ਸਾਰੇ ਸਬੂਤ ਹੋਣ ਦੇ ਬਾਵਜੂਦ 'ਆਪ' ਸਰਕਾਰ ਦੋਸ਼ੀਆਂ ਵਿਰੁਧ ਕਿਉਂ ਨਹੀਂ ਕਰਦੀ ਕਾਰਵਾਈ? : ਜਸਕਰਨ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਸਾਰੇ ਸਬੂਤ ਹੋਣ ਦੇ ਬਾਵਜੂਦ 'ਆਪ' ਸਰਕਾਰ ਦੋਸ਼ੀਆਂ ਵਿਰੁਧ ਕਿਉਂ ਨਹੀਂ ਕਰਦੀ ਕਾਰਵਾਈ? : ਜਸਕਰਨ ਸਿੰਘ

image

ਬਰਗਾੜੀ ਮੋਰਚੇ ਦੇ 266ਵੇਂ ਜਥੇ ਵਿਚ ਸ਼ਾਮਲ 14 ਸਿੰਘਾਂ ਨੇ ਦਿਤੀ ਗਿ੍ਫ਼ਤਾਰੀ


ਕੋਟਕਪੂਰਾ, 26 ਮਾਰਚ (ਗੁਰਿੰਦਰ ਸਿੰਘ) : ਭਾਵੇਂ ਪੰਥ ਦਾ ਦਰਦ ਸਮਝਣ ਵਾਲੇ ਵੀਰ-ਭੈਣਾ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਵਾਜਬ ਪ੍ਰਕਿਰਿਆ ਵਿਚ ਅੜਿੱਕਾ ਪਾਉਣ ਬਦਲੇ  ਅਰਵਿੰਦ ਕੇਜਰੀਵਾਲ ਦਾ ਵਿਰੋਧ ਜਾਰੀ ਰਖਿਆ ਪਰ ਪੰਜਾਬ ਵਾਸੀਆਂ ਨੇ ਕਿਸੇ ਆਸ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਨੂੰ  ਤਰਜੀਹ ਦੇ ਦਿਤੀ | ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਅਕਾਲੀ ਦਲ ਮਾਨ ਵਲੋਂ 1 ਜੁਲਾਈ 2021 ਤੋਂ ਸ਼ੁਰੂ ਹੋਏ ਬਰਗਾੜੀ ਮੋਰਚੇ ਦੇ 269ਵੇਂ ਦਿਨ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਹੈਰਾਨੀ ਪ੍ਰਗਟਾਈ ਕਿ ਹੁਣ ਆਮ ਆਦਮੀ ਪਾਰਟੀ ਦੀ ਪੂਰਨ ਬਹੁਮਤ ਵਾਲੀ ਸਰਕਾਰ ਬਣ ਜਾਣ, ਭਗਵੰਤ ਮਾਨ ਕੋਲ ਦੋਸ਼ੀਆਂ ਦਾ ਸਬੂਤਾਂ ਸਮੇਤ ਰਿਕਾਰਡ ਮੌਜੂਦ ਹੋਣ, ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਵਾਲੇ ਕੁੰਵਰਵਿਜੈ ਪ੍ਰਤਾਪ ਸਿੰਘ ਦੇ ਵਿਧਾਇਕ ਬਣਨ ਦੇ ਬਾਵਜੂਦ ਵੀ ਦੋਸ਼ੀਆਂ ਨੂੰ  ਸਜ਼ਾਵਾਂ ਅਤੇ ਪੀੜਤ ਪ੍ਰਵਾਰਾਂ ਨੂੰ  ਇਨਸਾਫ਼ ਨਾ ਮਿਲਣ ਵਾਲੀਆਂ ਗੱਲਾਂ ਤੋਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ 'ਤੇ ਸ਼ੱਕ ਹੋਣਾ ਸੁਭਾਵਕ ਹੈ |
ਉਨ੍ਹਾਂ ਪਾਵਨ ਸਰੂਪ ਚੋਰੀ ਹੋਣ, ਵੰਗਾਰਨ ਵਾਲੇ ਹੱਥ ਲਿਖਤ ਪੋਸਟਰ ਲੱਗਣ, ਬੇਅਦਬੀ ਕਾਂਡ ਨੂੰ  ਅੰਜਾਮ ਦੇਣ, ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਪੁਲਸੀਆ ਅਤਿਆਚਾਰ ਢਾਹੁਣ, ਅਸਲ ਸਬੂਤ ਮਿਟਾ ਕੇ ਨਕਲ ਸਬੂਤ ਪੈਦਾ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ  ਖੁਲ੍ਹ ਦੇਣ, ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਦੋ ਸਿੱਖ ਨੌਜਵਾਨਾਂ ਦੇ ਮਿ੍ਤਕ ਸਰੀਰਾਂ 'ਚੋਂ ਨਿਕਲੀਆਂ ਗੋਲੀਆਂ ਟੈਂਪਰ ਕਰਨ ਵਰਗੀਆਂ ਅਨੇਕਾਂ ਉਦਾਹਰਣਾਂ ਦਿੰਦਿਆਂ ਆਖਿਆ ਕਿ ਅਕਾਲੀ ਦਲ ਬਾਦਲ, ਭਾਜਪਾ ਅਤੇ ਕਾਂਗਰਸ ਨੂੰ  ਬੇਅਦਬੀ ਕਾਂਡ ਦੇ ਮੁੱਦੇ 'ਤੇ ਕਿੱਲ-ਕਿੱਲ ਕੇ ਨਿੰਦਣ ਵਾਲੀ ਆਮ ਆਦਮੀ ਪਾਰਟੀ ਨੂੰ  ਹੁਣ ਦੋਸ਼ੀਆਂ ਵਿਰੁਧ ਕਾਰਵਾਈ ਕਰਨ ਤੋਂ ਦੇਰੀ ਨਹੀਂ ਕਰਨੀ ਚਾਹੀਦੀ | ਮਾ. ਜਗਤਾਰ ਸਿੰਘ ਦਬੜੀਖ਼ਾਨਾ ਮੁਤਾਬਕ ਉਪਜਿੰਦਰ ਸਿੰਘ ਖ਼ਾਲਸਾ, ਪ੍ਰਗਟ ਸਿੰਘ ਮੱਖੂ ਅਤੇ ਬਲਜੀਤ ਸਿੰਘ ਰਾਮੇਆਣਾ ਦੀ ਅਗਵਾਈ 'ਚ ਹਲਕਾ ਜੈਤੋ ਅਤੇ ਜ਼ਿਲ੍ਹਾ ਫ਼ਿਰੋਜ਼ਪੁਰ ਨਾਲ ਸਬੰਧਤ 14 ਸਿੰਘਾਂ ਨੇ ਇਨਸਾਫ਼ ਦੀ ਮੰਗ ਕਰਦਿਆਂ ਨਾਹਰੇਬਾਜ਼ੀ ਕਰ ਕੇ ਗਿ੍ਫ਼ਤਾਰੀ ਦਿਤੀ |