ਨਾਟਕੀ ਢੰਗ ਨਾਲ ਟਾਈਟਲਰ ਬਾਰੇ ਮੁੜ ਅਖੌਤੀ ਗੁਪਤ ਵੀਡੀਉ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ.ਜੀ.ਕੇ. ਦਾ ਦਾਅਵਾ ਹੈ ਕਿ ਹੁਣ ਦੇ ਗੁਪਤ ਵੀਡੀਉ ਟੁਕੜੇ ਪਹਿਲਾਂ ਵਾਲੇ ਹੀ ਹਨ

Manjit GK

 ਨਵੰਬਰ 1984 ਦੇ ਸਿੱਖ ਕਤਲੇਆਮ ਮਾਮਲੇ ਵਿਚ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਮਨਜੀਤ ਸਿੰਘ ਜੀ.ਕੇ. ਵਲੋਂ ਫ਼ਰਵਰੀ ਮਹੀਨੇ ਟਾਈਟਲਰ ਵਿਰੁਧ ਅਖਉਤੀ ਗੁਪਤ ਵੀਡੀਉ ਜਾਰੀ ਕਰਨ ਪਿਛੋਂ ਅੱਜ ਨਾਟਕੀ ਢੰਗ ਨਾਲ ਉਹੀ ਵੀਡੀਉ ਟੁਕੜੇ ਮੁੜ ਸਾਹਮਣੇ ਆ ਗਏ ਹਨ, ਜਿਨ੍ਹਾਂ ਬਾਰੇ ਸ.ਜੀ.ਕੇ. ਦਾ ਦਾਅਵਾ ਹੈ ਕਿ ਹੁਣ ਦੇ ਗੁਪਤ ਵੀਡੀਉ ਟੁਕੜੇ ਪਹਿਲਾਂ ਵਾਲੇ ਹੀ ਹਨ, ਪਰ ਇਸ ਵਿਚ ਟਾਈਟਲਰ ਨਾਲ ਬੈਠੇ ਹੋਏ ਬੰਦੇ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ, ਜੋ ਅਦਾਲਤ ਤੇ ਸੀਬੀਆਈ ਕੋਲ ਵੀ ਬਿਆਨ ਦਰਜ ਕਰਵਾਉਣ ਲਈ ਤਿਆਰ ਹੈ।ਅੱਜ ਇਥੋਂ ਦੇ ਕਾਂਸਟੀਚਿਊਸ਼ਨ ਕਲੱਬ ਵਿਖੇ ਪੱਤਰਕਾਰਾਂ ਸਾਹਮਣੇ ਦਿੱਲੀ ਗੁਰਦਵਾਰਾ ਕਮੇਟੀ ਦੇ ਜਨਰਲ ਸਕੱਤਰ ਸ.ਮਨਜਿੰਦਰ ਸਿੰਘ ਸਿਰਸਾ, ਸ.ਅਵਤਾਰ ਸਿੰਘ ਹਿਤ ਤੇ ਹੋਰ ਅਹੁਦੇਦਾਰਾਂ ਨਾਲ ਸ.ਜੀ.ਕੇ. ਨੇ ਮੁੜ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਫ਼ਰਵਰੀ ਮਹੀਨੇ ਵਿਚ ਕੋਈ ਬੇਪਛਾਣ ਬੰਦਾ ਉਨ੍ਹਾਂ ਦੇ ਘਰ ਟਾਈਟਲਰ ਦੇ ਗੁਪਤ ਵੀਡੀਉ ਟੁਕੜੇ ਦੀ ਪੈੱਨਡਰਾਈਵ ਪੈਕਟ ਵਿਚ ਦੇ ਗਿਆ ਸੀ, ਉਸੇ ਤਰ੍ਹਾਂ ਮੁੜ 23 ਮਾਰਚ ਨੂੰ ਕਿਸੇ ਨੇ ਵਸੰਤ ਵਿਹਾਰ ਦੇ ਗ਼ਲਤ ਪਤੇ ਤੋਂ ਸਪੀਡ ਪੋਸਟ ਰਾਹੀਂ ਪਹਿਲਾਂ ਵਾਂਗ ਹੀ ਉਹੀ ਅਖਉਤੀ ਗੁਪਤ ਟੁਕੜੇ ਭੇਜੇ ਹਨ, ਜਿਨਾਂ੍ਹ ਵਿਚ ਟਾਈਟਲਰ ਨਾਲ ਬੈਠੇ ਇਕ ਸ਼ਖਸ ਦਾ ਚਿਹਰਾ ਸਾਫ਼ ਵਿਖਾਇਆ ਗਿਆ ਹੈ ਅਤੇ ਉਸ ਬੰਦੇ ਦਾ ਮੋਬਾਈਲ ਨੰਬਰ ਵੀ ਪੈੱਨਡਰਾਈਵ ਨਾਲ ਉਨਾਂ੍ਹ ਨੂੰ ਭੇਜਿਆ ਗਿਆ। ਫਿਰ ਉਨ੍ਹਾਂ 24 ਮਾਰਚ ਨੂੰ ਰਵਿੰਦਰ ਸਿੰਘ ਚੌਹਾਨ ਨਾਲ ਉਸਦੇ ਫੋਨ 'ਤੇ ਰਾਬਤਾ ਕੀਤਾ ਤੇ ਮਿਲਣ ਲਈ ਮਨਾਇਆ।

