ਰੂਸੀ ਫ਼ੌਜ ਯੂਕਰੇਨ ਦੀ ਰਾਜਧਾਨੀ ਕੀਵ 'ਚ ਦਾਖ਼ਲ, ਸੜਕਾਂ 'ਤੇ ਘਮਸਾਨ ਪਿਆ
ਰੂਸੀ ਫ਼ੌਜ ਯੂਕਰੇਨ ਦੀ ਰਾਜਧਾਨੀ ਕੀਵ 'ਚ ਦਾਖ਼ਲ, ਸੜਕਾਂ 'ਤੇ ਘਮਸਾਨ ਪਿਆ
ਕੀਵ, 26 ਫ਼ਰਵਰੀ : ਰੂਸੀ ਫ਼ੌਜ ਨੇ ਸਨਿਚਰਵਾਰ ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਪ੍ਰਵੇਸ਼ ਕੀਤਾ ਅਤੇ ਸੜਕਾਂ ਉਤੇ ਘਮਸਾਣ ਸ਼ੁਰੂ ਹੋ ਗਿਆ | ਇਸ ਵਿਚਾਲੇ ਸਥਾਨਕ ਅਧਿਕਾਰੀਆਂ ਨੇ ਲੋਕਾਂ ਨੂੰ ਖਿੜਕੀਆਂ ਤੋਂ ਦੂਰ ਰਹਿਣ ਅਤੇ ਸਹੀ ਥਾਂ 'ਤੇ ਲੁਕਣ ਦੀ ਅਪੀਲ ਕੀਤੀ ਹੈ | ਇਸ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਨੇ ਉਥੋਂ ਨਿਕਲ ਜਾਣ ਦੇ ਅਮਰੀਕੀ ਪ੍ਰਸਤਾਵ ਨੂੰ ਮੰਨਣ ਤੋਂ ਇਨਕਾਰ ਕਰ ਦਿਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਉਹ ਰਾਜਧਾਨੀ ਵਿਚ ਹੀ ਰਹਿਣਗੇ | ਉਨ੍ਹਾਂ ਕਿਹਾ,''ਇਹ ਜੰਗ ਜਾਰੀ ਹੈ |''
ਇਹ ਤੁਰਤ ਸਪੱਸ਼ਟ ਨਹੀਂ ਹੋ ਸਕਿਆ ਕਿ ਕੀਵ ਵਿਚ ਫ਼ੌਜ ਕਿੰਨੀ ਅੰਦਰ ਵੱਧ ਚੁਕੀ ਹੈ | ਯੂਕਰੇਨ ਅਧਿਕਾਰੀਆਂ ਨੇ ਹਮਲਿਆਂ ਨੂੰ ਰੋਕਣ ਵਿਚ ਕੁੱਝ ਸਫ਼ਲਤਾ ਹਾਸਲ ਕਰਨ ਦੀ ਸੂਚਨਾ ਦਿਤੀ, ਪਰ ਰਾਜਧਾਨੀ ਨੇੜੇ ਲੜਾਈ ਜਾਰੀ ਰਹੀ | ਦੋ ਦਿਨਾਂ ਦੇ ਘਮਸਾਨ ਤੋਂ ਬਾਅਦ ਹੋਈਆਂ ਤਾਜ਼ਾ ਝੜਪਾਂ ਵਿਚ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ ਅਤੇ ਪੁਲਾਂ, ਕਾਲਜਾਂ, ਅਪਾਰਟਮੈਂਟ ਦੀਆਂ ਇਮਾਰਤਾਂ ਨੂੰ ਭਾਰੀ ਨੁਕਸਾਨ ਹੋਇਆ ਹੈ | ਰੂਸ ਨੇ ਹਮਲੇ ਦੇ ਤੀਜੇ ਦਿਨ ਦਾਅਵਾ ਕੀਤਾ ਕਿ ਉਸ ਨੇ 800 ਯੂਕਰੇਨੀ ਫ਼ੋਜੀ ਠਿਕਾਣਿਆਂ ਨੂੰ ਤਬਾਹ ਕਰ ਦਿਤਾ ਹੈ | ਇਨ੍ਹਾਂ ਵਿਚ 14 ਫ਼ੌਜੀ ਹਵਾਈ ਅੱਡੇ, 19 ਕਮਾਂਡ ਪੋਸਟ, 24 ਐਸ-300 ਐਂਟੀ ਏਅਰਕਰਾਫ਼ਟ ਮਿਜ਼ਾਈਲ ਸਿਸਟਮ ਅਤੇ 48 ਰਡਾਰ ਸਟੇਸ਼ਨ ਸ਼ਾਮਲ ਹਨ | ਇਨ੍ਹਾਂ ਤੋਂ ਇਲਾਵਾ ਯੂਕਰੇਨੀ ਸਮੁੰਦਰੀ ਫ਼ੌਜ ਦੀਆਂ 8 ਕਿਸ਼ਤੀਆਂ ਵੀ ਤਬਾਹ ਕਰਨ ਦਾ ਦਾਅਵਾ ਕੀਤਾ ਗਿਆ ਹੈ |
