‘ਆਪ’ ਦੀ ਰਿਸ਼ਵਤ ਵਿਰੋਧੀ ਘੁਰਕੀ ਦਾ ਸਰਕਾਰੀ ਦਫ਼ਤਰਾਂ ਵਿਚ ਅਸਰ ਵਿਖਾਈ ਦੇਣ ਲੱਗਾ

ਏਜੰਸੀ

ਖ਼ਬਰਾਂ, ਪੰਜਾਬ

‘ਆਪ’ ਦੀ ਰਿਸ਼ਵਤ ਵਿਰੋਧੀ ਘੁਰਕੀ ਦਾ ਸਰਕਾਰੀ ਦਫ਼ਤਰਾਂ ਵਿਚ ਅਸਰ ਵਿਖਾਈ ਦੇਣ ਲੱਗਾ

image

ਹੁਣ ਅਧਿਕਾਰੀ ਤੇ ਕਰਮਚਾਰੀ ਲੋਕਾਂ ਨੂੰ ਅੜੇ ਕੰਮ ਕਢਵਾਉਣ ਲਈ ਖ਼ੁਦ ਕਰ ਰਹੇ ਹਨ 

ਕੋਟਕਪੂਰਾ, 27 ਮਾਰਚ (ਗੁਰਿੰਦਰ ਸਿੰਘ) : ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਸਰਕਾਰ ਕਦਮ ਦਰ ਕਦਮ ਨਿਭਾਉਣ ਦਾ ਯਤਨ ਕਰ ਰਹੀ ਹੈ ਪਰ ਬਹੁਤੇ ਵਾਅਦੇ ਪੈਸੇ ਨਾਲ ਪੂਰੇ ਹੋਣੇ ਹਨ, ਜਿਸ ਲਈ ਪਹਿਲਾਂ ਖ਼ਜ਼ਾਨਾ ਭਰਨ ਦੀ ਲੋੜ ਹੈ। ਖ਼ਜ਼ਾਨਾ ਤਾਂ ਹੀ ਭਰੇਗਾ ਜੇਕਰ ਚੋਰ ਮੋਰੀਆਂ ਬੰਦ ਕੀਤੀਆਂ ਜਾਣਗੀਆਂ, ਜਿਸ ਲਈ ਸਰਕਾਰ ਯਤਨਸ਼ੀਲ ਜਾਪਦੀ ਹੈ ਪਰ ਸਰਕਾਰ ਦੇ ਕਰਨ ਵਾਲਾ ਸੱਭ ਤੋਂ ਪਹਿਲਾ ਕੰਮ ਹੈ ਵਿਗੜੇ ਸਿਸਟਮ ’ਚ ਸੁਧਾਰ, ਜਿਸ ’ਚ ਰਿਸ਼ਵਤਖੋਰੀ, ਫਰਲੋ, ਲੋਕਾਂ ਦੀ ਦਫ਼ਤਰੀ ਕੰਮਾਂ ’ਚ ਖੱਜਲ-ਖੁਆਰੀ, ਅਫ਼ਸਰਾਂ ਦੀ ਖਰਵੀਂ ਬੋਲਬਾਣੀ ਆਦਿ ਵਿਗੜੇ ਸਿਸਟਮ ਦਾ ਹਿੱਸਾ ਹਨ। ਜਿਸ ਨੂੰ ਸੁਧਾਰਨ ’ਤੇ ਸਰਕਾਰ ਦਾ ਕੋਈ ਖਰਚ ਨਹੀਂ ਆਉਂਦਾ, ਇਸ ਲਈ ਨਾ ਤਾਂ ਕੇਂਦਰ ਸਰਕਾਰ ਜਾਂ ਰਾਜਪਾਲ ਤੋਂ ਕੋਈ ਪ੍ਰਵਾਨਗੀ ਲੈਣੀ ਪੈਂਦੀ ਹੈ ਤੇ ਇਸ ਲਈ ਭਰੇ ਖ਼ਜ਼ਾਨੇ ਦੀ ਜ਼ਰੂਰਤ ਨਹੀਂ। ਇਸ ਵਾਅਦੇ ’ਤੇ ਸਰਕਾਰ ਨੇ ਅਮਲ ਕਰਨ ਦੀ ਪਹਿਲ ਵੀ ਕੀਤੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਇਸ ਸਬੰਧੀ ਦਿੱਤੀ ਘੁਰਕੀ ਦਾ ਅਸਰ ਵੀ ਹੁੰਦਾ ਨਜ਼ਰ ਆ ਰਿਹਾ ਹੈ। 
ਇਸ ਸਬੰਧੀ ਆਮ ਲੋਕਾਂ ਨਾਲ ਗੱਲਬਾਤ ਕਰਨ ’ਤੇ ਇਹ ਗੱਲ ਸਾਹਮਣੇ ਆਈ ਹੈ ਕਿ ਤਕਰੀਬਨ ਸਾਰੇ ਮਹਿਕਮਿਆਂ ਦੇ ਬਾਬੂ ਤੇ ਅਫਸਰਾਂ ਨੇ ਮਿਥੇ ਸਮੇਂ ’ਤੇ ਦਫ਼ਤਰਾਂ ’ਚ ਆਉਣਾ ਸ਼ੁਰੂ ਕਰ ਦਿਤਾ ਹੈ ਅਤੇ ‘ਮਿੱਠੀਆਂ ਮਿਰਚਾਂ’ ਨਾ ਲੈਣ ਦਾ ਪ੍ਰਭਾਵ ਵੀ ਘਟਦਾ ਨਜ਼ਰ ਆ ਰਿਹਾ ਹੈ। ਲੋਕਾਂ ਦੇ ਦਫ਼ਤਰੀ ਕੰਮ ਸਮੇਂ ਸਿਰ ਹੋਣ ਲੱਗੇ ਹਨ ਅਤੇ ਦਫ਼ਤਰੀ ਅਧਿਕਾਰੀਆਂ, ਕਰਮਚਾਰੀਆਂ ਦੀ ਬੋਲਬਾਣੀ ’ਚ ਵੀ ਖੰਡ ਦੀ ਚਾਸ਼ਣੀ ਘੁਲੀ ਨਜ਼ਰ ਆਉਂਦੀ ਹੈ, ਕਿਉਂਕਿ ਹੁਣ ਵੱਖ-ਵੱਖ ਦਫ਼ਤਰਾਂ ਦੇ ਬਾਬੂਆਂ ਨੇ ਕਈ-ਕਈ ਸਾਲਾਂ ਤੋਂ ਪੈਂਡਿੰਗ ਪਏ ਕੰਮਾਂ ਲਈ ਖ਼ੁਦ ਲੋਕਾਂ ਨੂੰ ਫ਼ੋਨ ਕਰਨੇ ਸ਼ੁਰੂ ਕਰ ਦਿਤੇ ਹਨ, ਬੱਸ ਇਕ ਹੀ ਪੁਲਿਸ ਮਹਿਕਮਾ ਹੈ, ਜਿਸ ਦੀ ਬੋਲਬਾਣੀ ’ਚ ਅਜੇ ਪੂਰਾ ਸੁਧਾਰ ਨਹੀਂ ਹੋਇਆ। ਜੇਕਰ ‘ਆਪ’ ਸਰਕਾਰ ਇਸ ਮਹਿਕਮੇ ’ਚ ਬਦਲਾਅ ਲਿਆਉਣ ’ਚ ਸਫ਼ਲ ਹੋ ਗਈ ਤਾਂ ਸਮਝੋ ਪੰਜਾਬ ਦਾ ਸਿਸਟਮ ਪੂਰੀ ਤਰ੍ਹਾਂ ਸੁਧਰ ਗਿਆ।
