ਪੰਜਾਬ ਸਕੂਲ ਸਿਖਿਆ ਬੋਰਡ ਦਾ ਵੱਡਾ ਫ਼ੈਸਲਾ, ਪਹਿਲੀ ਤੋਂ ਬਾਰ੍ਹਵੀਂ ਜਮਾਤ ਦੀਆਂ ਪਾਠ-ਪੁਸਤਕਾਂ ਸਿੱਧੇ ਸਕੂਲਾਂ ਰਾਹੀਂ ਵਿਦਿਆਰਥੀ ਨੂੰ ਮਿਲਣਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੋਰਡ ਦੇ ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ 'ਤੇ ਪੈਂਦਾ ਵਿੱਤੀ ਬੋਝ ਘਟਾਉਣਾ ਹੈ।

photo

ਐਸ.ਏ.ਐਸ. ਨਗਰ (ਸਤਵਿੰਦਰ ਧੜਾਕ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2026–27 ਤੋਂ ਐਫੀਲੀਏਟਡ ਅਤੇ ਐਸੋਸੀਏਟਡ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ। ਹੁਣ ਪਹਿਲੀ ਤੋਂ ਬਾਰ੍ਹਵੀਂ ਜਮਾਤ ਤਕ ਦੀਆਂ ਪਾਠ-ਪੁਸਤਕਾਂ ਸਿੱਧੇ ਸਕੂਲਾਂ ਰਾਹੀਂ ਬੋਰਡ ਵਲੋਂ ਹੀ ਵਿਦਿਆਰਥੀਆਂ ਨੂੰ ਮੁਹਈਆ ਕਰਵਾਈਆਂ ਜਾਣਗੀਆਂ।

ਬੋਰਡ ਦੇ ਇਸ ਉਪਰਾਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ’ਤੇ ਪੈਂਦਾ ਵਿੱਤੀ ਬੋਝ ਘਟਾਉਣਾ ਹੈ। ਇਸ ਤਹਿਤ 15 ਫ਼ੀ ਸਦੀ ਛੋਟ ਦਾ ਲਾਭ ਹੁਣ ਸਿੱਧੇ ਤੌਰ ’ਤੇ ਵਿਦਿਆਰਥੀਆਂ ਨੂੰ ਪ੍ਰਦਾਨ ਕੀਤਾ ਜਾਵੇਗਾ, ਜਿਸ ਨਾਲ ਪਾਠ-ਪੁਸਤਕਾਂ ਘੱਟ ਕੀਮਤ ’ਤੇ ਉਪਲਬਧ ਹੋਣਗੀਆਂ।

ਪਾਠ-ਪੁਸਤਕਾਂ ਦੀ ਮੰਗ ਪ੍ਰਾਪਤ ਕਰਨ ਲਈ ਬੋਰਡ ਦੀ ਅਧਿਕਾਰਕ ਵੈਬਸਾਈਟ ’ਤੇ ਇਕ ਵਿਸ਼ੇਸ਼ ਵੈਬ ਪੋਰਟਲ ਤਿਆਰ ਕੀਤਾ ਗਿਆ ਹੈ। ਸਕੂਲ ਅਪਣੇ ਲਾਗਇਨ ਆਈਡੀ ਰਾਹੀਂ ‘ਬੁੱਕ ਡਿਮਾਂਡ’ ਪੇਜ ’ਤੇ ਜਾ ਕੇ ਜਮਾਤ-ਵਾਰ ਅਤੇ ਵਿਸ਼ਾ-ਵਾਰ ਲੋੜੀਂਦੀਆਂ ਪੁਸਤਕਾਂ ਦੀ ਮੰਗ 15 ਮਾਰਚ 2026 ਤਕ ਆਨਲਾਈਨ ਭਰ ਕੇ ਦਾਖ਼ਲ ਕਰ ਸਕਦੇ ਹਨ।

ਬੋਰਡ ਵਲੋਂ ਸਮੂਹ ਐਫੀਲੀਏਟਡ ਅਤੇ ਐਸੋਸੀਏਟਡ ਸਕੂਲਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਿਰਧਾਰਤ ਮਿਤੀ ਤੋਂ ਪਹਿਲਾਂ ਅਪਣੇ ਸਕੂਲ ਲਾਗਇਨ ਵਿਚ ਜਾ ਕੇ ਬੁੱਕ ਡਿਮਾਂਡ ਦਾ ਪ੍ਰੋਫ਼ਾਰਮਾ ਭਰਨਾ ਯਕੀਨੀ ਬਣਾਉਣ, ਤਾਂ ਜੋ ਨਵੇਂ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਸੁਚਾਰੂ ਢੰਗ ਨਾਲ ਕੀਤੇ ਜਾ ਸਕਣ।