'ਜੇਲ ਭਰੋ ਅੰਦੋਲਨ' ਤਹਿਤ ਗ੍ਰਿਫ਼ਤਾਰੀਆਂ ਲਈ ਇਕੱਠੇ ਹੋਏ ਕਿਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਫਸਲਾਂ ਦੇ ਸਹੀ ਭਾਅ ਦਿਵਾਉਣ ਲਈ ਪੰਜਾਬ ਕਿਸਾਨ ਸੰਗਠਨ ਵਲੋਂ 'ਜੇਲ੍ਹ ਭਰੋ ਅੰਦੋਲਨ' ਤਹਿਤ ਦਿਤੇ ਪ੍ਰੋਗਰਾਮ ਦੀ ਲੜੀ

Farmers

 

ਖਰੜ, 9 ਅਗੱਸਤ (ਜਤਿੰਦਰ ਸਿੰਘ ਮੇਹੋਂ/ਵਿਸ਼ਾਲ ਨਾਗਪਾਲ) : ਪੰਜਾਬ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਫਸਲਾਂ ਦੇ ਸਹੀ ਭਾਅ ਦਿਵਾਉਣ ਲਈ ਪੰਜਾਬ ਕਿਸਾਨ ਸੰਗਠਨ ਵਲੋਂ  'ਜੇਲ੍ਹ ਭਰੋ ਅੰਦੋਲਨ' ਤਹਿਤ ਦਿਤੇ ਪ੍ਰੋਗਰਾਮ ਦੀ ਲੜੀ ਵਿਚ ਕਿਸਾਨਾਂ ਨੇ ਐਸ.ਡੀ.ਐਮ. ਖਰੜ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਦੇ ਕੇ ਅਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ ਪਰ ਪ੍ਰਸ਼ਾਸਨ ਅਤੇ ਪੁਲਿਸ ਨੇ ਕਿਸਾਨਾਂ ਦੀ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ।  ਕਿਸਾਨ ਆਗੂ ਮੇਹਰ ਸਿੰਘ ਥੇੜੀ ਸਮੇਤ ਹੋਰ ਬੁਲਾਰਿਆਂ ਨੇ ਕਿਹਾ ਕਿ ਉਹ ਗ੍ਰਿਫ਼ਤਾਰੀਆਂ ਦੇਣ ਲਈ ਇੱਥੇ ਆਏ ਹਨ।
ਬੁਲਾਰਿਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਨੂੰ ਸਰਕਾਰ ਤੁਰਤ ਮਨਜ਼ੂਰ ਕਰੇ ਨਹੀਂ ਤਾਂ ਕਿਸਾਨ ਜੇਲ੍ਹਾਂ ਵਿਚ ਜਾਣ ਲਈ ਤਿਆਰ ਹਨ। ਪ੍ਰਸ਼ਾਸਨ ਅਤੇ ਪੁਲਿਸ ਵਲੋਂ ਕਿਸੇ ਵੀ ਕਿਸਾਨ ਦੀ ਗ੍ਰਿਫ਼ਤਾਰ ਨਹੀਂ ਕੀਤੀ ਗਈ, ਜਿਸ ਕਾਰਨ ਕਿਸਾਨਾਂ ਨੇ ਇਹ ਧਰਨਾ ਸਮਾਪਤ ਕਰ ਦਿਤਾ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਸਾਨਾਂ ਨੂੰ ਸੰਦੇਸ਼ ਦਿੰਦਿਆ ਕਿਹਾ ਕਿ  ਰੋਪੜ, ਮੁਹਾਲੀ, ਪਟਿਆਲਾ, ਸੰਗਰੂਰ, ਲੁਧਿਆਣਾ ਦੇ ਕਿਸਾਨ ਰੋਜ਼ਾਨਾ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਵਿਖੇ ਆ ਕੇ ਗ੍ਰਿਫਤਾਰੀਆਂ ਲਈ ਪੇਸ਼ ਹੋਣਗੇ। ਡਿਊਟੀ ਮੈਜਿਸਟ੍ਰੇਟ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਐਸ.ਐਚ.ਓ. ਸਿਟੀ ਸਤਨਾਮ ਸਿੰਘ, ਥਾਣਾ ਸਦਰ ਖਰੜ ਦੇ ਐਸ.ਐਚ.ਓ. ਭਗਵੰਤ ਸਿੰਘ ਵੀ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਲਈ ਪੁਲਿਸ ਫੋਰਸ ਨਾਲ ਮੌਕੇ 'ਤੇ ਹਾਜ਼ਰ ਸਨ।