ਬਰਨਾਲਾ 'ਚ BJP ਆਗੂਆਂ ਦਾ ਕਿਸਾਨਾਂ ਵੱਲੋਂ ਵਿਰੋਧ, ਕੀਤੀ ਜਮ ਕੇ ਨਾਅਰੇਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਸਲੇ ਦੇ ਹੱਲ ਲਈ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

Barnala BJP leaders Protest

ਬਰਨਾਲਾ-  ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਤੇਜ ਹੁੰਦਾ ਜਾ ਰਿਹਾ ਹੈ। ਇਸ ਦਰਮਿਆਨ ਅੱਜ  ਬਰਨਾਲਾ ਵਿਖੇ ਭਾਜਪਾ ਦਾ ਸੂਬਾ ਆਗੂ ਪਰਵੀਨ ਬਾਂਸਲ ਵੱਲੋਂ ਪੰਜਾਬ ਸਰਕਾਰ ਦੀ ਚਾਰ ਸਾਲਾਂ ਦੀ ਕਾਰਗੁਜ਼ਾਰੀ 'ਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਅਤੇ ਪ੍ਰੈੱਸ ਕਾਨਫਰੰਸ ਰੱਖੀ ਗਈ ਸੀ। ਬਰਨਾਲਾ ਰੈਸਟ ਹਾਊਸ ਵਿਖੇ ਮੀਟਿੰਗ ਕਰਨ ਆਏ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਅਤੇ ਜ਼ਿਲ੍ਹਾ ਇੰਚਾਰਜ ਵਿਜੇ ਸਿੰਗਲਾ ਬਠਿੰਡਾ ਸਮੇਤ ਹੋਰ ਆਗੂਆਂ ਨੂੰ ਕਿਸਾਨਾਂ ਨੇ ਬੰਦੀ ਬਣਾ ਲਿਆ ਹੈ ਅਤੇ ਜਮ ਕੇ ਨਾਅਰੇਬਾਜੀ ਕਰ ਰਹੇ ਹਨ। ਕਿਸਾਨ ਕੇਂਦਰ ਦੀ ਭਾਜਪਾ ਸਰਕਾਰ ਦਾ ਵਿਰੋਧ ਕਰ ਰਹੇ ਹਨ। 

ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ, ਸੂਬਾ ਆਗੂ ਦਰਸ਼ਨ ਸਿੰਘ ਨੈਣੇਵਾਲ ਸਮੇਤ ਹੋਰ ਆਗੂ ਵੀ ਰੈਸਟ ਹਾਊਸ ਵਿਖੇ ਮੌਜੂਦ ਸਨ। ਇਸ ਘਟਨਾਕ੍ਰਮ ਦੇ ਚੱਲਦਿਆਂ ਵੱਡੀ ਗਿਣਤੀ ਵਿਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਰੈਸਟ ਹਾਊਸ ਵਿਖੇ ਪਹੁੰਚ ਗਏ ਹਨ। ਮਸਲੇ ਦੇ ਹੱਲ ਲਈ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਫਿਰੋਜ਼ਪੁਰ ਪ੍ਰੈੱਸ ਕਲੱਬ ਵਿੱਚ ਬੀਜੇਪੀ ਦੀ ਇਕ ਮਹਿਲਾ ਆਗੂ ਵੱਲੋਂ ਗੁਪਤ ਰੂਪ ਵਿੱਚ ਸੱਦੀ ਪ੍ਰੈੱਸ ਕਾਨਫ਼ਰੰਸ ਉਸ ਵਕਤ ਮੁਲਤਵੀ ਕਰਨੀ ਪਈ, ਜਦੋਂ ਕਿਸਾਨ ਆਗੂਆਂ ਨੂੰ ਇਸ  ਦੀ ਭਿਣਕ ਪੈਂਦਿਆਂ ਹੀ ਉਨ੍ਹਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।