ਚੋਣਾਂ ਦੀ ਹਾਰ ਦਾ ਲੋਕ ਸਭਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਹੋ ਸਕਦੈ ਮੰਥਨ : ਮਨੀਸ਼ ਤਿਵਾੜੀ

ਏਜੰਸੀ

ਖ਼ਬਰਾਂ, ਪੰਜਾਬ

ਚੋਣਾਂ ਦੀ ਹਾਰ ਦਾ ਲੋਕ ਸਭਾ ਸੈਸ਼ਨ ਦੀ ਸਮਾਪਤੀ ਤੋਂ ਬਾਅਦ ਹੋ ਸਕਦੈ ਮੰਥਨ : ਮਨੀਸ਼ ਤਿਵਾੜੀ

image

ਨੰਗਲ, 27 ਮਾਰਚ (ਕੁਲਵਿੰਦਰ ਭਾਟੀਆ):  ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਕਾਂਗਰਸ ਦੀ ਹੋਈ ਇੰਨੀ ਵੱਡੀ ਹਾਰ ਤੋਂ ਬਾਅਦ ਕਾਂਗਰਸ ਨੂੰ ਮੰਥਨ ਕਰਨਾ ਚਾਹੀਦਾ ਹੈ ਕਿ ਇਸ ਦੇ ਕੀ ਕਾਰਨ ਰਹੇ ਤੇ ਇਸ ਸਬੰਧੀ ਸੋਨੀਆ ਗਾਂਧੀ ਰਾਸ਼ਟਰੀ ਪ੍ਰਧਾਨ ਨਾਲ ਗੱਲ ਕੀਤੀ ਗਈ ਹੈ। ਉਨ੍ਹਾਂ ਲੋਕ ਸਭਾ ਸੈਸ਼ਨ ਤੋਂ ਚਿੰਤਨ ਕੈਂਪ ਲਗਾਉਣ ਦੀ ਗੱਲ ਵੀ ਕਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸਥਾਨਕ ਸਤਲੁਜ ਸਦਨ ਵਿਚ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ। 
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਮਜ਼ੋਰ ਹੋਣਾ ਗੰਭੀਰ ਸੰਕਟ ਹੈ ਅਤੇ ਇਸ ਦਾ ਨੁਕਸਾਨ ਦੇਸ਼ ਨੂੰ ਵੀ ਹੈ। ਉਨ੍ਹਾਂ ਕਿਹਾ ਕਿ ਮਈ 2021 ਤਕ ਜਿਹੜੀ ਕਾਂਗਰਸ ਪੰਜਾਬ ਵਿਚੋਂ ਜਿੱਤ ਰਹੀ ਸੀ ਆਖ਼ਰ ਕੀ ਕਾਰਨ ਹੋਇਆ ਕਿ ਫ਼ਰਵਰੀ 2022  ਤਕ ਉਹ  ਇਸ ਹਾਲਾਤ ਵਿਚ ਪਹੁੰਚ ਗਈ। ਉਨ੍ਹਾਂ ਕਿਹਾ ਕਿ ਕੱੁਝ ਸਵਾਲ ਹਨ ਜਿਨ੍ਹਾਂ ਦਾ ਮੰਥਨ ਕਰਨਾ ਜ਼ਰੂਰੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣਾ ਕਿੰਨਾ ਕੁ ਸਹੀ ਸੀ? ਖੜਗੇ ਕਮੇਟੀ ਨੂੰ ਬਣਾਉਣ ਦੀ ਕੀ ਜ਼ਰੂਰਤ ਪਈ ਸੀ? ਪੰਜਾਬ ਦੀ ਇਸ ਬਰਬਾਦੀ ਲਈ ਹਰੀਸ਼ ਰਾਵਤ ਕਿੰਨੇ ਕੁ ਜ਼ਿੰਮੇਵਾਰ ਹਨ? ਸਿੱਧੂ ਨੂੰ ਪ੍ਰਧਾਨ ਬਣਾਉਣ ਦਾ ਫ਼ੈਸਲਾ ਸਹੀ ਸੀ ਜਾਂ ਗ਼ਲਤ? ਕਾਂਗਰਸ ਦੀਆਂ ਟਿਕਟਾਂ ਦੇ ਵੇਲੇ ਹਰੀਸ਼ ਚੌਧਰੀ ਤੇ ਟਿਕਟਾਂ ਵੇਚਣ ਦੇ ਇਲਜ਼ਾਮ ਲੱਗਣੇ ਅਤੇ ਚੋਣਾਂ ਵੇਲੇ ਸੁਨੀਲ ਜਾਖੜ ਵਲੋਂ ਫ਼ਿਰਕੂ ਬਿਆਨਬਾਜ਼ੀ ਕਰਨੀ ਇਹ ਉਹ ਸਵਾਲ ਹਨ ਜਿਨ੍ਹਾਂ ਵਿਚੋਂ ਜਵਾਬ ਮਿਲ ਸਕਦਾ ਹੈ ਕਿ ਅਸੀ 19 ਸੀਟਾਂ ਤੇ ਹੀ ਕਿਉਂ ਸੀਮਤ ਰਹਿ ਗਏ? ਉਨ੍ਹਾਂ ਨੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਵਲੋਂ ਦੋ ਮੈਂਬਰਾਂ ਦੀਆਂ ਸੀਟਾਂ ਖ਼ਤਮ ਕਰਨ ਦੇ ਮਾਮਲੇ ਸਬੰਧੀ ਬੋਲਦਿਆਂ ਕਿਹਾ ਕਿ ਉਨ੍ਹਾਂ ਵਲੋਂ ਲੋਕ ਸਭਾ ਵਿਚ ਵੀ ਇਹ ਮਸਲਾ ਉਠਾਇਆ ਗਿਆ ਹੈ ਅਤੇ ਬੀਤੇ ਦਿਨੀਂ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਮਿਲੇ ਸਨ ਉਨ੍ਹਾਂ ਨੇ ਉਨ੍ਹਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਇਸ ਮਸਲੇ ਨੂੰ ਸੂਬਾ ਪੱਧਰ ’ਤੇ ਉਠਾਉਣ। 
ਇਸ ਮੌਕੇ ਉਨ੍ਹਾਂ ਨਾਲ ਸਮਾਲ ਸਕੇਲ ਇੰਡਸਟਰੀ ਪੰਜਾਬ ਦੇ ਵਾਈਸ ਚੇਅਰਮੈਨ ਪਵਨ ਦੀਵਾਨ, ਸੀਨੀਅਰ ਕਾਂਗਰਸੀ ਆਗੂ ਡਾ ਰਵਿੰਦਰ ਦੀਵਾਨ, ਪ੍ਰਤਾਪ ਸਿੰਘ ਸੈਣੀ ਸਾਬਕਾ ਕੌਂਸਲਰ, ਸੁਨੀਲ ਦੱਤ ਬੰਟੀ, ਰਾਜ ਸਿੰਘ ਨੰਗਲ, ਪ੍ਰਦੀਪ ਸੋਨੀ, ਅਸ਼ੋਕ ਸੈਣੀ ਤੋਂ ਇਲਾਵਾ ਬੀ.ਬੀ.ਐਮ.ਬੀ. ਦੇ ਡਿਪਟੀ ਚੀਫ਼ ਇੰਜੀਨੀਅਰ ਹੁਸਨ ਲਾਲ ਕੰਬੋਜ ਮੁੱਖ ਲੇਖਾ ਅਧਿਕਾਰੀ ਕੇ ਕੇ ਕਚੋਰੀਆ ਆਦਿ ਹਾਜ਼ਰ ਸਨ। 
ਫੋਟੋ ਰੋਪੜ-27-07 ਤੋਂ ਪ੍ਰਾਪਤ ਕਰੋ ਜੀ।