'ਆਪ' ਸਰਕਾਰ ਹੁਣ ਵਿਧਾਇਕਾਂ ਦੇ ਰੋਜ਼ਾਨਾ ਭੱਤੇ ਕੰਟਰੋਲ ਕਰਨ ਲੱਗੀ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਸਰਕਾਰ ਹੁਣ ਵਿਧਾਇਕਾਂ ਦੇ ਰੋਜ਼ਾਨਾ ਭੱਤੇ ਕੰਟਰੋਲ ਕਰਨ ਲੱਗੀ

image


ਸਾਲਾਨਾ ਤਨਖ਼ਾਹ 11 ਕਰੋੜ, ਉਤੋਂ ਭੱਤੇ 4 ਕਰੋੜ

ਚੰਡੀਗੜ੍ਹ, 26 ਮਾਰਚ (ਜੀ.ਸੀ. ਭਾਰਦਵਾਜ) : 'ਆਪ' ਦੀ ਭਗਵੰਤ ਮਾਨ ਸਰਕਾਰ ਨੇ ਸਾਬਕਾ 225 ਵਿਧਾਇਕਾਂ ਨੂੰ  ਇਕ ਟਰਮ ਤੋਂ ਵੱਧ ਮਿਲ ਰਹੀ ਪੈਨਸ਼ਨ ਬੰਦ ਕਰ ਕੇ ਲੋਕਾਂ ਦੀ ਪ੍ਰਸ਼ੰਸਾ ਖੱਟ ਲਈ ਹੈ ਪਰ ਪੁਰਾਣੇ ਧੁਰੰਦਰ ਤਿੰਨ ਤਿੰਨ, ਚਾਰ-ਚਾਰ ਤੇ ਛੇ ਛੇ ਟਰਮ ਦੀ ਲੱਖਾਂ ਵਿਚ ਮਾਸਿਕ ਪੈਨਸ਼ਨ ਪ੍ਰਾਪਤੀ ਸਾਬਕਾ ਵਿਧਾਇਕਾਂ ਤੇ ਉਨ੍ਹਾਂ ਦੇ ਪ੍ਰਵਾਰਾਂ ਨੂੰ  ਸੁੰਨ ਕਰ ਦਿਤਾ ਹੈ |
ਮੁੱਖ ਮੰਤਰੀ ਨੇ ਦਸਿਆ ਕਿ ਲਗਭਗ 80 ਕਰੋੜ ਦੀ ਬਚੱਤ ਹੋਵੇਗੀ | ਰੋਜ਼ਾਨਾ ਸਪੋਕਸਮੈਨ ਨੇ ਇਸ ਮੁੱਦੇ 'ਤੇ ਜਦੋਂ ਕਾਂਗਰਸੀ, ਅਕਾਲੀ ਦਲ ਅਤੇ ਬੀਜੇਪੀ ਸਮੇਤ ਖੱਬੇ ਪੱਖੀ ਕਮਿਊਨਿਸਟ ਪਾਰਟੀ ਦੇ ਕਈ 70-75-80 ਸਾਲਾ ਸਾਬਕਾ ਮੰਤਰੀਆਂ ਨਾਲ ਵਿਚਾਰ ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੇ ਮੁੱਖ ਮੰਤਰੀ ਨੇ ਵਾਹ ਵਾਹ ਤਾਂ ਖੱਟ ਲਈ ਪਰ ਸਹੀ ਕਦਮ ਤਾਂ ਉਸ ਵੇਲੇ ਕਿਹਾ ਜਾਵੇਗਾ ਜਦੋਂ 117 ਵਿਚੋਂ ਮੌਜੂਦਾ 92 ਵਿਧਾਇਕਾਂ, ਮੰਤਰੀ ਸਪੀਕਰ ਛੱਡ ਕੇ ਤਨਖ਼ਾਹਾਂ ਤੇ ਰੋਜ਼ਾਨਾ ਭੱਤਿਆਂ ਤੇ ਕੱਟ ਮਾਰਿਆ ਜਾਵੇਗਾ | ਵਿਧਾਇਕਾਂ ਦੀਆਂ ਸਰਕਾਰੀ ਗੱਡੀਆਂ ਦੇ ਪਟਰੌਲ, ਡੀਜ਼ਲ, ਬਿਨਾਂ ਰਸੀਦ ਜਾਂ ਟਿਕਟ ਦੇ ਸਾਲਾਨਾ 3 ਲੱਖ ਦਾ ਵਿਦੇਸ਼ੀ ਹਵਾਈ ਸਫ਼ਰ, ਕਮੇਟੀ ਮੀਟਿੰਗਾਂ ਵਿਚ ਹਾਜ਼ਰੀ ਭਰਨ ਲਈ ਲੱਖਾਂ ਕਰੋੜਾਂ ਦੇ ਟੀਏ. ਡੀ ਏ ਉਪਰ ਕੱਟ ਲਾਇਆ ਜਾਵੇ |
ਵਿਧਾਨ ਸਭਾ ਸਕੱਤਰੇਤ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸਰਕਾਰ ਵਲੋਂ ਦਿਤੇ 52-55 ਕਰੋੜ ਸਾਲਾਨਾ ਬਜਟ ਵਿਚੋਂ 11 ਕਰੋੜ ਵਿਧਾਇਕਾਂ ਦੀ ਤਨਖ਼ਾਹ 'ਤੇ 4 ਕਰੋੜ ਦੇ ਲਗਭਗ ਸਫ਼ਰ ਭੱਤੇ 'ਤੇ ਇੰਨਾ ਹੀ ਪਟਰੌਲ ਡੀਜ਼ਲ ਅਤੇ ਵਿਧਾਨ ਸਭਾ ਦੀਆਂ ਕਮੇਟੀਆਂ ਦੀਆਂ ਹਫ਼ਤਾਵਾਰੀ ਬੈਠਕਾਂ ਦੇ ਪ੍ਰਬੰਧਨ 'ਤੇ ਖ਼ਰਚ ਹੁੰਦਾ ਹੈ | ਜ਼ਿਕਰਯੋਗ ਹੈ ਕਿ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਪਿਛਲੇ ਸਾਲ 4 ਨਵੀਆਂ ਕਮੇਟੀਆਂ ਯਾਨੀ
ਸਿਲੈਕਟ ਕਮੇਟੀ ਬਿਲ ਵਾਸਤੇ, ਨਿਯਮਾਂ ਲਈ ਕਮੇਟੀ, ਖੇਤੀਬਾੜੀ ਨਾਲ ਸਬੰਧਤ ਕਮੇਟੀ ਅਤੇ ਸਹਿਕਾਰਤਾ ਵਿਭਾਗ ਕਮੇਟੀ ਗਠਤ ਕਰ ਦਿਤੀ | ਇਸ ਸਾਲ ਨਵੇਂ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਆਉਂਦੇ ਕੁੱਝ ਦਿਨਾਂ ਵਿਚ 15 ਕਮੇਟੀਆਂ ਦੀ ਥਾਂ 19 ਕਮੇਟੀਆਂ ਵਿਚ ਕੁਲ 117 ਵਿਧਾਇਕਾਂ ਵਿਚੋਂ 11 ਮੰਤਰੀ
ਤੇ 1 ਸਪੀਕਰ ਛੱਡ ਕੇ ਬਾਕੀ 105 ਵਿਧਾਇਕਾਂ ਨੂੰ  ਅਡਜਸਟ ਕਰਨਗੇ | ਡਿਪਟੀ ਸਪੀਕਰ ਤੇ ਵਿਰੋਧੀ ਧਿਰ ਦੇ ਨੇਤਾ ਜਦੋਂ ਤੈਅ ਹੋ ਜਾਣਗੇ ਤਾਂ 103 ਵਿਧਾਇਕ, ਇਨ੍ਹਾਂ ਕਮੇਟੀਆਂ ਦੇ ਮੈਂਬਰ ਹੋਣਗੇ | ਪਿਛਲੇ 50 ਕੁ ਸਾਲਾਂ ਤੋਂ ਹਰ ਪਾਰਟੀ ਦੇ ਵਿਧਾਇਕਾਂ ਇਨ੍ਹਾਂ ਕਮੇਟੀਆਂ ਦੇ ਮੈਂਬਰਾਂ ਵਜੋਂ ਹਫ਼ਤਾਵਾਰੀ ਕਮੇਟੀ ਬੈਠਕਾਂ ਵਿਚ ਸਿਰਫ਼ 5-7 ਮਿੰਟ ਹਾਜ਼ਰੀ ਭਰਨ ਦਾ ਲੱਖਾਂ ਰੁਪਏ ਟੀ.ਏ, ਡੀ.ਏ. ਕਮਾਉਂਦੇ ਹਨ | ਇਹ ਕਮੇਟੀ ਮੀਟਿੰਗ ਚੰਡੀਗੜ੍ਹ, ਸ਼ਿਮਲਾ, ਦਿੱਲੀ ਜਾਂ ਮੁਲਕ ਦੇ ਕਿਸੇ ਹੋਰ ਸ਼ਹਿਰਾਂ ਵਿਚ ਕੀਤੀਆਂ ਜਾਂਦੀਆਂ ਹਨ | ਇਨ੍ਹਾਂ ਦੀ ਰੀਪੋਰਟ ਦੋ ਦੋ ਸਾਲਾਂ ਮਗਰੋਂ ਛਪਦੀ ਹੈ | ਸਾਰਥਕ ਨਤੀਜਾ ਕੋਈ ਨਹੀਂ ਨਿਕਲਦਾ | ਹਰ ਹਫ਼ਤੇ ਮੰਗਲਵਾਰ ਤੇ ਸ਼ੁਕਰਵਾਰ ਬੈਠਕ ਤੈਅ ਹੁੰਦੀ ਹੈ | 5 ਮਿੰਟ ਲਈ ਕੇਵਲ ਰਜਿਸਟਰ 'ਤੇ ਦਸਤਖ਼ਤ ਕਰਨ ਦਾ ਇਕ ਮੈਂਬਰ ਵਿਧਾਇਕ,ਸੋਮਵਾਰ ਮੰਗਲਵਾਰ ਤੇ ਬੁਧਵਾਰ 3 ਦਿਨ ਦਾ ਭੱਤਾ, 1500 ਰੁਪਏ ਰੋਜ਼ਾਨਾ ਅਤੇ ਸਰਕਾਰੀ ਗੱਡੀ ਵਰਤਣ ਤੋਂ ਇਲਾਵਾ 15 ਰੁਪਏ ਪ੍ਰਤੀ ਕਿਲੋਮੀਟਰ ਅਪਣੇ ਹਲਕੇ ਤੋਂ ਚੰਡੀਗੜ੍ਹ ਆਉਣ ਤੇ ਵਾਪਸ ਜਾਣ ਦਾ ਪ੍ਰਾਪਤ ਕਰਦਾ ਹੈ |