ਰੂਸੀ ਫ਼ੌਜ ਨੇ ਕਿਹਾ ਕਿ ਉਸ ਨੇ ਯੂਕਰੇਨ ਦੇ ਫ਼ੌਜੀ ਠਿਕਾਣਿਆਂ 'ਤੇ ਕਰੂਜ਼ ਮਿਜ਼ਾਈਲਾਂ ਨਾਲ ਹਮਲਾ ਕੀਤਾ | ਰੂਸੀ ਰਖਿਆ ਮੰਤਰਾਲਾ ਦੇ ਬੁਲਾਰੇ ਮੇਜਰ ਜਨਰਲ ਇਗੋਰ ਕੋਨਾਸ਼ੇਨਕੋਵ ਨੇ ਸਨਿਚਰਵਾਰ ਨੂੰ ਕਿਹਾ ਕਿ ਹਮਲੇ ਵਿਚ ਸੈਂਕੜੇ ਯੂਕਰੇਨੀ ਫ਼ੌਜੀ ਮਾਰੇ ਗਏ, ਜਦਕਿ ਰੂਸੀ ਪੱਖ ਵਿਚ ਕਿਸੇ ਦੇ ਜ਼ਖ਼ਮੀ ਹੋਣ ਦਾ ਕੋਈ ਜ਼ਿਕਰ ਨਹੀਂ ਕੀਤਾ | ਦੂਜੇ ਪਾਸੇ ਯੂਕਰੇਨ ਨੇ ਵੀ ਦਾਅਵਾ ਕੀਤਾ ਕਿ ਉਸ ਦੀ ਫ਼ੌਜ ਨੇ ਹਜ਼ਾਰਾਂ ਰੂਸੀ ਫ਼ੌਜੀਆਂ ਨੂੰ ਮਾਰ ਸੁਟਿਆ | ਦੋਹਾਂ ਦੇਸ਼ਾਂ ਵਿਚੋਂ ਕਿਸੇ ਦੇ ਦਾਅਵੇ ਦੀ ਸੁਤੰਤਰ ਰੂਪ ਨਾਲ ਪੁਸ਼ਟੀ ਨਹੀਂ ਹੋਈ ਹੈ | ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕਰੇਨ ਸਰਕਾਰ ਨੂੰ ਉਖਾੜ ਸੁੱਟਣ ਅਤੇ ਇਸ ਨੂੰ ਅਪਣੇ ਸ਼ਾਸਨ ਅਧੀਨ ਕਰਨ ਲਈ ਦਿ੍ੜ ਸੰਕਲਪ ਹਨ |
ਧਮਾਕਿਆਂ ਅਤੇ ਬੰਦੂਕਾਂ ਦੀ ਆਵਾਜ਼ ਨਾਲ ਦਹਿਲ ਰਹੇ ਕੀਵ ਦਾ ਭਵਿਖ ਅੱਧਵਾਟੇ ਹੈ | ਇਕ ਸੀਨੀਅਰ ਅਮਰੀਕੀ ਖ਼ੁਫ਼ੀਆ ਅਧਿਕਾਰੀ ਅਨੁਸਾਰ ਅਮਰੀਕੀ ਪ੍ਰਸ਼ਾਸਨ ਵਲੋਂ ਯੂਕਰੇਨੀ ਰਾਸ਼ਟਰਪਤੀ ਜੇਵੇਂਸਕੀ ਨੂੰ ਕੀਵ ਤੋਂ ਨਿਕਲ ਜਾਣ ਦੀ ਸਲਾਹ ਦਿਤੀ ਗਈ ਹੈ, ਪਰ ਉਨ੍ਹਾਂ ਨੇ ਇਸ ਨੂੰ ਠੁਕਰਾ ਦਿਤਾ | ਅਧਿਕਾਰੀ ਇਸ ਮਾਮਲੇ ਵਿਚ ਸਿੱਧੇ ਤੌਰ 'ਤੇ ਜੁੜੇ ਹਨ | ਇਸ ਵਿਚਾਲੇ ਕੀਵ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਤੇ ਵੀ ਪਨਾਹ ਲੈ ਲੈਣ | ਖਿੜਕੀਆਂ ਤੋਂ ਦੂਰ ਰਹਿਣ ਅਤੇ ਉਡਦੇ ਹੋਏ ਮਲਬਿਆਂ ਅਤੇ ਗੋਲੀਆਂ ਤੋਂ ਬਚਣ ਲਈ ਸੁਚੇਤ ਰਹਿਣ |
ਰੂਸੀ ਫ਼ੌਜ ਨੇ ਸ਼ੁਕਰਵਾਰ ਨੂੰ ਦਖਣੀ ਯੂਕਰੇਨ ਦੇ ਮੇਲਿਤੋਪੋਲ ਸ਼ਹਿਰ 'ਤੇ ਅਪਣਾ ਦਾਅਵਾ ਕਰਦੇ ਹੋਏ ਅੱਗੇ ਵਧਣਾ ਜਾਰੀ ਰਖਿਆ | ਫਿਰ ਵੀ ਹੁਣ ਤਕ ਦੀ ਜੰਗ ਵਿਚ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਯੂਕਰੇਨ ਦਾ ਕਿੰਨਾ ਹਿੱਸਾ ਹਾਲੇ ਵੀ ਯੂਕਰੇਨ ਦੇ ਕਬਜ਼ੇ ਵਿਚ ਹੈ ਅਤੇ ਕਿੰਨੇ ਹਿੱਸੇ 'ਤੇ ਰੂਸੀ ਫ਼ੌਜ ਨੇ ਕਬਜ਼ਾ ਕਰ ਲਿਆ | (ਪੀਟੀਆਈ)