ਕੋਰੋਨਾ ਮਗਰੋਂ ਇਸ ਵਾਰ ਹਨ੍ਹੇਰੀ ਝੱਖੜ ਦੀ ਪਈ ਕਿਸਾਨਾਂ ਤੇ ਮਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਸਰਕਾਰ ਕੋਲ ਲਗਾਈ ਮਦਦ ਦੀ ਗੁਹਾਰ

Ram Singh

ਮਾਨਸਾ( ਪਰਮਦੀਪ ਰਾਣਾ)  ਦੇਸ਼ ਵਿਚ ਜਿੱਥੇ ਕੋਰੋਨਾ ਦੀ ਮਾਰ ਨੇ ਲੋਕਾਂ ਦਾ ਬਜਟ ਹਿਲਾਇਆ ਹੋਇਆ, ਉਥੇ ਹੀ ਹੁਣ ਕੁਦਰਤ ਦੀ ਮਾਰ ਵੀ ਕਿਸਾਨਾਂ ਨੂੰ ਸਹਿਣੀ ਪੈ ਰਹੀ ਹੈ। ਪਿਛਲੇ ਦਿਨੀਂ ਆਈ ਤੇਜ਼ ਹਨ੍ਹੇਰੀ ਨੇ ਕਿਸਾਨਾਂ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਕਿਉਂਕਿ ਇਹ ਹਨ੍ਹੇਰੀ ਤੂਫ਼ਾਨ ਅਜਿਹੇ ਸਮੇਂ ਆਇਆ ਜਦੋਂ ਖੇਤਾਂ ਵਿਚ ਫ਼ਲਾਂ ਅਤੇ ਸਬਜ਼ੀਆਂ ਨੂੰ ਫੁੱਲ ਆਇਆ ਹੋਇਆ ਸੀ, ਜਿਸ ਨੂੰ ਹਨ੍ਹੇਰੀ ਅਤੇ ਬੇਮੌਸਮੀ ਬਰਸਾਤ ਨੇ ਝਾੜ ਕੇ ਰੱਖ ਦਿੱਤਾ। 

ਇਸ ਸਬੰਧੀ ਗੱਲਬਾਤ ਕਰਦਿਆਂ ਜ਼ਿਲ੍ਹਾ ਮਾਨਸਾ ’ਚ ਪੈਂਦੇ ਪਿੰਡ ਚਕੇਰੀਆਂ ਦੇ ਕਿਸਾਨ ਭੋਲਾ ਖ਼ਾਨ ਨੇ ਦੱਸਿਆ ਕਿ ਉਨ੍ਹਾਂ ਕੋਲ 10 ਏਕੜ ਵਿਚ ਅਮਰੂਦਾਂ ਦਾ ਬਾਗ਼ ਹੈ ਅਤੇ ਸਾਰਾ ਪਰਿਵਾਰ ਖੇਤੀ ’ਤੇ ਹੀ ਨਿਰਭਰ ਹੈ ਪਰ ਤੇਜ਼ ਤੂਫ਼ਾਨ ਕਾਰਨ ਸਾਰੇ ਬੂਟਿਆਂ ਦੇ ਫੁੱਲ ਝੜ ਗਏ, ਜਿਸ ਕਾਰਨ ਹੁਣ ਉਨ੍ਹਾਂ ਨੂੰ ਠੇਕਾ ਭਰਨ ਦਾ ਵੀ ਫਿਕਰ ਸਤਾ ਰਿਹਾ ਹੈ। 

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਆਖਿਆ ਕਿ ਇਕ ਪਾਸੇ ਸਰਕਾਰ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਛੱਡ ਕੇ ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਨ ਦੀਆਂ ਅਪੀਲਾਂ ਕਰਦੀ ਹੈ ਪਰ ਦੂਜੇ ਪਾਸੇ ਅਜਿਹੀ ਖੇਤੀ ਕਰਨ ਵਾਲੇ ਕਿਸਾਨਾਂ ਦੀ ਕੋਈ ਮਦਦ ਨਹੀਂ ਕੀਤੀ ਜਾਂਦੀ।

ਉਨ੍ਹਾਂ ਆਖਿਆ ਕਿ ਤੇਜ਼ ਹਨ੍ਹੇਰੀਆਂ ਨੇ ਬੇਰੀਆਂ ਦੇ ਫੁੱਲ ਝਾੜ ਦਿੱਤੇ ਹਨ ਜਿਸ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਸਰਕਾਰ ਨੂੰ ਚਾਹੀਦਾ ਕਿ ਉਹ ਅਜਿਹੇ ਕਿਸਾਨਾਂ ਦੀ ਬਾਂਹ ਫੜੇ। ਦੱਸ ਦਈਏ ਕਿ ਸਰਕਾਰ ਵੀ ਕਿਸਾਨਾਂ ਦੇ ਹੋਏ ਇਸ ਨੁਕਸਾਨ ਤੋਂ ਵਾਕਿਫ਼ ਹੈ ਪਰ ਦੇਖਣਾ ਹੋਵੇਗਾ ਸਰਕਾਰ ਇਸ ਔਖੀ ਘੜੀ ਵਿਚ ਕਿਸਾਨਾਂ ਦੀ ਕੋਈ ਮਦਦ ਕਰਦੀ ਹੈ ਜਾਂ ਨਹੀਂ?