕਰੇਨ ਤੋਂ ਵਾਪਸ ਆਪਣੇ ਘਰ ਪਰਤ ਰਹੇ ਹਨ। ਇਨ੍ਹਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਦੀ ਇੰਦਰਪ੍ਰੀਤ ਕੌਰ ਵਿਰਕ ਜੋ ਜ਼ਿਲ੍ਹਾ ਰੂਪਨਗਰ ਤੋਂ ਸ਼੍ਰੋਮਣੀ ਇਸਤਰੀ ਅਕਾਲੀ ਦਲ ਦੀ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਦੀ ਪੁੱਤਰੀ ਹੈ, ਉਹ ਵੀ ਬੀਤੇ ਦਿਨੀਂ ਆਪਣੇ ਘਰ ਵਾਪਸ ਆ ਗਈ ਹੈ।
ਮੀਡੀਆ ਨਾਲ ਗਲਬਾਤ ਕਰਦੇ ਹੋਏ ਇੰਦਰਪ੍ਰੀਤ ਕੌਰ ਨੇ ਯੂਕਰੇਨ ਦੇ ਤਾਜ਼ਾ ਹਾਲਾਤ ਤੋਂ ਜਾਣੂ ਕਰਵਾਇਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਯੂਕਰੇਨ ਵਿਚ ਖ਼ਰਖੀਵ ਯੂਨੀਵਰਸਿਟੀ ਵਿਚ ਐਮ.ਬੀ.ਬੀ.ਐਸ ਦੇ 6ਵੇਂ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ 20 ਫਰਵਰੀ ਨੂੰ ਹੀ ਐਡਵਾਇਜ਼ਰੀ ਜਾਰੀ ਕਰ ਦਿਤੀ ਗਈ ਸੀ ਕਿ ਆਉਣ ਵਾਲੇ ਸਮੇਂ ਵਿਚ ਹਾਲਾਤ ਤਣਾਅਪੂਰਨ ਹੋ ਸਕਦੇ ਹਨ।
ਜਦੋਂ ਇਸ ਬਾਰੇ ਇੰਦਰਪ੍ਰੀਤ ਦੇ ਘਰ ਪਤਾ ਲੱਗਾ ਤਾਂ ਉਨ੍ਹਾਂ ਦੇ ਮਾਪਿਆਂ ਨੇ ਜ਼ੋਰ ਦੇ ਕੇ ਉਸ ਨੂੰ ਟਿਕਟ ਬੁੱਕ ਕਰਨ ਲਈ ਕਿਹਾ। ਜਦੋਂ ਇੰਦਰਪ੍ਰੀਤ ਨੇ ਟਿਕਟ ਬੁੱਕ ਕਰਵਾਈ ਤਾਂ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀ ਹੋਈ ਕਿਉਂਕਿ ਟਿਕਟਾਂ ਦਾ ਮੁੱਲ ਤਿੰਨ ਗੁਣਾ ਹੋ ਚੁੱਕਾ ਸੀ। ਜਾਣਕਾਰੀ ਅਨੁਸਾਰ ਪਹਿਲਾਂ ਉਹ 22 ਫਰਵਰੀ ਨੂੰ ਖ਼ਰਖੀਵ ਤੋਂ ਕੀਵ ਪਹੁੰਚੇ ਜਿਥੋਂ ਭਾਰਤ ਆਉਣ ਲਈ ਉਨ੍ਹਾਂ ਨੇ ਕਤਰ ਏਅਰਵੇਜ਼ ਦੀ ਟਿਕਟ ਲਈ ਤੇ 23 ਨੂੰ ਭਾਰਤ ਪਹੁੰਚ ਗਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਯੂਕਰੇਨ ਛੱਡਿਆ ਤਾਂ ਹਾਲਾਤ ਕੁਝ ਠੀਕ ਸਨ ਪਰ 24 ਤੋਂ ਬਾਅਦ ਉਥੇ ਕੁਝ ਵੀ ਸਹੀ ਨਹੀਂ ਹੈ, ਬੱਚਿਆਂ ਅਤੇ ਨਾਗਰਿਕਾਂ ਨੂੰ ਮੈਟਰੋ ਸਟੇਸ਼ਨਾਂ 'ਤੇ ਰਹਿਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਭੋਜਨ ਦੀ ਵੀ ਸਮੱਸਿਆ ਆ ਰਹੀ ਹੈ, ਸਾਰੇ ਡਰ ਦੇ ਮਾਹੌਲ ਵਿਚ ਹਨ। ਯੁੱਧ ਸ਼ੁਰੂ ਹੋਣ ਤੋਂ ਬਾਅਦ ਰਾਸ਼ਨ ਦੀਆਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ ਲੱਗ ਗਈਆਂ ਹਨ ਅਤੇ ਲੀਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਨੂੰ ਬੰਕਰਾਂ ਵਿਚ ਰਹਿਣਾ ਪੈ ਰਿਹਾ ਹੈ ਕਿਉਂਕਿ ਰੂਸ ਵਲੋਂ ਲਗਾਤਾਰ ਗੋਲੇ ਦਾਗੇ ਜਾ ਰਹੇ ਹਨ।
ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜਿਵੇਂ ਪੱਛਮੀ ਯੂਕਰੇਨ ਤੋਂ ਭਾਰਤੀਆਂ ਨੂੰ ਬਾਹਰ ਕੱਢ ਰਹੇ ਹਨ ਉਸ ਤਰ੍ਹਾਂ ਹੀ ਪੂਰਬੀ ਯੂਕਰੇਨ ਤੋਂ ਵੀ ਬੱਚਿਆਂ ਨੂੰ ਬਾਹਰ ਕੱਢਣ ਕਿਉਂਕਿ ਉਥੇ ਰਹਿ ਰਹੇ ਭਾਰਤੀ ਵਿਦਿਆਰਥੀਆਂ ਡਰ ਦੇ ਮਾਹੌਲ ਵਿਚ ਹਨ ਕਿਉਂਕਿ ਪੂਰਬੀ ਹਿੱਸੇ ਵਿਚ -ਕੀਵ,ਖ਼ਰਖੀਵ, ਦਨਿਪਰੋ ਆਦਿ ਇਲਾਕਿਆਂ ਵਿਚ ਬਹੁਤ ਜ਼ਿਆਦਾ ਹਾਲਾਤ ਗੰਭੀਰ ਬਣ ਰਹੇ ਹਨ।
ਇਸ ਮੌਕੇ ਗਲਬਾਤ ਕਰਦਿਆਂ ਇੰਦਰਪ੍ਰੀਤ ਕੌਰ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਬਚੇ ਯੂਕਰੇਨ ਵਿਚ ਫਸੇ ਹੋਏ ਹਨ। ਮਾਪੇ ਆਪ ਦੁੱਖ ਸਹਿ ਸਕਦੇ ਹਨ ਪਰ ਆਪਣੇ ਬੱਚਿਆਂ ਨੂੰ ਤਕਲੀਫ਼ ਵਿਚ ਨਹੀਂ ਦੇਖ ਸਕਦੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੱਚਿਆਂ ਦੇ ਆਉਣ ਜਾਣ ਦਾ ਖਰਚਾ ਚੁੱਕਣਾ ਚਾਹੀਦਾ ਹੈ ਕਿਉਂਕਿ ਯੂਕਰੇਨ ਵਿਚ ਟੈਕਸੀਆਂ ਅਤੇ ਹੋਰ ਆਵਾਜਾਈ ਸਾਧਨਾ ਦੇ ਕਿਰਾਇਆਂ ਵਿਚ ਬਹੁਤ ਵਾਧਾ ਹੋ ਗਿਆ ਹੈ ਜਿਸ ਦਾ ਇੰਤਜ਼ਾਮ ਬੱਚਿਆਂ ਵਲੋਂ ਕੀਤਾ ਜਾਣਾ ਮੁਸ਼ਕਲ ਹੈ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਯੂਕਰੇਨ ਵਿਚ ਜੋ ਬੱਚੇ ਰਹਿ ਗਏ ਹਨ ਉਨ੍ਹਾਂ ਨੂੰ ਵੀ ਵਾਪਸ ਲਿਆਉਣ ਲਈ ਪ੍ਰਬੰਧ ਕੀਤੇ ਜਾ ਸਕਣ ਤਾਂ ਜੋ ਸਾਰੇ ਬੱਚੇ ਆਪਣੇ ਮਾਪਿਆਂ ਕੋਲ ਸਹੀ ਸਲਾਮਤ ਵਾਪਸ ਆ ਸਕਣ।