ਨਿਊ ਢੰਡਾਲ ਨਹਿਰ ਵਿਚ ਪਾੜ ਕਾਰਨ ਕਣਕ ਦੀ ਫ਼ਸਲ ’ਚ ਭਰਿਆ ਪਾਣੀ
ਕਿਸਾਨਾਂ ਦੀ ਤਕਰੀਬਨ 200 ਏਕੜ ਖੜੀ ਕਣਕ ਦੀ ਫ਼ਸਲ ਵਿਚ ਭਰਿਆ ਪਾਣੀ
ਸਰਦੂਲਗੜ੍ਹ (ਵਿਨੋਦ ਜੈਨ): ਭਾਖੜਾ ਮੇਨ ’ਚੋਂ ਨਿਕਲਦੀ ਨਿਊ ਢੰਡਾਲ ਨਹਿਰ ’ਚ ਪਾਣੀ ਦੇ ਵੱਧ ਦਬਾਅ ਕਾਰਨ ਪਿੰਡ ਆਹਲੂਪੁਰ ਕੋਲ 20 ਫੁੱਟ ਦਾ ਪਾੜ ਪੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਨਾਲ ਕਿਸਾਨਾਂ ਦੀ ਤਕਰੀਬਨ 200 ਏਕੜ ਖੜੀ ਕਣਕ ਦੀ ਫ਼ਸਲ ਪਾਣੀ ਨਾਲ ਭਰ ਗਈ। ਇਸ ਸਬੰਧੀ ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦਸਿਆ ਕਿ ਹਰਿਆਣਾ ਰਾਜ ਵਿਚੋਂ ਆਉਂਦੀ ਸੁਖਚੈਨ ਨਹਿਰ ਜਿਸ ਨਾਲ ਜ਼ਿਆਦਾਤਰ ਹਰਿਆਣਾ ਰਾਜ ਦੇ ਖੇਤਾਂ ਨੂੰ ਪਾਣੀ ਦੀ ਸਿੰਚਾਈ ਕੀਤੀ ਜਾਂਦੀ ਹੈ ਅਤੇ ਨਿਊ ਢੰਡਾਲ ਨਹਿਰ ਜਿਸ ਨਾਲ ਪੰਜਾਬ ਦੇ ਰਕਬੇ ਦੀ ਸਿੰਚਾਈ ਕੀਤੀ ਜਾਂਦੀ ਹੈ, ਦੀ ਆਪਸ ਵਿਚ ਕਰਾਸਿੰਗ ਪਿੰਡ ਆਹਲੂਪੁਰ ਨੇੜੇ ਹੁੰਦੀ ਹੈ।
ਸੁਖਚੈਨ ਨਹਿਰ ਜੋ ਨਿਊਂ ਢੰਡਾਲ ਨਹਿਰ ਦੇ ਥੱਲੇ ਦੀ ਨਿਕਲਦੀ ਹੈ, ਦੀ ਪੂਰੀ ਤਰ੍ਹਾਂ ਸਫ਼ਾਈ ਨਾ ਹੋਣ ਕਾਰਨ ਨਹਿਰ ਵਿਚ ਰੁੜ ਕੇ ਆਉਂਦੀਆਂ ਲਕੜਾਂ, ਮਰੇ ਜਾਨਵਰ ਅਤੇ ਹੋਰ ਘਾਹ ਫੂਸ ਨਾਲ ਨਿਊਂ ਢੰਡਾਲ ਦੇ ਸਾਈਫ਼ਨ ਵਿਚ ਫਸ ਕੇ ਡੱਕ ਲੱਗ ਗਿਆ ਜਿਸ ਨਾਲ ਪਾਣੀ ਦਾ ਵਹਾਅ ਰੁਕ ਗਿਆ ਅਤੇ ਓਵਰ ਫਲੋਅ ਹੋ ਕੇ ਨਿਊ ਢੰਡਾਲ ਨਹਿਰ ਵਿਚ ਪੈ ਗਿਆ ਅਤੇ ਪਾਣੀ ਦਾ ਦਬਾਅ ਵਧਣ ਕਾਰਨ ਨਹਿਰ ਟੁੱਟ ਗਈ ਜਿਸ ਨਾਲ ਕਿਸਾਨ ਚਤਰ ਸਿੰਘ, ਜੋਗਾ ਸਿੰਘ, ਰਾਜੂ ਸਿੰਘ, ਭਗਵੰਤ ਸਿੰਘ, ਸੁਲਤਾਨਵੀਰ ਸਿੰਘ, ਸਤਨਾਮ ਸਿੰਘ ਅਤੇ ਹੋਰ ਕਈ ਕਿਸਾਨਾਂ ਦੀ ਸੈਂਕੜੇ ਏਕੜ ਖੜੀ ਫ਼ਸਲ ਦਾ ਨੁਕਸਾਨ ਹੋ ਗਿਆ।
ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਸੁਖਚੈਨ ਨਹਿਰ ਦੀ ਪੂਰੀ ਤਰ੍ਹਾਂ ਸਫ਼ਾਈ ਕਰ ਕੇ ਸਾਈਫ਼ਨ ਕੋਲੋਂ ਨਹਿਰ ਨੂੰ ਹੋਰ ਚੌੜਾ ਕੀਤਾ ਜਾਵੇ ਜਿਸ ਨਾਲ ਪਾਣੀ ਦਾ ਵਹਾਅ ਨਿਰਵਿਘਨ ਚਲਦਾ ਰਹੇ। ਮੌਕੇ ਉਤੇ ਪਹੁੰਚੇ ਸਬੰਧਤ ਮਹਿਕਮੇ ਨੇ ਨਿਊ ਢੰਡਾਲ ਨਹਿਰ ਵਿਚ ਜੇਸੀਬੀ ਨਾਲ ਪੁਲ (ਸ਼ਾਇਫਨ) ਦੇ ਕੋਲੋ ਨਹਿਰ ਵਿਚ ਪਾੜ ਲਾ ਕੇ ਸੁਖਚੈਨ ਨਹਿਰ ਦੇ ਪਾਣੀ ਨੂੰ ਮੁੜ ਤੋਂ ਸੁਖਚੈਨ ਨਹਿਰ ਵਿਚ ਪੈਦਾ ਕਰ ਦਿਤਾ ਅਤੇ ਨਿਊ ਢੰਡਾਲ ਦਾ ਪਾਣੀ ਇਕ ਵਾਰ ਬੰਦ ਕਰ ਦਿਤਾ ਗਿਆ।
ਨਹਿਰੀ ਮਹਿਕਮੇ ਦੇ ਐਸਡੀਓ ਗੁਣਦੀਪ ਸਿੰਘ ਨੇ ਕਿਹਾ ਕਿ ਸੁਖਚੈਨ ਨਹਿਰ ਦਾ ਪਾਣੀ ਓਵਰਫ਼ਲੋਅ ਹੋਕੇ ਇਸ ਨਹਿਰ ਵਿਚ ਪੈਣ ਲੱਗ ਗਿਆ ਜਿਸ ਕਰ ਕੇ ਨਿਊ ਢੰਡਾਲ ਨਹਿਰ ਵਿਚ ਜ਼ਿਆਦਾ ਪਾਣੀ ਹੋਣ ਕਰ ਕੇ ਇਹ ਨਹਿਰ ਟੁੱਟ ਗਈ। ਉਨ੍ਹਾਂ ਕਿਹ ਹਰਿਆਣਾ ਨਹਿਰੀ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਰਹੇ ਸਨ। ਜਲਦੀ ਹੀ ਮੁਸ਼ਕਲ ਦਾ ਹੱਲ ਕਰ ਦਿਤਾ ਜਾਵੇਗਾ। ਕਿਸਾਨਾਂ ਵਲੋਂ ਸਬੰਧਤ ਮਹਿਕਮੇ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਨਹਿਰ ਦਾ ਕੋਈ ਸਥਾਈ ਹੱਲ ਕੀਤਾ ਜਾਵੇ।