ਚੰਡੀਗੜ੍ਹ ਪੁਲਿਸ ਸਵਾਲਾਂ ਦੇ ਘੇਰੇ 'ਚ
ਹਰਿਆਣਾ ਦੇ ਆਈਏਐਸ ਅਫ਼ਸਰ ਦੀ ਧੀ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਆ ਰਹੀ ਹੈ। ਸੋਮਵਾਰ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਈਸ਼
ਚੰਡੀਗੜ੍ਹ, 7 ਅਗੱਸਤ (ਅੰਕੁਰ/ਸਰਬਜੀਤ ਢਿੱਲੋਂ) : ਹਰਿਆਣਾ ਦੇ ਆਈਏਐਸ ਅਫ਼ਸਰ ਦੀ ਧੀ ਨਾਲ ਛੇੜਛਾੜ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ ਵਿਚ ਆ ਰਹੀ ਹੈ। ਸੋਮਵਾਰ ਚੰਡੀਗੜ੍ਹ ਪੁਲਿਸ ਦੇ ਐਸਐਸਪੀ ਈਸ਼ ਸਿੰਘਲ ਨੇ ਇਕ ਪ੍ਰੈਸ ਕਾਨਫਰੰਸ ਕੀਤੀ, ਜਿਸ ਦੌਰਾਨ ਉਨ੍ਹਾਂ ਕੁਝ ਸਵਾਲਾਂ ਦੇ ਜਵਾਬ ਦਿਤੇ ਪਰੰਤੂ ਫਿਰ ਹਰ ਐਂਗਲ 'ਤੇ ਜਾਂਚ ਕਰ ਰਹੇ ਹਾਂ ਕਹਿ ਕੇ ਕਾਨਫ਼ਰੰਸ ਵਿਚਕਾਰ ਹੀ ਛੱਡ ਕੇ ਚਲੇ ਗਏ।
ਐਸਐਸਪੀ ਈਸ਼ ਸਿੰਘਲ ਨੇ ਕਿਹਾ ਕਿ ਇਸ ਕੇਸ ਦਾ ਮੀਡੀਆ ਟਰਾਇਲ ਹੋ ਰਿਹਾ ਹੈ। ਉਹ ਅਪਣੇ ਪੱਧਰ ਉਤੇ ਹਰ ਐਂਗਲ ਤੋਂ ਜਾਂਚ ਕਰ ਰਹੇ ਹਨ। ਲੋੜ ਪੈਣ 'ਤੇ ਹੋਰ ਧਾਰਾ ਜੋੜੀਆਂ ਜਾਣਗੀਆਂ। ਉਨ੍ਹਾਂ ਕਿਹਾ, ''ਪੁਲਿਸ ਉਪਰ ਕੋਈ ਦਬਾਅ ਨਹੀਂ ਹੈ। ਜੇਕਰ ਦਬਾਅ ਹੁੰਦਾ ਤਾਂ ਘਟਨਾ ਦੇ ਤੁਰਤ ਬਾਅਦ ਹੀ ਮਾਮਲਾ ਦਰਜ ਨਹੀਂ ਕੀਤਾ ਜਾਂਦਾ।''
ਸੀਸੀਟੀਵੀ ਫੁਟੇਜ ਬਰਾਮਦ ਨਾ ਹੋਣ ਬਾਰੇ ਸਿੰਘਲ ਨੇ ਕਿਹਾ ਕਿ ਪੁਲਿਸ ਹਰ ਸੀਸੀਟੀਵੀ ਦੀ ਫੁਟੇਜ ਲੈ ਰਹੀ ਹੈ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਹਰ ਕੈਮਰਾ ਚੈਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਹੈ ਕਿ ਅਜੇ ਤਕ ਸਾਨੂੰ ਕਥਿਤ ਦੋਸ਼ੀਆਂ ਦੀ ਕੋਈ ਸੀਸੀਟੀਵੀ ਫੁਟੇਜ ਬਰਾਮਦ ਨਹੀਂ ਹੋਈ ਹੈ। ਜਿੱਥੇ ਕਿਤੇ ਵੀ ਚੈਕ ਕੀਤਾ, ਉਥੇ ਸੀਸੀਟੀਵੀ ਬੰਦ ਮਿਲੇ ਹਨ। ਫਿਰ ਵੀ ਹੁਣ ਲਿਖਤ ਵਿਚ ਸੀਸੀਟੀਵੀ ਫੁਟੇਜ ਸਬੰਧਤ ਅਧਿਕਾਰੀਆਂ ਤੋਂ ਮੰਗੀ ਹੈ। ਉਮੀਦ ਹੈ ਕਿ ਕੁੱਝ ਹੱਥ ਲੱਗ ਜਾਵੇ। ਦੂਜਾ ਅਸੀ ਇਸ ਮਾਮਲੇ ਵਿਚ ਕਾਨੂੰਨੀ ਰਾਏ ਵੀ ਲੈ ਰਹੇ ਹਾਂ।
ਛੇੜਛਾੜ ਮਾਮਲੇ ਵਿਚ ਚੰਡੀਗੜ੍ਹ ਪੁਲਿਸ ਲਗਾਤਾਰ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਕਿ ਯੂ.ਟੀ. ਪੁਲਿਸ ਦਾ ਹੁਣ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ਵਿਚ ਕਿਤੇ ਕੋਈ ਸੀਸੀਟੀਵੀ ਫੁਟੇਜ ਬਰਾਮਦ ਨਹੀਂ ਹੋਈ ਹੈ, ਜਦੋਂ ਕਿ 9 ਥਾਂਵਾਂ ਅਜਿਹੇ ਪਵਾਇੰਟ ਹਨ। ਜਿਥੋਂ ਸੀਸੀਟੀਵੀ ਫੁਟੇਜ ਮਿਲਣੀ ਸੀ, ਜਿਸ 'ਚ ਪਹਿਲੀ ਸੈਕਟਰ 9 ਇੰਟਰਨਲ ਮਾਰਕੀਟ ਦੀ ਵਾਇਨ ਸ਼ਾਪ, ਜਿੱਥੋਂ ਮੁਲਜ਼ਮ ਵਿਕਾਸ ਬਰਾਲਾ ਅਤੇ ਆਸ਼ੀਸ਼ ਨੇ ਸ਼ਰਾਬ ਖਰੀਦੀ। ਦੂਜੀ ਸੈਕਟਰ 7 ਦੇ ਪਟਰੋਲ ਪੰਪ ਅਤੇ ਸੈਕਟਰ 7 ਦੀ ਮਾਰਕੀਟ ਤੋਂ ਜਿੱਥੇ ਮੁਲਜ਼ਮ ਖੁਲ੍ਹੇਆਮ ਸੜਕ ਉਤੇ ਸ਼ਰਾਬ ਪੀ ਰਹੇ ਸਨ। ਉਨ੍ਹਾਂ ਨੇ ਇੱਥੇ ਕੁੜੀ ਦੇ ਪਿੱਛੇ ਅਪਣੀ ਕਾਰ ਲਗਾਈ, ਤੀਜਾ ਸੈਕਟਰ 26 ਖਾਲਸਾ ਕਾਲਜ ਦੀ ਲਾਇਟ ਪਵਾਇੰਟ ਉਤੇ ਜਿੱਥੇ ਮੁਲਜ਼ਮਾਂ ਨੇ ਕੁੜੀ ਦੀ ਕਾਰ ਅੱਗੇ ਅਪਣੀ ਕਾਰ ਲਾ ਕੇ ਉਸਨੂੰ ਰੋਕਨਾ ਚਾਹਿਆ। ਚੌਥਾ ਸੈਕਟਰ 26/7 ਦੀ ਲਾਇਟ ਪਾਇੰਟ ਉਤੇ, ਪੰਜਵਾਂ ਵਿਚਕਾਰ ਰਸਤਾ ਉਤੇ ਸੈਕਟਰ 26 ਗਰੇਨ ਮਾਰਕੀਟ ਚੌਕ ਉਤੇ, ਛੇਵਾਂ ਟਰਾਂਸਪੋਰਟ ਲਾਇਟ ਪਵਾਇੰਟ, ਅੱਠਵਾਂ ਕਲਾਗਰਾਮ ਲਾਇਟ ਪਵਾਇੰਟ ਅਤੇ ਨੌਵਾਂ ਹਾਉਸਿੰਗ ਬੋਰਡ ਲਾਇਟ ਪਾਇੰਟ ਤੋਂ ਸੀ.ਸੀ.ਟੀ.ਵੀ. ਫੁਟੇਜ ਮਿਲ ਸਕਦੀ ਸੀ।