 ਗੱਲ ਕਰੀਏ ਮਾਲ ਮਹਿਕਮੇ ਦੀ ਤਾਂ ਇਸ ’ਚ ਵੀ ਅਜੇ ਕੱੁਝ ਪਟਵਾਰੀ, ਤਹਿਸੀਲਦਾਰ ਅਜਿਹੇ ਹਨ, ਜਿਨ੍ਹਾਂ ’ਤੇ ਇੰਜੈਕਸ਼ਨ ਦਾ ਅਸਰ ਹੌਲੀ-ਹੌਲੀ ਹੋਵੇਗਾ, ਕਿਉਂਕਿ ਇਸ ਵਿਭਾਗ ਦਾ ਚੇਨ ਲਿੰਕ ਵਿਚੋਲਿਆਂ ਰਾਹੀਂ ਹੈ, ਜੋ ਅਜੇ ਵੀ ਲੋਕਾਂ ਤੋਂ ਵਿੰਗੇ-ਟੇਢੇ ਢੰਗ ਨਾਲ ਰਿਸ਼ਵਤ ਦੀ ਦਲਾਲੀ ਕਰ ਰਹੇ ਹਨ। ਜਿਥੋਂ ਤਕ ਸਿਹਤ ਵਿਭਾਗ ਅਤੇ ਅਧਿਆਪਕ ਵਰਗ ਦੀ ਗੱਲ ਹੈ। ਉਹ ਅਪਣੇ ਸਮੇਂ ’ਤੇ ਡਿਊਟੀਆਂ ਤਾਂ ਸੰਭਾਲ ਰਹੇ ਹਨ ਪਰ ਹਸਪਤਾਲਾਂ ’ਚ ਦਵਾਈਆਂ, ਡਾਕਟਰੀ ਸਾਜੋ-ਸਮਾਨ, ਲੈਬ, ਟੈਸਟ ਮਸ਼ੀਨਾਂ ਦੀ ਵੱਡੀ ਘਾਟ ਹੈ, ਜਿਸ ਕਰ ਕੇ ਪ੍ਰਾਈਵੇਟ ਲੁੱਟ ਉਦੋਂ ਤਕ ਬੰਦ ਨਹੀਂ ਹੋ ਸਕਦੀ ਜਦ ਤਕ ਹਸਪਤਾਲਾਂ ਨੂੰ ਸਾਰੀਆਂ ਲੋੜੀਂਦੀਆਂ ਚੀਜ਼ਾਂ ਦੀ ਪਹੁੰਚ ਨਹੀਂ ਕੀਤੀ ਜਾਂਦੀ। ਸਕੂਲਾਂ ’ਚ ਵੀ ਕਈ ਥਾਈਂ ਇਮਾਰਤਾਂ ਖਸਤਾ ਹਾਲਤ ’ਚ ਹਨ। 
ਡੈਸਕ ਅਤੇ ਸਟਾਫ਼ ਸਮੇਤ ਅਧਿਆਪਕ ਤਕ ਪੂਰੇ ਨਹੀਂ। ਸਰਕਾਰੀ ਸਕੂਲਾਂ ’ਚ ਬੱਚਿਆਂ ਦੇ ਦਾਖ਼ਲੇ ਤਾਂ ਹੀ ਵਧਾਏ ਜਾ ਸਕਣਗੇ, ਜੇਕਰ ਸਕੂਲਾਂ ਵਿਚਲੀਆਂ ਕਮੀਆਂ ਦੂਰ ਕੀਤੀਆਂ ਜਾਣਗੀਆਂ। ਫਿਰ ਵੀ ਸਿਸਟਮ ਦੇ ਸੁਧਾਰ ਵਾਲੇ ਪਾਸੇ ਸਰਕਾਰ ਵਲੋਂ ਕੀਤੀ ਪਹਿਲਕਦਮੀ ਦੀ ਲੋਕ ਸ਼ਲਾਘਾ ਕਰ ਰਹੇ ਹਨ।