ਇਸੇ ਤਰ੍ਹਾਂ ਸ਼ੁਕਰਵਾਰ ਵਾਲੀ ਕਮੇਟੀ ਮੀਟਿੰਗ ਵਿਚ ਕੇਵਲ ਹਾਜ਼ਰੀ ਭਰਨ ਲਈ ਇਹ ਵਿਧਾਇਕ ਫਿਰ ਵੀਰਵਾਰ, ਸ਼ੁਕਰਵਾਰ, ਸਨਿਚਰਵਾਰ ਦਾ 3 ਦਿਨਾਂ ਪੂਰੇ ਭੱਤੇ ਕਲੇਮ ਕਰਦਾ ਹੈ | ਇਕ ਅੰਦਾਜ਼ੇ ਅਨੁਸਾਰ 84000 ਮਹੀਨੇ ਦੀ ਤਨਖ਼ਾਹ ਲੈਣ ਵਾਲਾ ਇਕ ਵਿਧਾਇਕ ਪ੍ਰਤੀ ਮਹੀਨੇ, 4 ਹਫ਼ਤਿਆਂ ਵਿਚ ਕਮੇਟੀ ਮੀਟਿੰਗਾਂ ਵਿਚ ਹਾਜ਼ਰੀ ਭਰਨ ਦੇ ਬਦਲੇ 55,000 ਤੋਂ 65,000 ਰੁਪਏ ਬਤੌਰ ਭੱਤੇ ਕਮਾਈ ਕਰਦਾ ਹੈ | ਵਿਧਾਨ ਸਭਾ ਸਕੱਤਰੇਤ ਦੇ 15 ਮਈ 2015 ਦੇ ਜਾਰੀ 5 ਸਫ਼ਿਆਂ ਦੇ ਸਰਕਾਰੀ ਸਰਕੂਲਰ ਮੁਤਾਬਕ ਇਕ ਵਿਧਾਇਕ ਹਰ ਮਹੀਨੇ 25000 ਬੇਸਕ ਤਨਖ਼ਾਹ 5000 ਰੁਪਏ ਕੰਪਨਸੇਟਰੀ ਭੱਤਾ 25000 ਹਲਕਾ ਭੱਤਾ, 10000 ਦਫ਼ਤਰੀ ਖ਼ਰਚਾ, 3000 ਚਾਹ ਪਾਣੀ ਦਾ, 1000 ਪਾਣੀ ਬਿਜਲੀ ਦਾ, 15000 ਟੈਲੀਫ਼ੋਨ ਵਾਸਤੇ, 10000 ਸਕੱਤਰੇਤ ਭੱਤਾ, 15 ਰੁਪਏ ਪ੍ਰਤੀ ਕਿਲੋਮੀਟਰ ਸਫ਼ਰ ਭੱਤਾ ਅਤੇ 1500 ਰੁਪਏ ਰੋਜ਼ਾਨਾ ਭੱਤਾ ਦਾ ਹੱਕਦਾਰ ਹੁੰਦਾ ਹੈ |
ਇਨ੍ਹਾਂ ਤਨਖ਼ਾਹ ਭੱਤਿਆਂ ਤੋਂ ਇਲਾਵਾ ਇਕ ਐਮਐਲਏ ਨੂੰ  ਸਰਕਾਰੀ ਫਲੈਟ ਮੁਫ਼ਤ ਮੈਡੀਕਲ ਸਹੂਲਤ, ਹਵਾਈ ਯਾਤਰਾ 3 ਲੱਖ ਰੁਪਏ ਤਕ, ਮਕਾਨ ਬਣਾਉਣ ਲਈ 50 ਲੱਖ ਤਕ ਕਰਜ਼, 15 ਲੱਖ ਕਰਜ਼ਾ ਕਾਰ ਖ਼ਰੀਦਣ ਅਤੇ ਪ੍ਰਵਾਰਕ ਮੈਂਬਰ ਦੇ ਅਕਾਲ ਚਲਾਣੇ 'ਤੇ 5 ਲੱਖ ਦੀ ਮਦਦ ਮਿਲ ਜਾਂਦੀ ਹੈ | ਨਵੇਂ ਫ਼ੈਸਲੇ ਤੋਂ ਪੀੜਤ ਸਾਬਕਾ ਵਿਧਾਇਕਾਂ ਦਾ ਕਹਿਣਾ ਹੈ ਕਿ ਮੌਜੂਦਾ ਨਵੇਂ ਚੁਣੇ ਵਿਧਾਇਕਾਂ ਦੀਆਂ ਬੇਸ਼ੁਮਾਰ ਸਹੂਲਤਾਂ 'ਤੇ ਵੀ ਕੱਟ ਲਗਣਾ ਜ਼ਰੂਰੀ ਹੈ |