ਧੂਰੀ ’ਚ ਵਾਪਰਿਆਂ ਸੜਕ ਹਾਦਸਾ, ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਰਾਜਦੀਪ ਸਿੰਘ ਉਰਫ ਰਾਜੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮਾਪਿਆਂ ਦਾ ਇੱਕਲਾ ਪੁੱਤਰ ਸੀ।

photo

 

ਧੂਰੀ - ਪੰਜਾਬ ’ਚ ਨਿੱਤ ਵਾਪਰ ਰਹੇ ਸੜਕ ਹਾਦਸਿਆਂ ਚ ਮਾਵਾਂ ਦੇ ਜਵਾਨ ਪੁੱਤਾਂ ਦੀ ਮੌਤ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸ਼ੇਰਪੁਰ ਤੋਂ ਅਲਾਲ ਵਿਚ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ ਤੇ ਇਕ ਗੰਭੀਰ ਜ਼ਖਮੀ ਹੋ ਗਿਆ। ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਕਾਰਜੋਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਕਾਲਾਬੂਲਾ ਅਤੇ ਰਾਜਦੀਪ ਸਿੰਘ ਉਰਫ ਰਾਜੂ ਪੁੱਤਰ ਗੁਰਚਰਨ ਸਿੰਘ ਵਾਸੀ ਕਾਲਾਬੂਲਾ ਆਪਣੇ ਮੋਟਰ ਸਾਈਕਲ 'ਤੇ ਪਿੰਡ ਕਾਲਾਬੂਲਾ ਤੋਂ ਸ਼ੇਰਪੁਰ ਨੂੰ ਆ ਰਹੇ ਸਨ। ਸ਼ੇਰਪੁਰ ਤੋਂ ਕਾਲਾਬੂਲਾ-ਬਾਜਵਾ ਵੱਲ ਨੂੰ ਜਾ ਰਹੀ ਕਾਰ ਨਾਲ ਉਨ੍ਹਾਂ ਦੀ ਭਿਆਨਕ ਟੱਕਰ ਹੋ ਗਈ।

ਇਸ ਹਾਦਸੇ ਵਿਚ ਰਾਜਦੀਪ ਸਿੰਘ ਉਰਫ਼ ਰਾਜੂ ਦੀ ਮੌਤ ਹੋ ਗਈ ਅਤੇ ਬਲਕਾਰਜੋਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਮੁੱਢਲੀ ਸਹਾਇਤਾ ਲਈ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਲਿਆਂਦਾ ਗਿਆ ਪ੍ਰੰਤੂ ਉਸ ਦੀ ਹਾਲਤ ਠੀਕ ਨਾ ਹੋਣ ਕਰਕੇ ਉਸ ਨੂੰ ਸੰਗਰੂਰ ਲਈ ਰੈਫਰ ਕਰ ਦਿੱਤਾ ਗਿਆ। 

ਘਟਨਾ ਸਥਾਨ 'ਤੇ ਪੁੱਜੇ ਇੰਸਪੈਕਟਰ ਨੇ ਦੱਸਿਆ ਕਿ ਦੇਹ ਨੂੰ ਸਿਵਲ ਹਸਪਤਾਲ ਧੂਰੀ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਮ੍ਰਿਤਕ ਰਾਜਦੀਪ ਸਿੰਘ ਉਰਫ ਰਾਜੂ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮਾਪਿਆਂ ਦਾ ਇੱਕਲਾ ਪੁੱਤਰ ਸੀ।