ਕਿਸਾਨ ਖ਼ੁਦਕੁਸ਼ੀਆਂ ਸਬੰਧੀ ਵਿਸ਼ੇਸ਼ ਇਜਲਾਸ ਸਦਿਆ ਜਾਵੇ : ਖਹਿਰਾ
ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕਰਜ਼ਾਗ੍ਰਸਤ ਕਿਸਾਨਾਂ ਦੀਆਂ ਵਧਦੀਆਂ ਜਾ ਰਹੀਆਂ ਖ਼ੁਦਕਸ਼ੀਆਂ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ।
ਚੰਡੀਗੜ੍ਹ, 8 ਅਗੱਸਤ (ਨੀਲ ਭਲਿੰਦਰ ਸਿੰਘ) : ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਕਰਜ਼ਾਗ੍ਰਸਤ ਕਿਸਾਨਾਂ ਦੀਆਂ ਵਧਦੀਆਂ ਜਾ ਰਹੀਆਂ ਖ਼ੁਦਕਸ਼ੀਆਂ ਦੇ ਮੁੱਦੇ 'ਤੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਹੇਠ 'ਆਪ' ਵਿਧਾਇਕਾਂ ਅਤੇ ਆਗੂਆਂ ਦਾ ਵਫ਼ਦ ਅੱਜ ਪੰਜਾਬ ਦੇ ਰਾਜਪਾਲ ਬੀ.ਪੀ. ਸਿੰੰਘ ਬਦਨੌਰ ਨੂੰ ਮਿਲਿਆ। ਉਨ੍ਹਾਂ ਨਾਲ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਵੀ ਸਨ।
ਰਾਜਪਾਲ ਨੂੰ ਦਿਤੇ ਮੰਗ ਪੱਤਰ ਵਿਚ ਕਿਹਾ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਘੱਟੋ ਘੱਟ ਤਿੰਨ ਦਿਨ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ ਤਾਕਿ ਕਿਸਾਨੀ ਕਰਜ਼ੇ ਅਤੇ ਖ਼ੁਦਕੁਸ਼ੀਆਂ ਦੀ ਸਮੱਸਿਆ, ਇਸ ਦੇ ਕਾਰਨਾਂ ਅਤੇ ਇਸ ਦੇ ਹੱਲ ਬਾਰੇ ਖੁਲ੍ਹ ਕੇ ਚਰਚਾ ਕੀਤੀ ਜਾ ਸਕੇ। ਇਸ ਸੈਸ਼ਨ ਦੀ ਸਾਰੀ ਕਾਰਵਾਈ ਦੂਰਦਰਸ਼ਨ ਅਤੇ ਹੋਰਨਾਂ ਟੀਵੀ ਚੈਨਲਾਂ ਤੋਂ ਲਾਈਵ ਵਿਖਾਈ ਜਾਣੀ ਚਾਹੀਦੀ ਹੈ। ਇਸ ਮਗਰੋਂ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਤ ਕਰਦਿਆਂ ਖਹਿਰਾ ਨੇ ਕਿਹਾ ਕਿ ਕਰਜ਼ੇ ਦੇ ਭਾਰ ਹੇਠ ਦਬੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਰਾਹਤ ਦੇਣ ਲਈ ਹਰ ਪ੍ਰਕਾਰ ਦੇ ਖੇਤੀਬਾੜੀ ਕਰਜ਼ੇ ਅਤੇ ਇਸ ਦੇ ਵਿਆਜ ਦੀ ਰਿਕਵਰੀ 'ਤੇ ਇਕ ਸਾਲ ਦੀ ਰੋਕ ਲਾਈ ਜਾਣੀ ਚਾਹੀਦੀ ਹੈ। ਸੰਨ 2013 ਵਿਚ ਕਰਨਾਟਕ ਸਰਕਾਰ ਨੇ ਸੂਬੇ ਵਿਚ ਸੋਕਾ ਪੈਣ ਕਾਰਨ ਕਿਸਾਨ ਖ਼ੁਦਕੁਸ਼ੀਆਂ ਨੂੰ ਰੋਕਣ ਲਈ ਮੋਰਾਟੋਰੀਅਮ (ਅਜਿਹੀ ਹੀ ਰੋਕ) ਐਲਾਨੀ ਸੀ। ਉਨ੍ਹਾਂ ਧਿਆਨ ਦਿਵਾਇਆ ਕਿ ਖੇਤੀ ਨਾਲ ਸਬੰਧਤ ਬੈਂਕਾਂ ਅਤੇ ਗ਼ੈਰ ਬੈਂਕਾਂ ਦੇ ਕਰਜ਼ੇ ਲਗਭਗ ਚਿੰਤਾਜਨਕ ਹੱਦ ਪਾਰ ਕਰ ਚੁੱਕੇ ਹਨ। ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਿਸਾਨੀ ਕਰਜ਼ਿਆਂ ਦੀ ਭਰਪਾਈ ਲਈ ਸ਼ਰਾਬ, ਪਟਰੌਲ, ਮੋਬਾਈਲ ਬਿਲਾਂ 'ਤੇ ਕਰ ਲਾਇਆ ਜਾਵੇ।
ਆਈਏਐਸ ਅਧਿਕਾਰੀ ਦੀ ਬੇਟੀ ਨਾਲ ਚੰਡੀਗੜ੍ਹ 'ਚ ਛੇੜਛਾੜ ਹੋਣ ਬਾਰੇ ਖਹਿਰਾ ਨੇ ਕਿਹਾ ਕਿ 'ਬੇਟੀ ਬਚਾਉ, ਬੇਟੀ ਪੜ੍ਹਾਉ' ਵਾਲੇ ਹੁਣ 'ਬਦਮਾਸ਼ ਬੇਟੇ ਬਚਾਉ' ਵਲ ਚੱਲ ਪਏ ਹਨ।
ਉਨ੍ਹਾਂ ਕਿਹਾ ਕਿ ਨੰਨ੍ਹੀ ਛਾਂ ਮੁਹਿੰਮ ਵਾਲੀ ਹਰਸਿਮਰਤ ਕੌਰ ਇਸ ਮਾਮਲੇ ਬਾਰੇ ਚੁੱਪ ਕਿਉਂ ਹੈ?