ਜਦੋਂ ਕਿਸਾਨ ਰੋਹ ਅੱਗੇ ਬੇਵੱਸ ਹੋਈ ਪੁਲਿਸ, ਗ੍ਰਿਫ਼ਤਾਰੀ ਲਈ ਲਲਕਾਰਨ ਦੇ ਬਾਵਜੂਦ ਨਾ ਕੀਤੇ ਗ੍ਰਿਫ਼ਤਾਰ
ਕਿਸਾਨੀ ਮੰਗਾਂ ਸਬੰਧੀ ਸਵਾਮੀਨਾਥਨ ਕਮਿਸ਼ਨ ਰੀਪੋਰਟ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਦੇ ਸੱਦੇ 'ਤੇ ਅੱਜ ਫ਼ਿਰੋਜ਼ਪੁਰ ਇਕਾਈ ਦੇ ਵੱਡੀ ਗਿਣਤੀ ਵਿਚ..
ਫ਼ਿਰੋਜ਼ਪੁਰ, 9 ਅਗੱਸਤ (ਬਲਬੀਰ ਸਿੰਘ ਜੋਸਨ) : ਕਿਸਾਨੀ ਮੰਗਾਂ ਸਬੰਧੀ ਸਵਾਮੀਨਾਥਨ ਕਮਿਸ਼ਨ ਰੀਪੋਰਟ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੁਲ ਹਿੰਦ ਕਿਸਾਨ ਸਭਾ ਦੇ ਸੱਦੇ 'ਤੇ ਅੱਜ ਫ਼ਿਰੋਜ਼ਪੁਰ ਇਕਾਈ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਵਲੋਂ ਕਾਮਰੇਡ ਜੁਗਿੰਦਰ ਸਿੰਘ ਖਹਿਰਾ ਅਤੇ ਕਾਮਰੇਡ ਦਰਸ਼ਨ ਸਿੰਘ ਦੀ ਅਗਵਾਈ ਵਿਚ ਅਪਣੇ ਆਪ ਨੂੰ ਡਿਪਟੀ ਕਮਿਸਨਰ ਦਫ਼ਤਰ ਸਾਹਮਣੇ ਗ੍ਰਿਫ਼ਤਾਰੀ ਲਈ ਪੇਸ਼ ਕੀਤਾ।
ਇਸ ਮੌਕੇ ਵੱਡੀ ਗਿਣਤੀ ਵਿਚ ਔਰਤ ਮੁਜ਼ਾਹਰਾਕਾਰੀ ਵੀ ਸ਼ਾਮਲ ਸਨ। ਹੱਕੀ ਮੰਗਾਂ ਦੀ ਪੂਰਤੀ ਲਈ ਕਿਸਾਨਾਂ ਦੇ ਰੋਹ ਅੱਗੇ ਪੁਲਿਸ ਬੇਵੱਸ ਨਜ਼ਰ ਆਈ। ਕਿਸਾਨ ਆਗੂਆਂ ਵਲੋਂ ਵਾਰ ਵਾਰ ਲਲਕਾਰਨ ਦੇ ਬਾਵਜੂਦ ਪੁਲਿਸ ਵਲੋਂ ਕਿਸਾਨਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ।
ਪੁਲਿਸ ਮੁਖੀ ਵਾਰ ਵਾਰ ਕਿਸਾਨ ਆਗੂਆਂ ਨੂੰ ਡਿਪਟੀ ਕਮਿਸ਼ਨਰ ਨਾਲ ਮਿਲਵਾਉਣ ਬਾਰੇ ਕਹਿੰਦੇ ਰਹੇ ਜਿਸ ਨੂੰ ਕਿਸਾਨ ਆਗੂਆਂ ਇਹ ਕਹਿ ਕੇ ਠੁਕਰਾ ਦਿਤਾ ਕਿ ਕਿਸਾਨਾਂ ਦੀਆਂ ਇਹ ਮੰਗਾਂ ਡਿਪਟੀ ਕਮਿਸ਼ਨਰ ਦੇ ਵਸ ਦੀ ਹੀ ਗੱਲ ਨਹੀਂ, ਪੁਲਿਸ ਦੀ ਖਾਮੋਸ਼ੀ 'ਤੇ ਕਿਸਾਨਾਂ ਵਲੋਂ ਉਥੇ ਵੀ ਜੰਮ ਕੇ ਨਾਹਰੇਬਾਜ਼ੀ ਕੀਤੀ। ਕਰੀਬ ਇਕ ਘੰਟੇ ਦੀ ਜੱਦੋ ਜਹਿਦ ਉਪਰੰਤ ਘਰੋਂ ਤਿਆਰੀ ਕਰ ਕੇ ਆਏ ਕਿਸਾਨ ਗ੍ਰਿਫ਼ਤਾਰੀ ਨਾ ਹੋਣ ਕਾਰਨ ਨਿਰਾਸ਼ ਵਾਪਸ ਪਰਤ ਗਏ।
ਇਸ ਤੋਂ ਪਹਿਲਾਂ ਗੁਰਦੁਆਰਾ ਸਾਰਾਗੜ੍ਹੀ ਵਿਖੇ ਇਕੱਤਰ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਾਮਰੇਡ ਹੰਸਾ ਸਿੰਘ ਸੂਬਾ ਜਨਰਲ ਸਕੱਤਰ ਬਾਰਡਰ ਏਰੀਆ ਸੰਘਰਸ਼ ਕਮੇਟੀ ਤੇ ਜ਼ਿਲ੍ਹਾ ਸਕੱਤਰ ਕੁਲ ਹਿੰਦ ਕਿਸਾਨ ਸਭਾ ਅਤੇ ਕਾਮਰੇਡ ਕੁਲਦੀਪ ਸਿੰਘ ਖੁੰਗਰ ਜ਼ਿਲ੍ਹਾ ਸਕੱਤਰ ਸੀ.ਪੀ.ਆਈ. (ਐਮ) ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਵਿਚ ਪਾਰਲੀਮੈਂਟ ਚੋਣਾਂ ਲੜਦਿਆਂ ਵਾਰ ਵਾਰ ਰੈਲੀਆਂ ਵਿਚ ਵਾਅਦਾ ਕੀਤਾ ਸੀ ਕਿ ਉਹ ਸਰਕਾਰ ਬਣਨ 'ਤੇ ਕਿਸਾਨਾਂ ਲਈ ਸੁਆਮੀਨਾਥਨ ਕਮਿਸ਼ਨ ਰੀਪੋਰਟ ਲਾਗੂ ਕਰੇਗਾ ਪਰ ਉਹ ਅਪਣੇ ਵਾਅਦੇ ਤੋਂ ਭੱਜ ਗਿਆ ਹੈ।
ਇਸ ਮੌਕੇ ਮਹਿੰਦਰ ਸਿੰਘ ਕਾਲੂ ਅਰਾਈਂ, ਪਾਲ ਸਿੰਘ ਮੱਟੂ ਕਿਸ਼ੋਰ ਕੇ, ਗੁਲਜ਼ਾਰ ਸਿੰਘ, ਲਾਲ ਸਿੰਘ ਗੱਟੀ ਮੱਤੜ, ਲਖਵਿੰਦਰ ਸਿੰਘ, ਜਰਨੈਲ ਸਿੰਘ ਮੱਖੂ, ਲਖਵਿੰਦਰ ਸਿੰਘ ਮੱਖੂ, ਲਾਲੋ ਬੀਬੀ ਅਤੇ ਪਾਸ਼ੋ ਬੀਬੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।