ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਜ਼ਰੀਏ ਵਰੁਣ ਗਾਂਧੀ ਦਾ ਕੇਂਦਰ 'ਤੇ ਨਿਸ਼ਾਨਾ

ਏਜੰਸੀ

ਖ਼ਬਰਾਂ, ਪੰਜਾਬ

ਵਿਜੇ ਮਾਲਿਆ, ਨੀਰਵ ਮੋਦੀ ਤੇ ਮੇਹੁਲ ਚੌਕਸੀ ਜ਼ਰੀਏ ਵਰੁਣ ਗਾਂਧੀ ਦਾ ਕੇਂਦਰ 'ਤੇ ਨਿਸ਼ਾਨਾ

image

'ਆਮ ਭਾਰਤੀ ਢੋਅ ਰਿਹੈ 'ਆਰਥਕ ਦੁਸ਼ਮਣਾਂ' ਦਾ ਬੋਝ'

ਨਵੀਂ ਦਿੱਲੀ, 26 ਫ਼ਰਵਰੀ : ਉਤਰ ਪ੍ਰਦੇਸ਼ ਦੇ ਪੀਲੀਭੀਤ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਅਪਣੀ ਹੀ ਸਰਕਾਰ 'ਤੇ ਸਵਾਲ ਚੁਕੇ ਹਨ | ਉਨ੍ਹਾਂ ਨੇ ਕਰੋੜਾਂ ਰੁਪਏ ਦਾ ਕਥਿਤ ਘਪਲਾ ਕਰ ਕੇ ਵਿਦੇਸ਼ ਭੱਜਣ ਵਾਲਿਆਂ 'ਤੇ ਸਰਕਾਰ ਦੀ ਢਿੱਲੀ ਕਾਰਵਾਈ ਨੂੰ  ਲੈ ਕੇ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਕਿਹਾ ਕਿ 7 ਸਾਲਾਂ ਵਿਚ ਸਰਕਾਰ ਉਨ੍ਹਾਂ ਕੋਲੋਂ ਲੋੜੀਂਦੀ ਵਸੂਲੀ ਨਹੀਂ ਕਰ ਸਕੀ | ਯਾਦ ਰਹੇ ਕਿ ਵਰੁਣ ਗਾਂਧੀ ਵਿਜੇ ਮਾਲਿਆ, ਨੀਰਵ ਮੋਦੀ, ਮੇਹੁਲ ਚੌਕਸੀ ਅਤੇ ਰਿਸੀ ਅਗਰਵਾਲ ਦਾ ਨਾਂ ਲੈ ਕੇ ਕੇਂਦਰ ਸਰਕਾਰ ਨੂੰ  ਘੇਰ ਰਹੇ ਹਨ | ਉਨ੍ਹਾਂ ਨੇ ਟਵੀਟ ਕੀਤਾ,''67 ਹਜ਼ਾਰ ਕਰੋੜ ਰੁਪਏ ਦੀ ਚੋਰੀ ਕਰ ਕੇ ਦੇਸ਼ ਛੱਡਣ ਵਾਲੇ 'ਧਨਪਸ਼ੂਆਂ' ਕੋਲੋਂ ਪਿਛਲੇ 7 ਸਾਲਾਂ ਵਿਚ ਸਿਰਫ ਇਕ ਚੌਥਾਈ ਪੈਸਾ ਵਸੂਲਣਾ ਕਾਫੀ ਨਹੀਂ ਹੈ | ਦੇਸ਼ ਦੇ 'ਆਰਥਕ ਦੁਸ਼ਮਣਾਂ' ਉਤੇ ਇਸ 'ਤਰਸ' ਦਾ ਬੋਝ ਆਮ ਭਾਰਤੀ ਅਪਣੇ ਮੋਢਿਆਂ 'ਤੇ ਚੁਕ ਰਿਹਾ ਹੈ ਜਦੋਂ ਬੱਚਤ ਖਾਤੇ ਦੀਆਂ ਵਿਆਜ ਦਰਾਂ ਅੱਜ ਇਤਿਹਾਸਕ ਤੌਰ 'ਤੇ ਹੇਠਲੇ ਪੱਧਰ 'ਤੇ ਹਨ |''
ਜ਼ਿਕਰਯੋਗ ਹੈ ਕਿ ਵਿਜੇ ਮਾਲਿਆ 'ਤੇ ਕਈ ਬੈਂਕਾਂ ਤੋਂ ਲਏ ਕਰੀਬ 9,000 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਨਾ ਕਰਨ ਦਾ ਦੋਸ਼ ਹੈ | ਦੂਜੇ ਪਾਸੇ ਨੀਰਵ ਮੋਦੀ 'ਤੇ ਪੰਜਾਬ ਨੈਸ਼ਨਲ ਬੈਂਕ 'ਚ 14000 ਕਰੋੜ ਰੁਪਏ ਤੋਂ ਜ਼ਿਆਦਾ ਦਾ ਘਪਲਾ ਕਰਨ ਦਾ ਦੋਸ਼ ਹੈ | ਹਾਲ ਹੀ ਵਿਚ ਏਬੀਜੀ ਸ਼ਿਪਯਾਰਡ ਲਿਮਟਿਡ ਦੇ ਸਾਬਕਾ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਰਿਸ਼ੀ ਅਗਰਵਾਲ ਦਾ ਨਾਂ 22,842 ਕਰੋੜ ਰੁਪਏ ਦੇ ਕਰਜ ਘਪਲੇ ਵਿਚ ਜੁੜਿਆ ਹੈ | ਵਿਜੇ ਮਾਲਿਆ, ਨੀਰਵ ਮੋਦੀ ਅਤੇ ਰਿਸ਼ੀ ਅਗਰਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਵਰੁਣ ਗਾਂਧੀ ਨੇ ਕਿਹਾ ਕਿ ਇਹ ਲੋਕ ਅਪਣੀ ਜ਼ਿੰਦਗੀ ਖ਼ੁਸ਼ੀ ਨਾਲ ਬਤੀਤ ਕਰ ਰਹੇ ਹਨ ਪਰ ਆਮ ਲੋਕਾਂ ਨੂੰ  ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਦਰਅਸਲ ਹਾਲ ਹੀ ਵਿਚ ਸੁਪਰੀਮ ਕੋਰਟ ਵਿਚ ਕੇਂਦਰ ਸਰਕਾਰ ਨੇ ਦਸਿਆ ਸੀ ਕਿ ਬੈਂਕਾਂ ਨੂੰ  ਵਿਜੇ ਮਾਲਿਆ, ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦੇ 18 ਕਰੋੜ ਰੁਪਏ ਵਾਪਸ ਮਿਲੇ ਹਨ | (ਏਜੰਸੀ)