ਡਾ. ਮਨਮੋਹਨ ਸਿੰਘ ਵੰਡ ਵੇਲੇ ਦੀਆਂ ਯਾਦਾਂ ਗੁਰੂ ਨਾਨਕ ਦੇਵ 'ਵਰਸਟੀ ਨਾਲ ਸਾਂਝੀਆਂ ਕਰਨਗੇ?
ਕੀ ਸਾਬਕਾ ਪ੍ਰਧਾਨ ਮੰਤਰੀ ਦੇਸ਼ ਦੇ ਵੰਡ ਨਾਲ ਸਬੰਧਤ ਜੋ ਘਟਨਾਵਾਂ ਵਾਪਰੀਆਂ, ਉਹ ਲੋਕਾਂ ਨਾਲ ਸਾਂਝੀਆਂ ਕਰਨਗੇ? ਇਸ ਸਵਾਲ ਦੀ ਅਹਿਮੀਅਤ ਇਸ ਕਰ ਕੇ ਬਣ ਗਈ ਹੈ ਕਿਉੁਂਕਿ
ਚੰਡੀਗੜ੍ਹ, 8 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ) : ਕੀ ਸਾਬਕਾ ਪ੍ਰਧਾਨ ਮੰਤਰੀ ਦੇਸ਼ ਦੇ ਵੰਡ ਨਾਲ ਸਬੰਧਤ ਜੋ ਘਟਨਾਵਾਂ ਵਾਪਰੀਆਂ, ਉਹ ਲੋਕਾਂ ਨਾਲ ਸਾਂਝੀਆਂ ਕਰਨਗੇ? ਇਸ ਸਵਾਲ ਦੀ ਅਹਿਮੀਅਤ ਇਸ ਕਰ ਕੇ ਬਣ ਗਈ ਹੈ ਕਿਉੁਂਕਿ ਗੁਰੂ ਨਾਨਕ ਦੇਵ ਯੂਨੀਵਰਸਟੀ ਨੇ ਦੇਸ਼ ਦੀ ਵੰਡ ਵੇਲੇ ਹੋਈ ਕਤਲੋਗਾਰਤ ਅਤੇ ਹੋਰ ਘਟਨਾਵਾਂ ਦੇ ਵੇਰਵੇ ਲੋਕਾਂ ਨਾਲ ਪੁੱਛ-ਪੜਤਾਲ ਕਰ ਕੇ ਇਕੱਤਰ ਕਰਨੇ ਸ਼ੁਰੂ ਕਰ ਦਿਤੇ ਹਨ। ਇਸ ਯੂਨੀਵਰਸਟੀ ਨੇ ਬਹੁਤ ਸਾਰੇ ਲੋਕਾਂ ਨੂੰ ਇੰਟਰਵਿਊ ਕੀਤਾ ਹੈ ਤਾਕਿ ਉਨ੍ਹਾਂ ਤੋਂ ਦੇਸ਼ ਦੀ ਵੰਡ ਦਾ ਵੇਰਵਾ ਇਕੱਤਰ ਕੀਤਾ ਜਾ ਸਕੇ।
ਗੁਰੂ ਨਾਨਕ ਦੇਵ ਯੂਨੀਵਰਸਟੀ ਵਿਚਲੇ ਸ੍ਰੀ ਗੁਰੂ ਗੰ੍ਰਥ ਸਾਹਿਬ ਨਾਲ ਸਬੰਧਤ ਵਿਭਾਗ ਦੇ ਮੁਖੀ ਡਾ. ਬਲਵੰਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹੁਣ ਤਕ ਤਕਰੀਬਨ 200 ਅਜਿਹੇ ਵਿਅਕਤੀਆਂ ਨੂੰ ਇੰਟਰਵਿਊ ਕੀਤਾ ਹੈ ਜੋ ਵੰਡ ਵੇਲੇ ਪਾਕਿਸਤਾਨ ਤੋਂ ਪਰਵਾਸ ਕਰ ਕੇ ਹਿੰਦੁਸਤਾਨ ਆਏ ਸਨ। ਅਸੀਂ ਉਨ੍ਹਾਂ ਦੀ ਵੀਡੀਉ ਰੀਕਾਰਡਿੰਗ ਵੀ ਕੀਤੀ ਹੈ। ਉਨ੍ਹਾਂ ਨੂੰ ਪੁਛਿਆ ਗਿਆ ਕਿ ਵੰਡ ਵੇਲੇ ਉਨ੍ਹਾਂ ਨਾਲ ਕੀ ਵਾਪਰਿਆ, ਕਿਸ ਤਰ੍ਹਾਂ ਕਤਲੋਗਾਰਤ ਹੋਈ, ਕਿਸ ਤਰ੍ਹਾਂ ਲੁੱਟ-ਖਸੁੱਟ ਹੋਈ, ਕਿਸ ਤਰ੍ਹਾਂ ਲੋਕ ਪਰਵਾਸ ਕਰ ਕੇ ਇਧਰ ਹਿੰਦੁਸਤਾਨ ਆਏ ਤੇ ਉੁਨ੍ਹਾਂ ਨੇ ਕਿਸ ਤਰ੍ਹਾਂ ਦੇ ਦੁੱਖ ਝੱਲੇ। ਉਨ੍ਹਾਂ ਤੋਂ ਵੰਡ ਨਾਲ ਸਬੰਧਤ ਹੋਰ ਵੇਰਵੇ ਵੀ ਇਕੱਤਰ ਕੀਤੇ ਗਏ ਹਨ ਜਿਨ੍ਹਾਂ ਵਿਚ ਵੰਡ ਨਾਲ ਸਬੰਧਤ ਸਰਕਾਰੀ ਮੀਟਿੰਗਾਂ ਵੀ ਸ਼ਾਮਲ ਹਨ।
ਡਾ. ਬਲਵੰਤ ਸਿੰਘ ਨੇ ਕਿਹਾ ਕਿ ਜਲਦੀ ਹੀ ਇਨ੍ਹਾਂ ਵੇਰਵਿਆਂ ਦੇ ਆਧਾਰ 'ਤੇ ਇਕ ਕਿਤਾਬ ਛਪਵਾਈ ਜਾ ਰਹੀ ਹੈ ਜਿਸ ਵਿਚ 20-22 ਵਿਅਕਤੀਆਂ ਵਲੋਂ ਦਿਤੀ ਜਾਣਕਾਰੀ ਨੂੰ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਜਿਹੜੀਆਂ ਦੂਜੀਆਂ ਇੰਟਰਵਿਊਜ਼ ਕੀਤੀਆਂ ਗਈਆਂ ਹਨ, ਉਨ੍ਹਾਂ ਨੂੰ ਵੀ ਕਿਤਾਬ ਜ਼ਰੀਏ ਛਾਪ ਕੇ ਸਾਹਮਣੇ ਲਿਆਂਦਾ ਜਾਵੇਗਾ।
ਗੁਰੂ ਨਾਨਕ ਦੇਵ ਯੂਨੀਵਰਸਟੀ ਇਹ ਪ੍ਰਾਜੈਕਟ ਅੰਤਰਰਾਸ਼ਟਰੀ ਦੇ ਪ੍ਰਸਿੱਧ ਸਟੈਨਫ਼ੋਰਡ ਅਤੇ ਬਰਕਲੇ ਯੂਨੀਵਰਸਟੀ ਨਾਲ ਮਿਲ ਕੇ ਕਰ ਰਹੀ ਹੈ। ਵਰਨਣਯੋਗ ਹੈ ਕਿ ਵੰਡ ਵੇਲੇ ਲੱਖਾਂ ਲੋਕ ਪਾਕਿਸਤਾਨ ਤੋਂ ਉਜੜ ਕੇ ਹਿੰਦੁਸਤਾਨ ਵਲ ਆਏ ਅਤੇ ਇਨ੍ਹਾਂ ਵਿਚੋਂ ਬਹੁਗਿਣਤੀ ਪੰਜਾਬੀਆਂ ਦੀ ਸੀ। ਅਸਲ ਵਿਚ ਦੋਵੇਂ ਪਾਸੇ ਹੀ ਪੰਜਾਬ ਵਿਚ ਵੱਡੀ ਪੱਧਰ 'ਤੇ ਕਤਲੋਗਾਰਤ ਤੇ ਮਾਰ-ਧਾੜ ਹੋਈ ਸੀ ਜਿਸ ਨੂੰ ਮਨੁੱਖੀ ਇਤਿਹਾਸ ਵਿਚ ਸੱਭ ਤੋਂ ਵੱਡਾ ਘੱਲੂਘਾਰਾ ਸਮਝਿਆ ਜਾਂਦਾ ਹੈ।
