ਬੇ-ਮੌਸਮੇ ਮੀਂਹ ਨੇ ਪੰਜਾਬ ‘ਚ ਕਿਸਾਨਾਂ ਦਾ ਕੀਤਾ ਵੱਡਾ ਨੁਕਸਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੂਰਾ ਦੇਸ਼ ਜਿੱਥੇ ਇਕ ਪਾਸੇ ਕਰੋਨਾ ਵਾਇਰਸ ਵਰਗੀ ਖ਼ਤਰਨਾਕ ਮਹਾਂਮਾਰੀ ਨਾਲ ਲੜ ਰਿਹਾ ਹੈ

punjab farmers

ਪੂਰਾ ਦੇਸ਼ ਜਿੱਥੇ ਇਕ ਪਾਸੇ ਕਰੋਨਾ ਵਾਇਰਸ ਵਰਗੀ ਖ਼ਤਰਨਾਕ ਮਹਾਂਮਾਰੀ ਨਾਲ ਲੜ ਰਿਹਾ ਹੈ ਉਥੇ ਹੀ ਪੰਜਾਬ ਵਿਚ ਵੱਖ-ਵੱਖ ਥਾਵਾਂ ਤੇ ਪਏ ਬੇਮੌਸਮੇ ਮੀਂਹ ਨਾਲ ਹੁਣ ਪੰਜਾਬ ਦੇ ਕਿਸਾਨਾਂ ਵਿਚ ਵੀ ਕਾਫੀ ਨਿਰਾਸ਼ਾ ਦਿੱਖ ਰਹੀ ਹੈ। ਅੱਜ ਸੁਕਰਵਾਰ ਨੂੰ ਪਏ ਭਾਰੀ ਮੀਂਹ ਨੇ ਫ਼ਸਲਾਂ ਤਬਾਹ ਕਰਕੇ ਲੰਮੀਆਂ ਪਾ ਦਿੱਤੀਆਂ ਹਨ। ਜਿਸ ਨਾਲ ਕਿਸਾਨਾਂ ਦੀ ਖੇਤੀ 'ਤੇ ਕੀਤੀ ਮਿਹਨਤ ਉੱਤੇ ਮੌਸਮ ਨੇ ਪਾਣੀ ਫ਼ੇਰ ਦਿੱਤਾ ਹੈ। ਦੱਸ ਦੱਈਏ ਕਿ ਜਿਥੇ ਹੁਣ 'ਪੰਜਾਬ ਵਿਚ ਕੁਝ ਸਮੇਂ ਤੱਕ ਕਣਕਾਂ ਪੱਕਣ ਵਾਲੀਆਂ ਹੋਈਆਂ ਖੜ੍ਹੀਆਂ ਹਨ ਉਥੇ ਹੀ ਕਿਸਾਨਾਂ ਨੂੰ ਦੇਸ਼ ਭਰ ਵਿਚ ਕਰਫਿਉ ਲੱਗਣ ਕਾਰਣ ਇਸ ਵਾਰ ਫਸਲਾਂ ਦੀ ਕਟਾਈ ਅਤੇ ਖ੍ਰੀਦ ਵਿਚ ਦੇਰੀ ਹੋਣ ਦੀ ਸੰਭਾਵਨਾ ਵੀ ਲੱਗ ਰਹੀ ਹੈ। ਇਸ ਮੀਂਹ ਨਾਲ ਅਤੇ ਪਿਛਲੇ ਦਿਨੀ ਕਈ ਥਾਵਾਂ ਤੇ ਹੋਈ ਗੜੇਮਾਰੀ ਨੇ ਖ਼ੇਤੀ ਉੱਤੇ ਵੱਡਾ ਅਸਰ ਪਾਇਆ ਹੈ ਕਿਉਂਕਿ ਇਸ ਮੌਸਮ 'ਚ ਆਮ ਤੌਰ 'ਤੇ ਇੱਕ-ਦੋ ਵਾਰ ਹੀ ਮੀਂਹ ਪੈਂਦਾ ਹੈ ਪਰ ਇਸ ਵਾਰ ਕਈ ਦਫ਼ਾ ਮੀਂਹ ਪੈਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਜਿਹੜੀਆਂ ਖੇਤਾਂ ਵਿਚ ਪੱਕਣ ਦੀ ਕਗਾਰ ਤੇ ਖੜ੍ਹੀਆਂ ਸਨ ਉਨ੍ਹਾਂ ਨੂੰ ਕਾਫੀ ਨੁਕਸਾਨ ਹੋਇਆ ਹੈ। ਉਦਾਹਰਣ ਦੇ ਤੌਰ 'ਤੇ ਇਸ ਵੇਲੇ ਆਲੂ ਦੀ ਖ਼ੁਦਾਈ ਦਾ ਸੀਜ਼ਨ ਸੁਰੂ ਹੋ ਜਾਂਦਾ ਹੈ। ਇਸ ਸਮੇਂ ਵੱਧ ਮੀਂਹ ਪੈਣ ਕਾਰਨ ਖ਼ੇਤਾਂ 'ਚ ਆਲੂ ਦੀ ਖ਼ੁਦਾਈ ਨਹੀਂ ਹੋ ਰਹੀ ਅਤੇ ਵਾਰ-ਵਾਰ ਪਾਣੀ ਡਿੱਗਣ ਕਾਰਨ ਆਲੂ ਸੜਨ ਲੱਗਦਾ ਹੈ। ਮੀਂਹ ਦੇ ਨਾਲ-ਨਾਲ ਤੇਜ਼ ਹਵਾ ਚੱਲਣ ਕਰਕੇ ਕਣਕ ਦੀ ਫ਼ਸਲ ਨੂੰ ਵੀ ਨੁਕਸਾਨ ਹੋਇਆ ਹੈ ਕਿਉਂਕਿ ਤੇਜ਼ ਹਵਾ 'ਚ ਕਣਕ ਦੇ ਤਣੇ ਟੁੱਟ ਜਾਂਦੇ ਹਨ ਜਿਸ ਨਾਲ ਕਣਕ ਦਾ ਵਧੀਆ ਵਿਕਾਸ ਨਹੀਂ ਹੁੰਦਾ ਅਤੇ ਇਸ ਕਾਰਨ ਕਿਸਾਨ ਦੀ ਪੈਦਾਵਾਰ ਘੱਟ ਜਾਂਦੀ ਹੈ।

