ਯੂਕਰੇਨ 'ਚ ਫਸੀ ਸੁਲਤਾਨਪੁਰ ਲੋਧੀ ਦੀ ਧੀ ਮੁਸਕਾਨ, ਮਾਪੇ ਰੱਬ ਅੱਗੇ ਕਰ ਰਹੇ ਅਰਦਾਸਾਂ
ਭਾਰਤ ਸਰਕਾਰ ਨੂੰ ਕੀਤੀ ਅਪੀਲ - 'ਸਾਡੇ ਬੱਚਿਆਂ ਨੂੰ ਜਲਦ ਲਿਆਂਦਾ ਜਾਵੇ ਵਾਪਸ'
ਸੁਲਤਾਨਪੁਰ ਲੋਧੀ : ਯੂਕਰੇਨ ਵਿਚ ਇਸ ਵਕਤ ਜੋ ਹਾਲਾਤ ਬਣੇ ਹੋਏ ਹਨ ਉਨ੍ਹਾਂ ਵਿਚ ਮਾਪੇ ਆਪਣੇ ਬੱਚਿਆਂ ਨੂੰ ਦੇਖ ਕੇ ਚਿੰਤਤ ਹਨ ਅਤੇ ਉਨ੍ਹਾਂ ਦੀ ਜਾਣ ਸੂਲੀ 'ਤੇ ਟੰਗੀ ਹੋਈ ਹੈ। ਮਾਪਿਆਂ ਵਲੋਂ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਸਹੀ ਸਲਾਮਤ ਘਰ ਵਾਪਸ ਲਿਆਂਦਾ ਜਾਵੇ। ਅਜਿਹਾ ਹੀ ਇੱਕ ਪਰਿਵਾਰ ਸੁਲਤਾਨਪੁਰ ਲੋਧੀ ਦੇ ਪਿੰਡ ਪੰਡੋਰੀ ਜਗੀਰ ਦਾ ਹੈ ਜਿਹੜਾ ਆਪਣੀ ਧੀ ਮੁਸਕਾਨ ਨੂੰ ਘਰ ਵਾਪਸ ਲਿਆਉਣ ਲਈ ਗੁਹਾਰ ਲਗਾ ਰਿਹਾ ਹੈ।
ਪਰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਗਈ ਸੀ ਅਤੇ ਉਥੇ ਯੂਨੀਵਰਸਿਟੀ ਵਿਚ ਚੌਥੇ ਸਾਲ ਦੀ ਪੜ੍ਹਾਈ ਕਰ ਰਹੀ ਹੈ। ਉਹ ਹਰ ਵੇਲੇ ਇਹ ਅਰਦਾਸ ਹੀ ਕਰਦੇ ਹਨ ਕਿ ਉਨ੍ਹਾਂ ਦੀ ਧੀ ਸਹੀ ਸਲਾਮਤ ਉਨ੍ਹਾਂ ਕੋਲ ਵਾਪਸ ਆ ਜਾਵੇ। ਪਿੰਡ ਪੰਡੋਰੀ ਜਗੀਰ ਦੇ ਵਸਨੀਕ ਮਾਸਟਰ ਦਵਿੰਦਰ ਸਿੰਘ ਥਿੰਦ ਅਤੇ ਉਹਨਾਂ ਦੀ ਪਤਨੀ ਵਿੰਦਰਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਮੁਸਕਾਨ ਥਿੰਦ ਯੂਕਰੇਨ ਦੀ ਸੁਮੀ ਯੂਨੀਵਰਸਿਟੀ ਵਿੱਚ ਐਮਬੀਬੀਐਸ ਚੌਥੇ ਸਾਲ ਦੀ ਵਿਦਿਆਰਥਣ ਹੈ।
ਉਨ੍ਹਾਂ ਦੱਸਿਆ ਕਿ ਜਿਥੇ ਉਨ੍ਹਾਂ ਦੀ ਬੱਚੀ ਰਹਿ ਰਹੀ ਹੈ ਉਹ ਸਰਹੱਦੀ ਇਲਾਕਾ ਹੈ ਅਤੇ ਹਰ ਵੇਲੇ ਬੰਬਾਂ ਦੀਆਂ ਅਵਾਜ਼ਾਂ ਸੁਣਾਈ ਦਿੰਦਿਆਂ ਹਨ ਜਿਸ ਕਾਰਨ ਉਨ੍ਹਾਂ ਵਿਚ ਸਹਿਮ ਬਣਿਆ ਹੋਇਆ ਹੈ। ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਯੁੱਧ ਦੀਆਂ ਖਬਰਾਂ ਸੁਣਨ 'ਤੇ ਉਨ੍ਹਾਂ ਨੇ ਮੁਸਕਾਨ ਦੀ ਵਾਪਸੀ ਦੀ ਟਿਕਟ ਬੁੱਕ ਕਰਵਾ ਲਈ ਸੀ ਅਤੇ ਉਸ ਨੇ 26 ਫਰਵਰੀ ਨੂੰ ਭਾਰਤ ਵਾਪਸ ਆਉਣਾ ਸੀ ਪਰ ਉਸ ਤੋਂ ਪਹਿਲਾਂ ਹੀ ਜੰਗ ਸ਼ੁਰੂ ਹੋ ਗਿਆ ਜਿਸ ਕਾਰਨ ਉਨ੍ਹਾਂ ਦੀ ਫਲਾਈਟ ਰੱਦ ਹੋ ਗਈ।
ਉਨ੍ਹਾਂ ਦੱਸਿਆ ਕਿ ਭਾਵੇਂ ਸਰਕਾਰ ਬੱਚਿਆਂ ਦੀ ਘਰ ਵਾਪਸੀ ਕਰਵਾ ਰਹੀ ਹੈ ਪਰ ਪੋਲੈਂਡ ਅਤੇ ਰੋਮਾਨੀਆ ਤੋਂ ਸੁਮੀ ਲਗਭਗ 1400 ਕਿਲੋਮੀਟਰ ਦੀ ਦੂਰੀ 'ਤੇ ਹੈ ਜਿਸ ਕਾਰਨ ਉਨ੍ਹਾਂ ਦਾ ਉਥੇ ਪਹੁੰਚਣਾ ਬਹੁਤ ਔਖਾ ਹੈ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪਿੰਡ ਹੈਬਤਪੁਰ ਦੀ ਗੁਰਲੀਨ ਕੌਰ ਵੀ ਉਨ੍ਹਾਂ ਦੀ ਬੇਟੀ ਮੁਸਕਾਨ ਦੇ ਨਾਲ ਹੀ ਰਹਿ ਰਹੀ ਹੈ ਅਤੇ ਉਹ ਵੀ ਉਥੇ ਐਮਬੀਬੀਐਸ ਦੀ ਵਿਦਿਆਰਥਣ ਹੈ।
ਉਨ੍ਹਾਂ ਦੀ ਬੇਟੀ ਨਾਲ ਗੱਲਬਾਤ ਕੀਤੀ ਗਈ ਹੈ, ਜੋ ਸੁਰੱਖਿਅਤ ਹੈ ਪਰ ਉਥੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡਾਂ ਦੇ ਕਰੀਬ 5-6 ਹੋਰ ਬੱਚੇ ਹਨ ਜੋ ਖ਼ਾਰਖੀਵ ਵਿਚ ਪੜ੍ਹਾਈ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੱਚੀ ਨੂੰ ਵਾਪਸ ਭਾਰਤ ਲਿਆਂਦਾ ਜਾਵੇ।