ਹਾਲਾਂਕਿ ਵੰਡ ਨਾਲ ਸਬੰਧਤ ਬਹੁਤ ਸਾਰੀਆਂ ਇਤਿਹਾਸਕ ਪੁਸਤਕਾਂ ਲਿਖੀਆਂ ਗਈਆਂ ਹਨ ਪਰ ਇਹ ਇਕ ਵਖਰੀ ਕਿਸਮ ਦਾ ਕੰਮ ਹੈ। ਵੰਡ ਸਬੰਧੀ ਲੋਕਾਂ ਵਲੋਂ ਦਸੀਆਂ ਗਈਆਂ ਗੱਲਾਂ ਦੇ ਆਧਾਰ 'ਤੇ ਇਕ ਨਵੀਂ ਕਿਸਮ ਦਾ ਇਤਿਹਾਸ ਲਿਖਿਆ ਜਾ ਰਿਹਾ ਹੈ। ਡਾ. ਬਲਵੰਤ ਸਿੰਘ ਦਾ ਕਹਿਣਾ ਹੈ ਕਿ ਇਤਿਹਾਸਕਾਰਾਂ ਦਾ ਇਸ ਵੰਡ ਬਾਰੇ ਆਪੋ-ਅਪਣਾ ਦ੍ਰਿਸ਼ਟੀਕੋਣ ਹੈ ਪਰ ਅਸੀਂ ਜੋ ਕਰ ਰਹੇ ਹਾਂ, ਉਹ ਉਨ੍ਹਾਂ ਲੋਕਾਂ ਵਲੋਂ ਦਿਤੇ ਵੇਰਵਿਆਂ 'ਤੇ ਆਧਾਰਤ ਹੈ ਜੋ ਇਸ ਸਾਰੇ ਘਟਨਾਕ੍ਰਮ ਦੇ ਸੈਸ਼ਨ ਅਧੀਨ ਗਵਾਹ ਰਹੇ ਹਨ ਤੇ ਜਿਨ੍ਹਾਂ ਨੇ ਵੰਡ ਦਾ ਸੰਤਾਪ ਅਪਣੇ ਪਿੰਡੇ 'ਤੇ
ਹੰਡਾਇਆ ਹੈ।
ਇਥੇ ਦੱਸਣਾ ਬਣਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਵੰਡ ਵੇਲੇ ਪਰਵਾਰ ਛੱਡ ਕੇ ਹਿੰਦੁਸਤਾਨ ਆਏ ਸਨ ਤੇ ਉਨ੍ਹਾਂ ਨਾਲ ਉਨ੍ਹਾਂ ਦਾ ਦੂਜਾ ਪਰਵਾਰ ਵੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 15 ਕੁ ਸਾਲ ਦੀ ਸੀ। ਵੰਡ ਤੋਂ ਪਹਿਲਾਂ ਉਹ ਚੱਕਵਾਲ ਜ਼ਿਲ੍ਹੇ ਦੇ ਗਾਹ ਪਿੰਡ ਰਹਿੰਦੇ ਸਨ ਤੇ ਉਥੇ ਹੀ ਉੁਨ੍ਹਾਂ ਨੇ ਮੁਢਲੀ ਵਿਦਿਆ ਪ੍ਰਾਪਤ ਕੀਤੀ ਸੀ। ਜਦ ਉਹ ਪ੍ਰਧਾਨ ਮੰਤਰੀ ਬਣੇ ਤਾਂ ਉਨ੍ਹਾਂ ਲਈ ਕਈ ਵਾਰੀ ਗਾਹ ਪਿੰਡ ਤੋਂ ਸੱਦੇ ਆਏ ਕਿ ਸ. ਮਨਮੋਹਨ ਸਿੰਘ ਅਪਣਾ ਪਿੰਡ ਵੇਖਣ ਜ਼ਰੂਰ ਆਉਣ। ਪਤਾ ਲੱਗਾ ਹੈ ਕਿ ਦੂਜੇ ਲੋਕਾਂ ਵਾਂਗ ਮਨਮੋਹਨ ਸਿੰਘ ਕੋਲ ਵੀ ਵੰਡ ਬਾਰੇ ਬਹੁਤ ਕੌੜੀਆਂ-ਮਿੱਠੀਆਂ ਯਾਦਾਂ ਹਨ, ਪਰ ਉਨ੍ਹਾਂ ਨੇ ਅਜੇ ਤਕ ਇਨ੍ਹਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕੀਤਾ। ਕੀ ਹੁਣ ਉਹ ਇਹ ਯਾਦਾਂ ਗੁਰੂ ਨਾਨਕ ਦੇਵ ਯੂਨੀਵਰਸਟੀ ਨਾਲ ਸਾਂਝੀਆਂ ਕਰਨਗੇ। ਇਹ ਇਕ ਅਪਣੇ-ਆਪ 'ਚ ਅਹਿਮ ਸਵਾਲ ਹੈ।