ਸਰਕਾਰੀ ਪ੍ਰਧਾਨ ਦੀ ਥਾਂ ਸੰਗਤਾਂ ਨੇ ਚੁਣਿਆ ਤੇਜਪਾਲ ਸਿੰਘ ਨੂੰ ਪ੍ਰਧਾਨ

ਏਜੰਸੀ

ਖ਼ਬਰਾਂ, ਪੰਜਾਬ

ਸਰਕਾਰੀ ਪ੍ਰਧਾਨ ਦੀ ਥਾਂ ਸੰਗਤਾਂ ਨੇ ਚੁਣਿਆ ਤੇਜਪਾਲ ਸਿੰਘ ਨੂੰ ਪ੍ਰਧਾਨ

image

ਜੰਮੂ, 26 ਫ਼ਰਵਰੀ (ਸਰਬਜੀਤ ਸਿੰਘ) : ਜੰਮੂ ਦੇ ਗੁਰੂ ਨਾਨਕ ਨਗਰ ਇਲਾਕੇ ਦੇ ਸੱਭ ਤੋਂ ਵੱਡੇ ਗੁਰਦੁਆਰਾ ਸਿੰਘ ਸਭਾ ਨਾਨਕ ਨਗਰ  ਦੇ ਪ੍ਰਬੰਧ ਨੂੰ ਲੈ ਕੇ ਦੋ ਧੜੇ ਆਹਮੋ ਸਾਹਮਣੇ ਆ ਗਏ ਹਨ। ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ ਹੈ। ਜੰਮੂ-ਕਸ਼ਮੀਰ ਵਿਚ ਗੁਰਦੁਆਰਾ ਚੋਣਾਂ ਦਾ ਮਸਲਾ ਅਦਾਲਤ ਵਿਚ ਹੋਣ ਕਰ ਕੇ ਜੰਮੂ ਦੇ ਕਈ ਗੁਰਦੁਆਰਿਆਂ ਦੀਆ ਕਮੇਟੀਆਂ ਸਥਾਨਕ ਸੰਗਤਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਲੋਂ ਚਲਾਈਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿਚ ਅੱਜ ਸੰਗਤਾਂ ਵਲੋ ਗੁਰਦੁਆਰਾ ਸਿੰਘ ਸਭਾ ਨਾਨਕ ਨਗਰ ਦੀ ਨਵੀਂ ਗੁਰਦੁਵਾਰਾ ਕਮੇਟੀ ਚੁਣ ਲਈ ਗਈ। ਜਿਸ ਵਿਚ ਤੇਜਪਾਲ ਸਿੰਘ (ਟੀ.ਪੀ) ਨੂੰ ਪ੍ਰਧਾਨ ਅਤੇ ਧੀਰਜ ਸਿੰਘ ਨੂੰ ਸਕੱਤਰ ਚੁਣਿਆ ਗਿਆ। ਸੰਗਤਾਂ ਨੇ ਤੇਜਪਾਲ ਸਿੰਘ (ਟੀ.ਪੀ) ਅਤੇ ਧੀਰਜ ਸਿੰਘ ਨੂੰ ਸਿਰੋਪਾ ਪਾ ਕੇ ਸਨਮਾਨਤ ਕੀਤਾ। ਇਸ ਮੌਕੇ ਤੇਜਪਾਲ ਸਿੰਘ ਨੇ ਦਸਿਆ ਕਿ ਪੁਰਾਣੀ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਦਾ ਸਮਾਂ 24 ਫ਼ਰਵਰੀ ਨੂੰ ਪੂਰਾ ਹੋ ਗਿਆ ਸੀ। ਪਰ ਪੁਰਾਣੀ ਕਮੇਟੀ ਨੇ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਕ ਨਵੀਂ ਕਮੇਟੀ ਦਾ ਗਠਨ ਕਰ ਦਿਤਾ ਅਤੇ ਉਸ ਕਮੇਟੀ ਦੀ ਮਨਜ਼ੂਰੀ ਡਿਪਟੀ ਕਮਿਸਨਰ ਜੰਮੂ ਤੋਂ ਲੈਣ ਦੀ ਕੋਸ਼ਿਸ਼ ਕੀਤੀ। ਪਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਮਸਲਾ ਅਦਾਲਤ ਵਿਚ ਹੋਣ ਕਰ ਕੇ ਨਵੀਂ ਕਮੇਟੀ ਨੂੰ ਮਨਜ਼ੂਰੀ ਨਹੀਂ ਮਿਲੀ। ਜਿਸ ਤੋਂ ਬਾਅਦ ਸੰਗਤ ਨੇ ਉਨ੍ਹਾਂ ਨੂੰ ਗੁਰਦੁਆਰੇ ਦੀ ਨਵੀਂ ਕਮੇਟੀ ਦਾ ਪ੍ਰਧਾਨ ਥਾਪਿਆ ਹੈ। 
ਉਧਰ  ਗੁਰਦੁਆਰਾ ਕਮੇਟੀ ਦੇ  ਸਾਬਕਾ ਪ੍ਰਧਾਨ ਰਜਿੰਦਰ ਸਿੰਘ ਨੇ ਦਸਿਆ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਨਵੀਂ ਕਮੇਟੀ ਦਾ ਪ੍ਰਧਾਨ ਥਾਪਿਆ ਗਿਆ ਸੀ ਪਰ ਮਨਜ਼ੂਰੀ ਨਾ ਮਿਲਣ ਕਾਰਨ ਜੰਮੂ ਦੇ ਡਿਪਟੀ ਕਮਿਸਨਰ ਵਲੋਂ ਉਨ੍ਹਾਂ ਦੀ ਕਮੇਟੀ ਨੂੰ ਹੀ ਪ੍ਰਬੰਧ ਚਲਾਉਣ ਦੀ ਮਨਜ਼ੂਰੀ ਦਿਤੀ ਹੈ।
ਫੋਟੋ