Punjabi dies in Dubai: ਦੁਬਈ 'ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
9 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਦੁਬਈ ਗਿਆ ਸੀ ਗੁਰਪ੍ਰੀਤ ਸਿੰਘ
Punjabi dies in Dubai: ਜ਼ਿਲ੍ਹਾ ਕਪੂਰਥਲਾ ਦੇ ਬਲਾਕ ਸੁਲਤਾਨਪੁਰ ਲੋਧੀ ਦੇ ਪਿੰਡ ਡਡਵਿੰਡੀ ਦੇ ਇੱਕ ਨੌਜਵਾਨ ਦੀ ਦੁਬਈ ਵਿਖੇ ਸੜਕ ਹਾਦਸੇ 'ਚ ਮੌਤ ਹੋ ਜਾਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ।
ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ ਰੋਜ਼ੀ ਰੋਟੀ ਕਮਾਉਣ ਅਤੇ ਸੁਨਹਿਰੀ ਭਵਿੱਖ ਲਈ ਤਕਰੀਬਨ 9 ਸਾਲ ਪਹਿਲਾਂ ਦੁਬਈ ਵਿਖੇ ਗਿਆ ਸੀ ਅਤੇ ਉਹ ਉਥੇ ਕੰਪਨੀਆਂ ਵਿੱਚ ਟੈਕਸੀ ਰਾਹੀਂ ਪਾਰਸਲ (ਟਿਫ਼ਨ) ਪਹੁੰਚਾਉਣ ਦਾ ਕੰਮ ਕਰਦਾ ਸੀ।
ਉਨ੍ਹਾਂ ਦੱਸਿਆ ਕਿ ਅਚਾਨਕ 2 ਦਿਨ ਪਹਿਲਾਂ ਸਾਨੂੰ ਗੁਰਪ੍ਰੀਤ ਦੇ ਚਾਚੇ ਹਰਜਿੰਦਰ ਸਿੰਘ ਜੋ ਕਿ ਦੁਬਈ ਵਿੱਚ ਹੀ ਕੰਮ ਕਰਦਾ ਹੈ ਨੇ ਫੋਨ 'ਤੇ ਦੱਸਿਆ ਕਿ ਗੁਰਪ੍ਰੀਤ ਸਿੰਘ ਦੀ ਕੰਪਨੀ ਵਿੱਚ ਪਾਰਸਲ ਦੇਣ ਜਾਂਦੇ ਸਮੇਂ ਟਰਾਲੇ ਨਾਲ ਟੱਕਰ ਹੋਣ ਕਾਰਨ ਮੌਕੇ ’ਤੇ ਮੌਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਅਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਛੋਟੇ ਛੋਟੇ ਬੱਚਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ ਹੈ। ਪਰਿਵਾਰਕ ਮੈਬਰਾਂ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਉਸ ਦਾ ਚਾਚਾ ਹਰਜਿੰਦਰ ਸਿੰਘ ਸ਼ੁਕਰਵਾਰ ਤਕ ਭਾਰਤ ਲੈ ਕੇ ਆਵੇਗਾ।