ਗੋਲੀਕਾਂਡ ਮਾਮਲਾ : ਐਸਐਸਪੀ ਚਰਨਜੀਤ ਸ਼ਰਮਾ ਦਾ ਪੁਲਿਸ ਰਿਮਾਂਡ ਖ਼ਤਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ ਚਰਨਜੀਤ ਸ਼ਰਮਾ ਨੂੰ 3 ਅਪ੍ਰੈਲ ਤਕ ਭੇਜਿਆ ਜੁਡੀਸ਼ੀਅਲ ਹਿਰਾਸਤ 'ਚ 

SSP Charanjit Sharma

ਕੋਟਕਪੂਰਾ : ਪੁਲਿਸ ਪ੍ਰਸ਼ਾਸ਼ਨ ਨੇ 12 ਅਕਤੂਬਰ 2015 ਨੂੰ ਵਾਪਰੇ ਬੇਅਦਬੀ ਕਾਂਡ ਤੋਂ ਬਾਅਦ ਬੱਤੀਆਂ ਵਾਲਾ ਚੌਕ ਕੋਟਕਪੂਰਾ 'ਚ ਰੋਸ ਧਰਨੇ 'ਤੇ ਬੈਠੀਆਂ ਸੰਗਤਾਂ ਦੀ ਨਿਗਰਾਨੀ ਲਈ ਚਾਰੇ ਦਿਸ਼ਾਵਾਂ 'ਚ ਸੀਸੀਟੀਵੀ ਕੈਮਰੇ ਲਵਾ ਦਿਤੇ, ਜੋ ਪੁਲਿਸ ਲਈ ਹੀ ਮੁਸੀਬਤ ਦਾ ਸਬੱਬ ਬਣਦੇ ਨਜ਼ਰ ਆ ਰਹੇ ਹਨ। ਇਸੇ ਤਰ੍ਹਾਂ ਪੁਲਿਸ ਨੇ 14 ਅਕਤੂਬਰ ਨੂੰ ਸਿਟੀ ਥਾਣਾ ਕੋਟਕਪੂਰਾ ਅਤੇ ਬਾਜਾਖਾਨਾ ਥਾਣੇ ਵਿਖੇ ਕੁੱਝ ਸਿੱਖ ਆਗੂਆਂ ਦੇ ਨਾਮ ਲਿਖ ਕੇ ਬਾਕੀ ਅਣਪਛਾਤਿਆਂ ਵਿਰੁਧ 2 ਮਾਮਲੇ ਦਰਜ ਕਰ ਦਿੱਤੇ।

ਭਾਵੇਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਦਬਾਅ ਕਾਰਨ ਦੋਨੋਂ ਮਾਮਲੇ ਰੱਦ ਕਰਨੇ ਪਏ ਪਰ ਅੱਜ ਉਹੀ ਦੋਨੋਂ ਐਫ਼ਆਈਆਰਜ਼ ਪੁਲਿਸ ਪ੍ਰਸ਼ਾਸ਼ਨ ਲਈ ਮੁਸੀਬਤ ਅਤੇ ਪ੍ਰੇਸ਼ਾਨੀਆਂ ਪੈਦਾ ਕਰਦੀਆਂ ਪ੍ਰਤੀਤ ਹੋ ਰਹੀਆਂ ਹਨ ਕਿਉਂਕਿ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਅਤੇ ਐਫ਼ਆਈਆਰਾਂ ਪੁਲਿਸ ਦੇ ਬਿਆਨਾ ਨੂੰ ਸ਼ੱਕੀ ਕਰਨ ਦੇ ਨਾਲ-ਨਾਲ ਝੁਠਲਾ ਵੀ ਰਹੀਆਂ ਹਨ। ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ 'ਚ ਐਸਆਈਟੀ ਵਲੋਂ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਲਿਆਂਦੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦਾ ਅੱਜ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਜਦ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਅਦਾਲਤ ਨੇ ਉਸ ਨੂੰ 3 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਭੇਜਣ ਦਾ ਹੁਕਮ ਸੁਣਾਇਆ।

ਜਿਹੜੇ ਪੀੜਤ ਪਰਵਾਰ ਪਿਛਲੇ ਸਮੇਂ 'ਚ ਐਸਆਈਟੀ ਦੀ ਕਾਰਗੁਜ਼ਾਰੀ ਦੀ ਪ੍ਰਸੰਸਾ ਕਰਦੇ ਸਨ, ਅੱਜ ਉਨ੍ਹਾਂ ਐਸਆਈਟੀ ਦੀ ਜਾਂਚ ਨੂੰ ਗ਼ਲਤ ਦਸਦਿਆਂ ਕਈ ਸਵਾਲ ਉਠਾਏ ਕਿ ਜੇਕਰ 'ਸਿੱਟ' ਵਲੋਂ ਮਜ਼ਬੂਤੀ ਨਾਲ ਉਕਤ ਕੇਸ ਦੀ ਪੈਰਵਾਈ ਕੀਤੀ ਜਾਂਦੀ ਤਾਂ ਕਤਲ ਕੇਸ 'ਚ ਨਾਮਜ਼ਦ ਹੋਣ ਦੇ ਬਾਵਜੂਦ ਉੱਚ ਪੁਲਿਸ ਅਧਿਕਾਰੀ ਇਸ ਤਰ੍ਹਾਂ ਜ਼ਮਾਨਤਾਂ ਕਰਾਉਣ 'ਚ ਕਾਮਯਾਬ ਨਾ ਹੁੰਦੇ। ਐਸਆਈਟੀ ਵਲੋਂ ਘਟਨਾ ਸਥਾਨ ਮੌਕੇ ਕੋਟਕਪੂਰਾ ਜਾਂ ਬਹਿਬਲ ਵਿਖੇ ਤੈਨਾਤ ਜਿਸ-ਜਿਸ ਪੁਲਿਸ ਕਰਮਚਾਰੀ ਦੇ ਬਿਆਨ ਧਾਰਾ 164 ਤਹਿਤ ਅਦਾਲਤ ਕੋਲ ਦਰਜ ਕਰਵਾਏ ਜਾ ਰਹੇ ਹਨ, ਉਨ੍ਹਾਂ 'ਚ ਜਿੱਥੇ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ, ਉੱਥੇ ਉਕਤ ਬਿਆਨ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ 'ਚ ਸਹਾਈ ਜ਼ਰੂਰ ਹੋਣਗੇ।

ਪਹਿਲਾਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ 'ਚ ਪੁਲਿਸ ਕਰਮਚਾਰੀਆਂ ਦੇ ਦਿੱਤੇ ਬਿਆਨਾਂ 'ਚ ਕਈ ਅਹਿਮ ਪ੍ਰਗਟਾਵੇ ਹੋਏ ਸਨ ਤੇ ਹੁਣ ਅਦਾਲਤ 'ਚ ਦਿਤੇ ਜਾ ਰਹੇ ਬਿਆਨਾਂ ਨਾਲ ਵੀ ਬਹੁਤ ਕੁੱਝ ਲੁਕਿਆ-ਛਿਪਿਆ ਜਨਤਕ ਹੋ ਗਿਆ ਹੈ। ਰਿਮਾਂਡ ਦੌਰਾਨ ਐਸਆਈਟੀ ਦੇ ਪ੍ਰਮੁੱਖ ਮੈਂਬਰ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਟੀਮ ਵਲੋਂ ਐਸਐਸਪੀ ਚਰਨਜੀਤ ਸ਼ਰਮਾ ਤੋਂ ਕੀਤੀ ਗਈ ਪੁੱਛਗਿੱਛ ਦੌਰਾਨ ਪੁੱਛਿਆ ਗਿਆ ਕਿ ਉਹ ਕਿਸੇ ਅਧਿਕਾਰੀ ਦੇ ਕਹਿਣ 'ਤੇ ਘਟਨਾ ਵਾਲੇ ਦਿਨ ਮੋਗਾ ਤੋਂ ਕੋਟਕਪੂਰਾ ਪੁੱਜੇ ਸਨ, ਕਿਸ ਅਧਿਕਾਰੀ ਦੇ ਹੁਕਮਾਂ 'ਤੇ ਉਨ੍ਹਾਂ ਧਰਨਾਕਾਰੀਆਂ ਵਿਰੁਧ ਤਾਕਤ ਦੀ ਵਰਤੋਂ ਕੀਤੀ।

ਪਹਿਲਾਂ ਪੁਲਿਸ ਵਲੋਂ ਦਰਜ ਕੀਤੀਆਂ ਗਈਆਂ ਦੋ ਐਫਆਈਆਰਾਂ 'ਚ ਪੁਲਿਸ ਦੇ ਬਿਆਨ ਅਤੇ ਪੁਲਿਸ ਅਧਿਕਾਰੀਆਂ ਦੀ ਹਾਜ਼ਰੀ ਨੇ ਜਾਂਚ ਕਮਿਸ਼ਨਾ ਅਤੇ ਐਸਆਈਟੀ ਦਾ ਕੰਮ ਸੁਖਾਲਾ ਕਰ ਦਿੱਤਾ ਪਰ ਜਸਟਿਸ ਜੋਰਾ ਸਿੰਘ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੁਲਿਸ ਵਲੋਂ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਦੇਣ ਤੋਂ ਇਨਕਾਰੀ ਜਾਂ ਬਹਾਨੇਬਾਜ਼ੀ ਦੇ ਚਲਦਿਆਂ ਕਿਸੇ ਨੇ 9 ਨਵੰਬਰ 2018 ਨੂੰ ਡਾਕ ਰਾਹੀਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਪੈਨ ਡਰਾਈਵ ਪਹੁੰਚਾ ਦਿਤੀ, ਜਿਸ ਵਿਚ ਇਕ ਘੰਟੇ ਦੀ ਫ਼ੁਟੇਜ ਸਵੇਰੇ ਕਰੀਬ 6:46 ਵਜੇ ਤੋਂ 7:49 ਤਕ ਕਾਫੀ ਮਹੱਤਵਪੂਰਨ ਜਾਣਕਾਰੀ ਮੁਹਈਆ ਹੁੰਦੀ ਹੈ, ਜਿਸ 'ਚ ਮੌਕੇ 'ਤੇ ਕਈ ਸੀਨੀਅਰ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਦਿਖਾਈ ਦੇ ਰਹੇ ਹਨ।

ਇਸ ਮੌਕੇ ਕੁੱਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚਰਨਜੀਤ ਸ਼ਰਮਾ ਦੇ ਵਕੀਲ ਨਰਿੰਦਰ ਕੁਮਾਰ ਨੇ ਦਸਿਆ ਕਿ ਚਰਨਜੀਤ ਸ਼ਰਮਾ ਨੂੰ ਅੱਜ 2 ਦਿਨ ਦਾ ਪੁਲਿਸ ਰਿਮਾਂਡ ਖ਼ਤਮ ਹੋਣ 'ਤੇ ਮਾਣਯੋਗ ਅਦਾਲਤ ਨੇ 3 ਅਪ੍ਰੈਲ ਤਕ ਜੁਡੀਸ਼ੀਅਲ ਰਿਮਾਂਡ 'ਤੇ ਜੇਲ ਭੇਜਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਮਾਮਲੇ 'ਚ ਜ਼ਮਾਨਤ ਲਈ ਅਪਣੀ ਚਾਰਾਜੋਈ ਕਰਨਗੇ।