ਪੰਜਾਬ 'ਵਰਸਟੀ ਕੈਂਪਸ ਤੇ ਸ਼ਹਿਰ ਦੇ ਕਾਲਜਾਂ 'ਚ ਚੋਣ ਮਾਹੌਲ ਗਰਮਾਉਣ ਲੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਯੂਨੀਵਰਸਟੀ ਤੋਂ ਇਲਾਵਾ ਸ਼ਹਿਰ ਦੇ 11 ਡਿਗਰੀ ਕਾਲਜਾਂ 'ਚ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਹ ਚੋਣਾਂ 8 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ।

PUC

ਚੰਡੀਗੜ੍ਹ, 8 ਅਗੱਸਤ (ਬਠਲਾਣਾ): ਪੰਜਾਬ ਯੂਨੀਵਰਸਟੀ ਤੋਂ ਇਲਾਵਾ ਸ਼ਹਿਰ ਦੇ 11 ਡਿਗਰੀ ਕਾਲਜਾਂ 'ਚ ਚੋਣਾਂ ਦਾ ਮਾਹੌਲ ਬਣਦਾ ਜਾ ਰਿਹਾ ਹੈ। ਇਹ ਚੋਣਾਂ 8 ਸਤੰਬਰ ਨੂੰ ਹੋਣ ਦੀ ਸੰਭਾਵਨਾ ਹੈ। ਯੂਨੀਵਰਸਟੀ ਕੈਂਪਸ ਵਿਚ ਵਿਦਿਆਰਥੀਆਂ ਤੋਂ ਪਹਿਲਾਂ ਅਧਿਆਪਕ ਐਸੋਸੀਏਸ਼ਨ ਦੀਆਂ ਚੋਣਾਂ ਹੋ ਰਹੀਆਂ ਹਨ, ਜਿਸ ਦੇ ਚਲਦਿਆਂ ਅਧਿਆਪਕ ਵਰਗ ਵੀ ਪੂਰੀਆਂ ਤਿਆਰੀਆਂ ਕਰ ਰਿਹਾ ਹੈ। ਚੋਣਾਂ ਦੀ ਤਿਆਰੀ ਦਾ ਅੰਦਾਜ਼ਾ ਇਸ ਗੱਲ ਤੋਂ ਭਲੀਭਾਂਤ ਲਾਇਆ ਜਾ ਸਕਦਾ ਹੈ ਕਿ ਚੋਣਾਂ ਲੜਨ ਦੇ ਸੰਭਾਵੀ ਉਮੀਦਵਾਰਾਂ ਉਨ੍ਹਾਂ ਦੇ ਹਮਾਇਤੀਆਂ ਦੇ ਚੋਣ ਪੋਸਟਰ ਚੰਡੀਗੜ੍ਹ ਤੋਂ ਇਲਾਵਾ ਮੋਹਾਲੀ ਅਤੇ ਪੰਚਕੂਲਾ ਤਕ ਵੀ ਲੱਗ ਚੁਕੇ ਹਨ। ਟ੍ਰਾਈਸਿਟੀ ਦੇ ਪੜ੍ਹਾਕੂ ਵੀ ਇਨ੍ਹਾਂ ਚੋਣਾਂ ਵਿਚ ਡੂੰਘੀ ਦਿਲਚਸਪੀ ਰਖਦੇ ਹਨ। ਖੁਲ੍ਹੀਆਂ ਜੀਪਾਂ, ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਸ਼ਹਿਰ ਦੀਆਂ ਗੇੜੀਆਂ ਅਰੰਭ ਹੋ ਗਈਆਂ ਹਨ। ਇਕ-ਦੂਜੇ ਦੇ ਉਮੀਦਵਾਰਾਂ ਨੂੰ ਛੋਟਾ ਦਿਖਾਉਣ ਲਈ ਪੋਸਟਰ ਜੰਗ ਵੀ ਜਾਰੀ ਹੈ। ਸੜਕਾਂ 'ਤੇ ਲੱਗੇ ਸਾਈਨ ਬੋਰਡਾਂ, ਬਿਜਲੀ ਦੇ ਖੰਭਿਆਂ, ਓਵਰ ਬ੍ਰਿਜਾਂ, ਦੁਕਾਨਾਂ, ਬਾਜ਼ਾਰਾਂ ਤੋਂ ਇਲਾਵਾ ਗੱਡੀਆਂ 'ਤੇ ਪੋਸਟਰ ਲਾਏ ਜਾ ਰਹੇ ਹਨ।