ਨਾਟਕੀ ਢੰਗ ਨਾਲ ਇਕ ਤੋਂ ਬਾਅਦ ਦੂਜੀ ਵਾਰ 5 ਅਖਉਤੀ ਗੁਪਤ ਵੀਡੀਉ ਟੁਕੜੇ ਮਿਲਣ 'ਤੇ ਉਸਨੂੰ ਸ.ਜੀ.ਕੇ. ਵਲੋਂ ਮੀਡੀਆ ਵਿਚ ਨਸ਼ਰ ਕਰਨ ਦੇ ਮਾਮਲੇ ਵਿਚ ਉਨ੍ਹਾਂ ਇਸ ਸਵਾਲ ਤੋਂ ਕਿਨਾਰਾ ਕਰ ਲਿਆ ਕਿ ਕੀ ਇਸ ਵੀਡੀਉ ਪਿਛੇ 2019 ਦੀਆਂ ਚੋਣਾਂ ਤੇ ਕਾਂਗਰਸ ਮੁਕਤ ਭਾਰਤ ਕਰਨ ਦੀ ਭਾਜਪਾ ਦੀ ਵੀ ਕੋਈ ਅਖਉਤੀ ਖੇਡ ਹੈ। ਸਪੋਕਸਮੈਨ ਵਲੋਂ ਇਹ ਪੁੱਛਣ 'ਤੇ ਕਿ ਪਹਿਲਾਂ ਜਿਸ ਬੰਦੇ ਨੇ ਉਨਾਂ੍ਹ ਦੇ ਘਰ ਪੈਕਟ ਦਿਤਾ ਸੀ, ਉਸਦੀ ਪਛਾਣ ਲਈ ਸੀਸੀਟੀਵੀ ਤੋਂ ਪਛਾਣ ਨਹੀਂ ਕੀਤੀ ਜਾ ਸਕਦੀ, ਤਾਂ ਜੀ.ਕੇ. ਨੇ ਕਿਹਾ, ਉਨਾਂ੍ਹ ਦੀ ਰਿਹਾਇਸ਼ ਗ੍ਰੇਟਰ ਕੈਲਾਸ਼ ਦੇ ਬਾਹਰ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਾ ਹੋਇਆ ।ਉਨ੍ਹਾਂ ਦਾਅਵਾ ਕੀਤਾ ਕਿ ਗੁਪਤ ਵੀਡੀÀ ਭੇਜਣ ਵਾਲੇ ਬੇਪਛਾਣ ਬੰਦੇ ਨੇ ਲਿਖ ਕੇ ਭੇਜਿਆ ਹੈ ਕਿ ਟਾਈਟਲਰ ਬਾਰੇ ਪੂਰੀ ਇਕ ਘੰਟੇ ਦੀ ਗੁਪਤ ਰੀਕਾਰਡਿੰਗ ਉਸ ਕੋਲ ਹੈ ਤੇ ਲੋੜ ਪੈਣ  'ਤੇ ਉਹ ਅਦਾਲਤ ਅਤੇ ਮੀਡੀਆ ਸਾਹਮਣੇ ਵੀ ਪੇਸ਼ ਹੋਵੇਗਾ ।ਉਨਾਂ੍ਹ ਪ੍ਰੋਜੈਕਟਰ 'ਤੇ ਟਾਈਟਲਰ ਨਾਲ ਅਖਉੇਤੀ ਵੀਡੀਉ ਵਿਚ ਬੈਠੇ ਹੋਏ ਰਵਿੰਦਰ ਸਿੰਘ ਚੌਹਾਨ ਨਾਲ ਅਪਣੀ ਮੁਲਾਕਾਤ ਦੀ ਇਕ 7 ਮਿੰਨਟ 7 ਸੈਕੰਡ ਦੀ ਵੀਡੀਉ ਵੀ ਵਿਖਾਈ ਤੇ ਸੁਣਾਈ ਜਿਸ ਵਿਚ ਸ.ਜੀ.ਕੇ. ਨੇ ਉਸ ਕੋਲੋਂ ਪਹਿਲੇ ਦੇ ਅਖਉਤੀ ਗੁਪਤ ਵੀਡੀਉ ਵਿਚ ਹੋਈ ਗੱਲਬਾਤ ਬਾਰੇ ਸਵਾਲ ਵੀ ਪੁਛੇ।ਇਸੇ ਵੀਡੀਉ ਵਿਚ ਸ.ਜੀ.ਕੇ. ਨਾਲ ਗੱਲਬਾਤ ਕਰਦੇ ਹੋਏ ਰਵਿੰਦਰ ਸਿੰਘ ਚੌਹਾਨ ਨਾਂਅ ਦੇ ਦਿੱਲੀ ਰਹਿੰਦੇ ਬੰਦੇ ਨੇ ਇਹ ਦਾਅਵਾ ਕੀਤਾ ਕਿ ਉਹੀ ਟਾਈਟਲਰ ਨਾਲ ਬੈਠਾ ਹੋਇਆ ਹੈ, ਪਰ ਹੋਰ ਕੋਈ ਖੁਲਾਸਾ ਨਹੀਂ ਕੀਤਾ। ਸਿਰਫ ਐਨਾ ਕਿਹਾ, 'ਮੈਂ ਸੱਚ ਦੇ ਨਾਲ ਹਾਂ। ਜੇ ਕੋਈ ਪੜਤਾਲੀਆ ਏਜੰਸੀ ਜਾਂ ਅਦਾਲਤ ਮੈਨੂੰ ਸੱਦੇਗੀ ਤਾਂ ਅਪਣਾ ਬਿਆਨ ਦਰਜ ਕਰਵਾਵਾਂਗਾ, ਪਰ ਮੈਂ ਮੀਡੀਆ ਸਾਹਮਣੇ ਨਹੀਂ ਆਵਾਂਗਾ।'