ਜ਼ਮਾਨਤ 'ਤੇ ਬਾਹਰ ਆ ਜਾਣ ਦੇ ਬਾਵਜੂਦ ਬੇਹੱਦ ਔਖਾ ਪੈਂਡਾ ਹੈ ਲੰਗਾਹ ਵਾਸਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੰਗਾਹ ਲਈ ਫਿਰ ਤੋਂ ਰਾਜਸੀ ਅਤੇ ਸਮਾਜਕ ਪੈਂਡਾ ਬਹਾਲ ਕਰ ਸਕਣਾ ਕੰਡਿਆਂ ਦੀ ਸੇਜ ਤੋਂ ਘੱਟ ਨਹੀਂ

Sucha Singh Langah

ਗੁਰਦਾਸਪੁਰ, 26 ਮਾਰਚ (ਹਰਜੀਤ ਸਿੰਘ ਆਲਮ): ਭਾਵੇਂ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗੁਰਦਾਸਪੁਰ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੈਂਬਰ ਵੀ ਰਹੇ ਸੁੱਚਾ ਸਿੰਘ ਲੰਗਾਹ ਕਰੀਬ 6 ਮਹੀਨੇ ਜੇਲ ਵਿਚ ਗੁਜ਼ਾਰ ਕੇ ਬਾਹਰ ਆ ਗਏ ਹਨ। ਪਰ ਉਨ੍ਹਾਂ ਦੀ ਅਸ਼ਲੀਲ ਵੀਡੀਉ ਦੇ ਚਰਚਿਤ ਹੋਣ ਕਾਰਨ ਹੁਣ ਰਾਜਨੀਤਕ ਅਤੇ ਸਮਾਜਕ ਖੇਤਰ ਵਿਚ ਉੁਨ੍ਹਾਂ ਦੀ ਸਾਖ ਨੂੰ ਬੇਹੱਦ ਭਾਰੀ ਸੱਟ ਵਜ ਚੁਕੀ ਹੈ। ਇਸ ਵਿਚੋਂ ਲੰਘ ਸਕਣਾ ਲੰਗਾਹ ਵਾਸਤੇ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਹੋਵੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਿਰੇ ਦੇ ਵਿਸ਼ਵਾਸ ਪਾਤਰ ਰਹੇ ਲੰਗਾਹ ਦੀ ਹਾਲ ਦੀ ਘੜੀ ਤਾਂ ਜੀਵਨ ਦੀ ਡੋਰ ਬੇਹੱਦ ਕਠਨ ਅਤੇ ਉਲਝਣਾਂ ਭਰਪੂਰ ਨਜ਼ਰ ਆ ਰਹੀ ਹੈ। ਇਸ ਦਾ ਵੱਡਾ ਕਾਰਨ ਤਾਂ ਇਹੋ ਹੀ ਹੈ ਕਿ ਕਿਸੇ ਔਰਤ ਨਾਲ ਅਸ਼ਲੀਲ ਵੀਡੀਉ ਦੇ ਬੇਪਰਦ ਹੋਣ ਕਾਰਨ ਜਿਥੇ 'ਜਥੇਦਾਰ' ਨੂੰ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਢਾਈ ਦਹਾਕੇ ਪਾਰਟੀ ਦੀ ਜ਼ਿਲ੍ਹਾ ਜਥੇਦਾਰੀ ਤੋਂ ਇਲਾਵਾ ਧੱਕੜ ਅਤੇ ਮਾਝੇ ਦੇ ਜਰਨੈਲ ਵਜੋਂ ਜਾਣਿਆ ਜਾਂਦਾ  ਰਿਹਾ ਲੰਗਾਹ ਤਾਂ ਹੁਣ ਪਾਰਟੀ ਦਾ ਸਾਧਾਰਣ ਮੁਢਲਾ ਮੈਂਬਰ ਵੀ ਨਹੀਂ ਰਿਹਾ।

ਇਥੇ ਹੀ ਬਸ ਨਹੀਂ 6 ਮਹੀਨੇ ਪਹਿਲਾਂ 'ਜਥੇਦਾਰ' ਨੂੰ ਭਾਰੀ ਦਬਾਅ ਦੇ ਚਲਦਿਆਂ ਅਕਾਲ ਤਖ਼ਤ ਨੂੰ ਵੀ ਹੁਕਮਨਾਮਾ ਜਾਰੀ ਕਰ ਕੇ ਪੰਥ ਵਿਚੋਂ ਹੀ ਬਾਹਰ ਦਾ ਰਸਤਾ ਦਿਖਾ ਦਿਤਾ ਸੀ ਜਿਸ ਕਾਰਨ ਲੰਗਾਹ ਦੀਆਂ ਪ੍ਰੇਸ਼ਾਨੀਆਂ ਅਤੇ ਮੁਸੀਬਤਾਂ  ਵਿਚ ਡਾਢਾ ਹੀ ਵਾਧਾ ਹੋਇਆ ਪਿਆ ਹੈ। ਅਜਿਹੀ ਸਥਿਤੀ ਦੇ ਚੱਲਦਿਆਂ ਲੰਗਾਹ ਦੇ ਜੀਵਨ ਦਾ ਅਗਲਾ ਪੈਂਡਾ ਹੁਣ ਸੁਖਾਲਾ ਨਹੀਂ ਹੈ। ਇਕ ਹੈਰਾਨੀ ਵਾਲੀ ਗੱਲ ਹੈ ਕਿ ਅਕਾਲੀ ਦਲ ਵਿਚੋਂ ਕੱਢ ਦਿਤੇ ਜਾਣ ਅਤੇ ਪੰਥ ਵਿਚੋਂ ਛੇਕ ਦਿਤੇ ਜਾਣ ਦੇ ਬਾਵਜੂਦ ਲੰਗਾਹ ਦੇ ਅਪਣੇ ਸਮਰੱਥਕਾਂ ਦਾ ਘੇਰਾ ਪਹਿਲਾਂ ਵਾਂਗ ਹੀ ਵਿਸ਼ਾਲ ਹੈ ਅਤੇ ਉਸ ਦੇ ਕਈ ਉਪਾਸਕ ਤਾਂ ਸੱਭ ਕੁੱਝ ਨਸ਼ਰ ਹੋਣ ਦੇ ਬਾਵਜੂਦ ਅਜੇ ਵੀ ਲੰਗਾਹ ਉਪਰ ਰੱਬ ਵਰਗਾ ਵਿਸ਼ਵਾਸ਼ ਰਖਦੇ ਹਨ । ਸਮਰੱਥਕਾਂ ਅਨੁਸਾਰ ਮਾਮਲੇ ਵਿਚੋਂ ਸਾਫ਼ ਬਰੀ ਹੋਣ ਬਾਅਦ ਅਕਾਲੀ ਦਲ ਵਿਚ ਸ਼ਮੂਲੀਅਤ ਕਰ ਕੇ ਜਲਦੀ ਹੀ ਹੋਰ ਮਜ਼ਬੂਤ ਆਧਾਰ ਵਾਲੇ ਆਗੂ ਵਜੋਂ ਉਭਰ ਕੇ ਸਾਹਮਣੇ ਆਉਣਗੇ ਸਗੋਂ ਲੰਗਾਹ ਦੀ ਪੰਥ ਵਿਚ ਵਾਪਸੀ ਹੋ ਜਾਵੇਗੀ।