ਪ੍ਰਾਈਵੇਟ ਕਾਲਜਾਂ 'ਚ ਪੂਰਾ ਮਾਹੌਲ: ਸਰਕਾਰੀ ਕਾਲਜਾਂ ਦੇ ਮੁਕਾਬਲੇ ਸ਼ਹਿਰ ਦੇ ਪ੍ਰਾਈਵੇਟ ਕਾਲਜਾਂ ਵਿਚ ਇਨ੍ਹਾਂ ਚੋਣਾਂ ਨੂੰ ਲੈ ਕੇ ਜ਼ਿਆਦਾ ਹੀ ਮਾਹੌਲ ਬਣਿਆ ਹੋਇਆ ਹੈ। ਇਨ੍ਹਾਂ ਕਾਲਜਾਂ ਵਿਚ ਡੀ.ਏ.ਵੀ. ਕਾਲਜ ਸੈਕਟਰ-10, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ-26 ਅਤੇ ਐਸ.ਡੀ. ਕਾਲਜ ਸੈਕਟਰ-32 ਸ਼ਾਲਮ ਹਨ। ਇਨ੍ਹਾਂ ਕਾਲਜਾਂ ਵਿਚ ਚੋਣਾਂ ਸ਼ਾਂਤਮਈ ਤਰੀਕੇ ਨਾਲ ਕਰਾਉਣਾ ਕਾਲਜ ਪ੍ਰਸ਼ਾਸਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਲਈ ਵੱਡੀ ਸਿਰਦਰਦੀ ਹੈ। ਡੀ.ਏ.ਵੀ. ਕਾਲਜ 'ਚ 10 ਤੋਂ 12 ਪਾਰਟੀਆਂ/ਗਰੁਪ ਚੋਣ ਮੈਦਾਨ ਵਿਚ ਹੁੰਦੇ ਹਨ। ਇਨ੍ਹਾਂ ਵਿਚ ਪੁਸੁ, ਇਨਸੋ, ਸੋਈ, ਐਨ.ਐਸ.ਯੂ.ਆਈ. ਏ.ਬੀ.ਵੀ.ਪੀ. ਤੋਂ ਇਲਾਵਾ ਕਾਲਜ ਪੱਧਰ ਦੇ ਗਰੁਪ ਹੁੰਦੇ ਹਨ। ਗੁਰੂ ਗੋਬਿੰਦ ਸਿੰਘ ਕਾਲਜ 'ਚ ਖ਼ਾਲਸਾ ਕਾਲਜ ਸਟੂਡੈਂਟਸ ਯੂਨੀਅਨ ਤੋਂ ਇਲਾਵਾ ਰਵਾਇਤੀ ਪਾਰਟੀਆਂ ਹਨ। ਐਸ.ਡੀ. ਕਾਲਜ-32 ਵਿਚ ਐਸ.ਡੀ. ਸਟੂਡੈਂਟਸ ਯੂਨੀਅਨ ਅਤੇ ਐਸ.ਡੀ ਹੋਸਟਲ ਯੂਨੀਅਨ ਮੁੱਖ ਹਨ। ਸਰਕਾਰੀ ਕਾਲਜਾਂ 'ਚ ਸੱਭ ਤੋਂ ਵੱਧ ਚੋਣ ਸਰਗਰਮੀਆਂ ਸਰਕਾਰ ਕਾਲਜ ਸੈਕਟਰ-11 ਵਿਚ ਹੁੰਦੀਆਂ ਹਨ। ਇਨ੍ਹਾਂ ਕਾਲਜਾਂ ਤੋਂ ਇਲਾਵਾ ਸਰਕਾਰੀ ਕਾਲਜ ਸੈਕਟਰ-46 ਵਿਚ ਵੀ ਚੋਣਾਂ ਦਾ ਮਾਹੌਲ ਪੂਰਾ ਭਖਿਆ ਹੋਇਆ ਹੈ। ਇਸ ਕਾਲਜ ਵਿਚ ਜ਼ਿਆਦਾਤਰ ਦਿਹਾਤੀ ਮੁੰਡੇ ਪੜ੍ਹਦੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਯੂਨੀਵਰਸਟੀ ਅਧਿਆਪਕ ਐਸੋਸੀਏਸ਼ਨ (ਪੂਟਾ) ਚੋਣਾਂ 23 ਅਗੱਸਤ ਨੂੰ ਹੋ ਰਹੀਆਂ ਹਨ, ਜਿਨ੍ਹਾਂ ਵਿਚ ਯੂਨੀਵਰਸਟੀ ਦੇ 500 ਤੋਂ ਵੱਧ ਅਧਿਆਪਕ ਹਿੱਸਾ ਲੈਣਗੇ। ਚੋਣ ਸਰਗਰਮੀਆਂ 'ਚ ਤੇਜ਼ੀ ਕਾਰਨ ਸ਼ਹਿਰ ਦੇ ਕਾਲਜਾਂ ਤੋਂ ਇਲਾਵਾ ਯੂਨੀਵਰਸਟੀ ਕੈਂਪਸ ਵਿਚ ਵੀ ਪੁਲਿਸ ਗਾਰਦ ਨਿਗ੍ਹਾ ਰੱਖ ਰਹੀ ਹੈ।