Punjab News: ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਪੁਲਿਸ ਨੇ ਸ਼ੁਰੂ ਕੀਤੀ ਜਾਂਚ
Punjab News: ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਅਤੇ ਸਮਾਜ ਸੇਵੀ ਇੰਦਰਪਾਲ ਸਿੰਘ ਅਤੇ ਉਸ ਦੇ ਪਰਵਾਰ ਨੂੰ ਕਿਸੇ ਨੇ ਫੋਨ 'ਤੇ ਜਾਨੋਂ ਮਾਰਨ ਦੀ ਧਮਕੀ ਦਿਤੀ ਹੈ।
ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਦੇ ਰਹਿਣ ਵਾਲੇ ਸਮਾਜ ਸੇਵੀ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਨੂੰ ਦੇਰ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਫੋਨ ਕਰਕੇ ਉਸ ਨੂੰ ਅਤੇ ਉਸ ਦੇ ਪਰਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਰਾਤ ਸਮੇਂ ਵਟਸਐਪ 'ਤੇ ਕਾਲ ਆਈ ਜਿਸ ਦਾ ਨੰਬਰ ਵਿਦੇਸ਼ੀ ਜਾਪਦਾ ਸੀ, ਜਦੋਂ ਉਨ੍ਹਾਂ ਫੋਨ ਚੁੱਕਿਆ ਤਾਂ ਸਾਹਮਣੇ ਤੋਂ ਕਿਸੇ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਪੰਗਾ ਨਾ ਲਵੇ, ਉਸ ਕਾਰਨ ਉਨ੍ਹਾਂ ਦੇ ਬੰਦੇ ਫੜੇ ਗਏ ਹਨ।
ਉਸ ਨੇ ਕਿਹਾ ਕਿ ਇਸ ਦਾ ਨਤੀਜਾ ਉਸ ਨੂੰ ਇਕ ਹਫਤੇ ਦੇ ਅੰਦਰ-ਅੰਦਰ ਪਤਾ ਮਿਲ ਜਾਵੇਗਾ। ਇਸ ਤੋਂ ਬਾਅਦ ਉਕਤ ਵਿਅਕਤੀ ਨੇ ਫੋਨ ਕੱਟ ਦਿਤਾ ਤਾਂ ਇੰਦਰਪਾਲ ਸਿੰਘ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿਤੀ ਅਤੇ ਪੁਲਿਸ ਨੇ ਕਾਲ ਰਿਕਾਰਡਿੰਗ ਨੂੰ ਅਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਇੰਦਰਪਾਲ ਸਿੰਘ ਨੇ ਦਸਿਆ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਅਜਿਹੇ ਫ਼ੋਨ ਆ ਚੁੱਕੇ ਹਨ ਅਤੇ ਕਈ ਵਾਰ ਰਾਤ ਨੂੰ ਘਰ ਆਉਂਦੇ ਸਮੇਂ ਕੁੱਝ ਅਣਪਛਾਤੇ ਨੌਜਵਾਨਾਂ ਵਲੋਂ ਪਿੱਛਾ ਕਰਦੇ ਵੀ ਦੇਖਿਆ ਗਿਆ ਹੈ।
(For more Punjabi news apart from Punjab Youth President of BKU Charuni received a death threat, stay tuned to Rozana Spokesman)