ਕੀ ਵਾਕਿਆ ਹੀ ਚੰਡੀਗੜ੍ਹ ਪੁਲਿਸ ਦਬਾ ਵਿਚ ਕਾਮ ਕਰ ਰਹੀ ਹੈ? : ਚੰਡੀਗੜ ਵਿਚ ਛੇੜਖਾਨੀ ਦੀ ਘਟਨਾ ਨੂੰ ਲੈ ਕੇ ਲਗਾਤਾਰ ਪੁਲਿਸ ਉਤੇ ਸਵਾਲ ਉਠ ਰਹੇ ਹਨ। ਪੁਲਿਸ ਉਤੇ ਹਰਿਆਣਾ ਬੀਜੇਪੀ ਪ੍ਰਧਾਨ ਸੁਭਾਸ਼ ਬਰਾਲਾ ਦੇ ਬੇਟੇ ਨੂੰ ਬਚਾਉਣ ਦਾ ਇਲਜ਼ਾਮ ਲੱਗ ਰਿਹਾ ਹੈ। ਇਸ ਵਿਚ ਪੂਰੀ ਘਟਨਾ ਨੂੰ ਲੈ ਕੇ ਨਵਾਂ ਖੁਲਾਸਾ ਹੋਇਆ ਹੈ।
ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ਆਈਏਐਸ ਦੀ ਧੀ ਨੇ ਪੁਲਿਸ ਵਿਚ ਅਪਣੀ ਸ਼ਿਕਾਇਤ ਵਿਚ ਵਿਕਾਸ ਬਰਾਲਾ 'ਤੇ ਅਗਵਾ ਦੀ ਕੋਸ਼ਿਸ਼ ਦਾ ਇਲਜ਼ਾਮ ਵੀ ਲਾਇਆ ਸੀ, ਪਰ ਪੁਲਿਸ ਨੇ ਆਈਏਐਸ ਦੀ ਧੀ ਦੀ ਇਸ ਸ਼ਿਕਾਇਤ ਨੂੰ ਐਫਆਈਆਰ ਦਾ ਹਿੱਸਾ ਨਹੀਂ ਬਣਾਇਆ, ਜਿਸ ਕਾਰਨ ਹਰਿਆਣਾ ਬੀਜੇਪੀ ਪ੍ਰਧਾਨ ਦੇ ਬੇਟੇ ਵਿਕਾਸ ਬਰਾਲਾ ਨੂੰ ਥਾਣੇ ਤੋਂ ਹੀ ਜ਼ਮਾਨਤ ਮਿਲ ਗਈ।
ਜਾਣਕਾਰੀ ਮੁਤਾਬਿਕ ਇਕ ਹੋਰ ਮਾਮਲੇ ਦਾ ਖੁਲਾਸਾ ਹੋਇਆ ਹੈ। ਚੰਡੀਗੜ੍ਹ ਦੇ ਜਿਨ੍ਹਾਂ ਰਸਤਿਆਂ ਉਤੇ ਆਈਏਐਸ ਦੀ ਧੀ ਦਾ ਪਿੱਛਾ ਕੀਤਾ ਗਿਆ, ਉਨ੍ਹਾਂ ਰਸਤਿਆਂ ਉਤੇ ਲੱਗੇ ਨੌਂ ਸੀਸੀਟੀਵੀ ਕੈਮਰੋਂ ਵਿਚੋਂ ਛੇ ਕੈਮਰੋਂ ਦੀ ਫੁਟੇਜ ਗਾਇਬ ਹੈ। ਇਸ ਘਟਨਾ ਦੇ ਬਾਅਦ ਸਵਾਲ ਉਠ ਰਹੇ ਹਨ ਕਿ ਸੀਸੀਟੀਵੀ ਵਿਚ ਕੈਦ ਤਸਵੀਰਾਂ ਕਿਸਨੇ ਗਾਇਬ ਦੀਆਂ ਹਨ? ਚੰਡੀਗੜ੍ਹ ਵਿਚ ਆਈਏਐਸ ਦੀ ਧੀ ਦੇ ਨਾਲ ਛੇੜਛਾੜ ਦੀ ਘਟਨਾ ਨੂੰ ਲੈ ਕੇ ਇਕ ਬਹੁਤ ਵੱਡਾ ਸਵਾਲ ਇਹ ਵੀ ਹੈ ਕਿ ਕੀ ਮੁਲਜ਼ਮ ਬੀਜੇਪੀ ਨੇਤਾ ਦੇ ਪ੍ਰਧਾਨ ਦਾ ਲੜਕਾ ਨਾ ਹੁੰਦਾ ਤਾਂ ਕੀ ਇੰਝ ਹੀ ਛੁੱਟ ਜਾਂਦਾ?