ਦੱਸਣ ਯੋਗ ਹੈ ਕਿ ਇਸ ਮੌਸਮ ਵਿਚ ਜਿਥੇ ਗੜੇਮਾਰੀ, ਤੇਜ਼ ਹਵਾਵਾਂ ਚੱਲਣਾ ਅਤੇ ਤੇਜ਼ ਮੀਂਹ ਨਾਲ ਫਸਲਾਂ ਦੀ ਇੰਨੀ ਤਬਾਹੀ ਹੋਈ ਹੈ ਉਥੇ ਹੀ ਇਸ ਤੋਂ ਬਾਅਦ ਦੂਜੇ ਮੀਂਹ ਨਾਲ ਸਬਜ਼ੀਆਂ ਅਤੇ ਫ਼ਲਾਂ ਦੀਆਂ ਤਿਆਰ ਖੜੀਆਂ ਫ਼ਸਲਾਂ ਨੂੰ ਨੁਕਸਾਨ ਵੀ ਵੱਡਾ ਨਕਸਾਨ ਹੋਇਆ ਹੈ।  ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿੱਥੇ ਕਰੋਨਾ ਵਾਇਰਸ ਦੇ  ਕਾਰਨ ਬਣੇ ਹਲਾਤ ਦੇ ਚਲਦਿਆ ਪਹਿਲਾਂ ਹੀ ਲੋਕਾਂ ਨੂੰ ਆਪਣਾ ਗੁਜਾਰਾ ਕਰਨਾ ਮੁਸ਼ਕਿਲ ਹੋਇਆ ਪਿਆ ਹੈ । ਕੀ ਆਉਣ ਵਾਲੇ ਦਿਨਾਂ ਵਿਚ ਸਬਜ਼ੀਆਂ ਦੀਆਂ ਕੀਮਤਾਂ 'ਤੇ ਇਸ ਦਾ ਅਸਰ ਦਿਖੇਗਾ? ਕਿਹਾ ਜਾ ਰਿਹਾ ਹੈ ਕਿ ਇਸ ਬੇਮੌਸਮੀ ਬਰਸਾਤ ਕਾਰਨ 'ਟਮਾਟਰ, ਗੋਭੀ, ਮਿਰਚ, ਲੱਸਣ, ਭਿੰਡੀ, ਤੋਰੀ, ਖ਼ਰਬੂਜਾ ਅਤੇ ਤਰਬੂਜ਼ ਵਰਗੀਆਂ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਪੂਰੇ ਸਾਲ ਫਸਲ ਨੂੰ ਮਿਹਨਤ ਨਾਲ ਪਾਲਣ ਤੋਂ ਬਾਅਦ ਇਸ ਤਰ੍ਹਾਂ ਦੀ ਬੇਮੌਸਮੀ ਬਰਸਾਤ ਨੇ ਪੰਜਾਬ ਵਿਚ ਕਿਸਾਨਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਲਈ  ਕਿਸਾਨਾਂ ਨੂੰ ਅਰਥਿਕ ਮੰਦਹਾਲੀ ਤੋਂ ਬਚਾਉਣ ਲਈ ਉਨ੍ਹਾਂ ਲਈ ਵਿਸ਼ੇਸ਼ ਪੈਕੇਜ ਤਿਆਰ ਕਰਨਾ ਹੋਵੇਗਾ।