ਸੋਸ਼ਲ ਮੀਡਿਆ ਤੇ ਵੀ ਖੂਬ ਬਦਨਾਮੀ ਹੋ ਰਹੀ ਹੈ ਭਾਜਪਾ ਦੀ ਬਦਨਾਮੀ : ਆਈ.ਏ.ਐਸ. ਅਧਿਕਾਰੀ ਦੀ ਧੀ ਨਾਲ ਛੇੜਛਾੜ ਅਤੇ ਪਿੱਛਾ ਕਰਨ ਦੇ ਕੇਸ ਵਿਚ ਫਸੇ ਹਰਿਆਣਾ ਭਾਜਪਾ ਪ੍ਰਧਾਨ ਸੁਭਾਸ਼ ਦੇ ਬੇਟੇ ਵਿਕਾਸ ਬਰਾਲਾ ਦੇ ਮਾਮਲੇ ਵਿਚ ਭਾਜਪਾ ਦੀ ਖ਼ੂਬ ਬਦਨਾਮੀ ਹੋ ਰਹੀ ਹੈ। ਇਸ ਮਾਮਲੇ ਨੇ ਐਨਾ ਤੂਲ ਫੜ ਲਿਆ ਹੈ ਕਿ ਇਹ ਸੋਸ਼ਲ ਸਾਈਟ ਟਵਿੱਟਰ 'ਤੇ ਵੀ ਟਰੈਂਡ ਬਣਨ ਲਗਾ ਹੈ, ਜਿਸ 'ਤੇ ਹਰ ਕੋਈ ਅਪਣੀ ਪ੍ਰਤੀਕਿਰਿਆ ਦੇ ਰਿਹਾ ਹੈ। ਪ੍ਰਿਅੰਕਾ ਗਾਂਧੀ ਨੇ ਵੀ ਟਵੀਟ ਕਰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਧਾਰਾਵਾਂ ਨੂੰ ਹਟਾਉਣ ਬਾਰੇ ਕਿਹਾ ਕਿ ਇਹ ਇਕ ਤਰ੍ਹਾਂ ਨਾਲ ਬਹੁਤ ਦੁੱਖ ਦੀ ਗੱਲ ਹੈ।
ਕਾਂਗਰਸ ਨੇ ਭਾਜਪਾ ਵਿਰੁਧ ਕੀਤਾ ਪ੍ਰਦਰਸ਼ਨ : ਹਰਿਆਣਾ ਭਾਜਪਾ ਪ੍ਰਧਾਨ ਦੇ ਬੇਟੇ ਵਲੋਂ ਲੜਕੀ ਨਾਲ ਛੇੜਛਾੜ ਮਾਮਲੇ ਵਿਚ ਆਮ ਲੋਕਾਂ ਅਤੇ ਵਿਰੋਧੀ ਪਾਰਟੀਆਂ ਵਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਦੌਰਾਨ ਛੇੜਛਾੜ ਮਾਮਲੇ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਲੋਂ ਅੱਜ ਚੰਡੀਗੜ੍ਹ ਵਿਚ ਭਾਜਪਾ ਵਿਰੁਧ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਨਾਲ ਹੀ ਭਾਜਪਾ ਦੇ ਅੰਦਰ ਵੀ ਇਸ ਨੂੰ ਲੈ ਕੇ ਭਾਰੀ ਰੋਸ ਹੈ। ਇਸ ਦੌਰਾਨ ਭਾਜਪਾ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਨੇ ਕਿਹਾ ਹੈ ਕਿ ਕਿਸੇ ਦਾ ਪਿੱਛਾ ਕਰਨਾ, ਹੱਥ ਮਾਰ ਕੇ ਗੱਡੀ ਰੋਕਣਾ ਜਾਂ ਅਗਵਾ ਕਰਨ ਦੀ ਕੋਸ਼ਿਸ਼ ਕਰਨਾ ਇਕ ਗੰਭੀਰ ਮਾਮਲਾ ਹੈ। ਇਸ ਸਬੰਧੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ? ਇਸ ਦੌਰਾਨ ਭਾਜਪਾ ਇੰਚਾਰਜ ਅਨਿਲ ਜੈਨ ਨੇ ਕਿਹਾ ਹੈ ਕਿ ਵਿਕਾਸ ਬਰਾਲਾ ਮਾਮਲੇ ਵਿਚ ਸੁਭਾਸ਼ ਬਰਾਲਾ ਦਾ ਕੋਈ ਲੈਣਾ ਦੇਣਾ ਨਹੀਂ ਹੈ? ਇਸ ਮਾਮਲੇ ਵਿਚ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਅਤੇ ਉਨ੍ਹਾਂ ਤੋਂ ਅਸਤੀਫਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਦੂਸਰੇ ਪਾਸੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਸ਼ੋਕ ਤੰਵਰ ਪੀੜਤ ਲੜਕੀ ਦੇ ਘਰ ਪਹੁੰਚੇ ਅਤੇ ਛੇੜਛੇ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਵਿਚ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਹੋਈ ਜਿਸ ਵਿਚ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਿਲ ਹੋਏ ਅਤੇ ਮੀਟਿੰਗ ਵਿਚ ਅਗਵਾ ਕਰਨ ਦੀ ਧਾਰਾ ਜੋੜਨ ਨੂੰ ਲੈ ਕੇ ਲਗਪਗ ਸਹਿਮਤੀ ਬਣ ਚੁੱਕੀ ਹੈ। ਉਥੇ ਪੁਲਿਸ ਉਤੇ ਨਿਰਪੱਖ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਭਾਰੀ ਗਿਣਤੀ ਵਿਚ ਲੋਕ ਲੜਕੀ ਦੇ ਪਿੰਡ ਪਹੁੰਚੇ ਅਤੇ ਮੁੱਖ ਸੜਕ ਉਤੇ ਭਾਜਪਾ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਦਾ ਪੁਤਲਾ ਫੂਕਿਆ।